ਅਹਿਮਦਾਬਾਦ (ਪੀਟੀਆਈ) : ਗੁਜਰਾਤ ਹਾਈ ਕੋਰਟ ਨੇ ਸੋਮਵਾਰ ਤੋਂ ਆਪਣੀ ਇਕ ਅਦਾਲਤ (ਬੈਂਚ) ਦੀ ਕਾਰਵਾਈ ਦਾ ਪ੍ਰੀਖਣ (ਟ੍ਰਾਇਲ) ਦੇ ਆਧਾਰ 'ਤੇ ਸਿੱਧਾ ਪ੍ਰਸਾਰਣ (ਲਾਈਵ ਸਟ੍ਰੀਮਿੰਗ) ਸ਼ੁਰੂ ਕਰ ਦਿੱਤਾ। ਮੁੱਖ ਜੱਜ ਵਿਕਰਮ ਨਾਥ ਨੇ ਇਕ ਆਦੇਸ਼ ਵਿਚ ਕਿਹਾ, ਜਿਹੜਾ ਵੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਦੇਖਣਾ ਚਾਹੁੰਦਾ ਹੈ, ਉਹ ਗੁਜਰਾਤ ਹਾਈ ਕੋਰਟ ਦੀ ਵੈੱਬਸਾਈਟ ਦੇ ਹੋਮ ਪੇਜ 'ਤੇ ਜਾ ਕੇ ਯੂ-ਟਿਊਬ ਚੈਨਲ ਦੇ ਲਿੰਕ ਨੂੰ ਐਕਸੈੱਸ ਕਰ ਸਕਦਾ ਹੈ। ਆਦੇਸ਼ ਮੁਤਾਬਕ, ਹਾਈ ਕੋਰਟ ਦੇ ਬੈਂਚ ਦੀ ਗਿਣਤੀ-ਇਕ (ਪਹਿਲੀ ਅਦਾਲਤ) ਦੀ ਕਾਰਵਾਈ ਦਾ ਸਿਰਫ਼ ਪ੍ਰਰੀਖਣ ਦੇ ਆਧਾਰ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ ਪ੍ਰੀਖਣ ਦੇ ਸਿੱਟਿਆਂ ਦੇ ਆਧਾਰ 'ਤੇ ਹੀ ਇਸ ਨੂੰ ਜਾਰੀ ਰੱਖਣ ਦੇ ਪਹਿਲੂ ਜਾਂ ਸਿੱਧੀ ਅਦਾਲਤੀ ਕਾਰਵਾਈ ਦੇ ਤੌਰ-ਤਰੀਕਿਆਂ ਨੂੰ ਅਪਣਾਉਣ 'ਤੇ ਫ਼ੈਸਲਾ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਲਾਗੂ ਰਾਸ਼ਟਰ ਪੱਧਰੀ ਲਾਕਡਾਊਨ ਤੋਂ ਬਾਅਦ 24 ਮਾਰਚ ਤੋਂ ਹਾਈ ਕੋਰਟ ਦੀਆਂ ਸਾਰੀਆਂ ਬੈਂਚਾਂ ਵੀਡੀਓ ਕਾਨਫਰੰਸਿੰਗ ਜ਼ਰੀਏ ਹੀ ਸੁਣਵਾਈ ਕਰ ਰਹੀਆਂ ਹਨ। ਮੁੱਖ ਜੱਜ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਈ-ਕਮੇਟੀ ਵੱਲੋਂ ਨਿਰਧਾਰਤ ਮਾਡਲ ਵੀਡੀਓ ਕਾਨਫਰੰਸਿੰਗ ਨਿਯਮਾਂ ਵਿਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕਰਵਾਈ ਅਦਾਲਤੀ ਕਾਰਵਾਈ ਦੇਖਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਅਦਾਲਤੀ ਕਾਰਵਾਈ ਦੇ ਸਿੱਧੇ ਪ੍ਰਸਾਰਣ ਦਾ ਨਿਰਦੇਸ਼ ਵੀ ਦਿੱਤਾ ਸੀ ਅਤੇ ਗੁਜਰਾਤ ਹਾਈ ਕੋਰਟ ਨੇ ਮੀਡੀਆ ਮੁਲਾਜ਼ਮਾਂ ਲਈ ਸਿੱਧੇ ਪ੍ਰਸਾਰਣ ਦੇ ਤੌਰ-ਤਰੀਕੇ ਤੈਅ ਕਰਨ ਲਈ ਕਿਹਾ ਸੀ।