ਸਟੇਟ ਬਿਊਰੋ, ਸ੍ਰੀਨਗਰ : ਨੈਸ਼ਨਲ ਕਾਨਫਰੰਸ ਦੇ ਕਾਰਜਕਾਰੀ ਪ੍ਰਧਾਨ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਤਵਾਦੀ ਜਮਾਤਾਂ ਵਿਚ ਸਥਾਨਕ ਨੌਜਵਾਨਾਂ ਦੀ ਵਧਦੀ ਗਿਣਤੀ ਨੂੰ ਚਿੰਤਾ ਦਾ ਵਿਸ਼ਾ ਦੱਸਿਆ ਹੈ। ਉਨ੍ਹਾਂ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਹੈ ਕਿ ਦੋ ਸਾਲ ਪਹਿਲਾਂ ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਨਾਲ ਨੌਜਵਾਨਾਂ ਵਿਚ ਅੱਤਵਾਦੀ ਬਣਨ ਦਾ ਰੁਝਾਨ ਵਧਣ ਲਈ ਉਹੀ ਦੋਸ਼ੀ ਹਨ।

ਉਮਰ ਨੇ ਸ਼ੋਪੀਆਂ 'ਚ ਐਤਵਾਰ ਨੂੰ 12 ਅੱਤਵਾਦੀਆਂ ਦੀ ਮੌਤ 'ਤੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਮਾਰੇ ਗਏ ਅੱਤਵਾਦੀਆਂ ਵਿਚੋਂ 11 ਦੇ ਸਥਾਨਕ ਹੋਣ ਦੀ ਪੱਕੀ ਖ਼ਬਰ ਹੈ। ਇਕ ਹੋਰ, ਜਿਸ ਦੀ ਹਾਲੇ ਪਛਾਣ ਨਹੀਂ ਹੋ ਸਕੀ ਹੈ, ਦੇ ਵੀ ਸਥਾਨਕ ਹੋਣ ਦੀ ਸੰਭਾਵਨਾ ਹੈ। ਨਵੀਂ ਦਿੱਲੀ ਵਿਚ ਬੈਠੇ ਲੋਕ ਸ਼ਾਇਦ ਇਸ ਤੋਂ ਚਿੰਤਤ ਨਜ਼ਰ ਨਹੀਂ ਆਉਂਦੇ, ਪਰ ਮੈਂ ਇਸ ਤੋਂ ਜ਼ਰੂਰ ਚਿੰਤਤ ਹਾਂ।

ਉਨ੍ਹਾਂ ਇਕ ਹੋਰ ਟਵੀਟ 'ਚ ਲਿਖਿਆ ਹੈ ਕਿ ਮਹਿਬੂਬਾ ਮੁਫ਼ਤੀ ਦੀ ਸਭ ਤੋਂ ਵੱਡੀ ਅਸਫਲਤਾ, ਅੱਤਵਾਦੀ ਸੰਗਠਨਾਂ ਵਿਚ ਕਸ਼ਮੀਰੀ ਨੌਜਵਾਨਾਂ ਦੀ ਭਰਤੀ 'ਚ ਆਈ ਤੇਜ਼ੀ ਹੈ। ਉਮਰ ਨੇ ਕਿਹਾ ਕਿ ਕਸ਼ਮੀਰ 'ਚ ਐਤਵਾਰ ਦਾ ਦਿਨ ਬਹੁਤ ਖ਼ੂਨ-ਖਰਾਬੇ ਵਾਲਾ ਰਿਹਾ ਹੈ। 12 ਅੱਤਵਾਦੀ ਮਾਰੇ ਗਏ ਪਰ ਇਸ ਲਈ ਬਹੁਤ ਵੱਡੀ ਕੀਮਤ ਚੁਕਾਉਣੀ ਪਈ ਹੈ। ਤਿੰਨ ਫ਼ੌਜੀ ਮੁਲਾਜ਼ਮ ਆਪਣੇ ਫਰਜ਼ ਨੂੰ ਅੰਜਾਮ ਦਿੰਦੇ ਹੋਏ ਸ਼ਹੀਦ ਹੋ ਗਏ ਅਤੇ ਚਾਰ ਪ੍ਰਦਰਸ਼ਨਕਾਰੀ ਮੁਕਾਬਲੇ ਵਾਲੇ ਸਥਾਨ 'ਤੇ ਪ੍ਰਦਰਸ਼ਨ ਦੌਰਾਨ ਮਾਰੇ ਗਏ ਹਨ। ਉਮਰ ਨੇ ਮਹਿਬੂਬਾ ਦੇ ਦਿੱਲੀ ਦੌਰੇ 'ਤੇ ਵੀ ਇਤਰਾਜ਼ ਪ੍ਰਗਟਾਇਆ। ਉਮਰ ਨੇ ਇਕ ਹੋਰ ਟਵੀਟ 'ਚ ਲਿਖਿਆ ਹੈ ਕਿ ਐਤਵਾਰ ਨੂੰ ਮਾਰੇ ਗਏ ਸਾਰੇ ਸਥਾਨਕ ਅੱਤਵਾਦੀ, ਜੁਲਾਈ 2016 ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਅੱਤਵਾਦੀ ਬੁਰਹਾਨ ਦੀ ਮੌਤ ਤੋਂ ਬਾਅਦ ਹੀ ਅੱਤਵਾਦੀ ਬਣੇ ਸਨ।

ਉਮਰ ਦੇ ਇਸ ਟਵੀਟ 'ਤੇ ਸੱਤਾਧਾਰੀ ਪੀਪਲਜ਼ ਡੈਮੋਯੇਟਿਕ ਪਾਰਟੀ (ਪੀਡੀਪੀ) ਵੱਲੋਂ ਸਿਰਫ ਆਰ ਐਂਡ ਬੀ ਮੰਤਰੀ ਨਈਮ ਅਖ਼ਤਰ ਹੀ ਜਵਾਬ ਦਿੰਦੇ ਨਜ਼ਰ ਆਏ। ਨਈਮ ਨੇ ਉਮਰ ਦਾ ਜਵਾਬ ਦਿੰਦੇ ਹੋਏ ਟਵੀਟ ਕੀਤਾ ਕਿ ਮੁੱਖ ਮੰਤਰੀ ਹਾਲਾਤ 'ਤੇ ਨਜ਼ਰ ਰੱਖੇ ਹੋਏ ਹਨ।