ਨਵੀਂ ਦਿੱਲੀ (ਪੀਟੀਆਈ) : ਨੈਸ਼ਨਲ ਗਰੀਨ ਟਿ੍ਬਿਊਨਲ (ਐੱਨਜੀਟੀ) ਨੇ ਕਿਹਾ ਕਿ ਵਿਸ਼ਾਖਾਪਟਨਮ ਸਥਿਤ ਦੱਖਣੀ ਕੋਰੀਆਈ ਕੰਪਨੀ ਐੱਲਜੀ ਪਾਲੀਮਰਜ਼ ਇੰਡੀਆ ਦੇ ਪਲਾਂਟ 'ਚ ਗੈਸ ਰਿਸਣ ਕਾਰਨ ਲੋਕਾਂ ਦੀ ਮੌਤ ਤੇ ਸਿਹਤ ਸਬੰਧੀ ਖ਼ਤਰਾ ਪੈਦਾ ਹੋਣ ਲਈ ਕੰਪਨੀ ਪੂਰੀ ਤਰ੍ਹਾਂ ਜਵਾਬਦੇਹ ਹੈ। ਉਸ ਨੇ ਕਿਹਾ ਕਿ 50 ਕਰੋੜ ਰੁਪਏ ਦੇ ਅੰਤਿ੍ਮ ਜੁਰਮਾਨੇ ਦੀ ਰਕਮ ਦੀ ਵਰਤੋਂ ਪੀੜਤਾਂ ਨੂੰ ਮੁਆਵਜ਼ੇ ਤੇ ਵਾਤਾਵਰਨ ਨੂੰ ਹੋਏ ਨੁਕਸਾਨ ਨੂੰ ਘੱਟ ਕਰਨ ਲਈ ਕੀਤੀ ਜਾਵੇਗੀ। ਟਿ੍ਬਿਊਨਲ ਨੇ ਇਹ ਵੀ ਕਿਹਾ ਹੈ ਕਿ ਉਸ ਨੂੰ ਕਿਸੇ ਵੀ ਮਾਮਲੇ 'ਤੇ ਖ਼ੁਦ ਨੋਟਿਸ ਲੈਣ ਦਾ ਅਧਿਕਾਰ ਹੈ। ਉਹ ਹੱਥ 'ਤੇ ਹੱਥ ਧਰ ਕੇ ਨਹੀਂ ਬੈਠ ਸਕਦਾ।

ਐੱਨਜੀਟੀ ਨੇ ਨਿਰਦੇਸ਼ ਦਿੱਤਾ ਕਿ ਵਾਤਾਵਰਨ ਮੰਤਰਾਲੇ ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਇਕ-ਇਕ ਪ੍ਰਤੀਨਿਧ ਤੇ ਆਂਧਰ ਪ੍ਰਦੇਸ਼ ਸਰਕਾਰ ਦੇ ਤਿੰਨ ਪ੍ਰਤੀਨਿਧੀਆਂ ਦੀ ਇਕ ਕਮੇਟੀ ਵਾਤਾਵਰਨ ਨੁਕਸਾਨ ਪੂਰਤੀ ਦੀ ਯੋਜਨਾ ਤਿਆਰ ਕਰੇਗੀ। ਐੱਨਜੀਟੀ ਨੇ ਕੰਪਨੀ ਦੀ ਉਸ ਪਟੀਸ਼ਨ ਨੂੰ ਵੀ ਖਾਰਜ ਕੀਤਾ ਹੈ, ਜਿਸ 'ਚ ਉਸ ਨੇ 50 ਕਰੋੜ ਰੁਪਏ ਅੰਤਿ੍ਮ ਜੁਰਮਾਨੇ ਸਬੰਧੀ ਅੱਠ ਮਈ ਦੇ ਟਿ੍ਬਿਊਨਲ ਦੇ ਆਦੇਸ਼ ਦੀ ਸਮੀਖਿਆ ਦੀ ਅਪੀਲ ਕੀਤੀ ਸੀ। ਐੱਨਜੀਟੀ ਨੇ ਕਿਹਾ ਕਿ ਇਸ ਮਾਮਲੇ ਦਾ ਖ਼ੁਦ ਨੋਟਿਸ ਲੈਣਾ ਕਾਨੂੰਨਨ ਸਹੀ ਹੈ।

ਐੱਨਜੀਟੀ ਮੁਖੀ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਮੁਆਵਜ਼ੇ ਸਬੰਧੀ ਅੰਤਿਮ ਗਣਨਾ ਵਾਤਾਵਰਨ ਮੰਤਰਾਲਾ, ਸੀਪੀਸੀਬੀ ਤੇ ਕੌਮੀ ਵਾਤਾਵਰਨ ਇੰਜੀਨੀਅਰਿੰਗ ਖੋਜ ਸੰਸਥਾਨ ਦੇ ਪ੍ਰਤੀਨਿਧੀਆਂ ਦੀ ਕਮੇਟੀ ਕਰੇਗੀ। ਜਸਟਿਸ ਸ਼ਿਵ ਕੁਮਾਰ ਸਿੰਘ ਵੀ ਇਸ ਬੈਂਚ 'ਚ ਸ਼ਾਮਲ ਸਨ। ਬੈਂਚ ਨੇ ਆਦੇਸ਼ ਦਿੱਤਾ ਕਿ ਵਣ ਤੇ ਵਾਤਾਵਰਨ ਮੰਤਰਾਲੇ ਦੇ ਸਕੱਤਰ ਦੋ ਹਫ਼ਤਿਆਂ 'ਚ ਇਸ ਤਰ੍ਹਾਂ ਦੀ ਕਮੇਟੀ ਦਾ ਗਠਨ ਯਕੀਨੀ ਬਣਾਉਣਗੇ ਤੇ ਇਸ ਤੋਂ ਬਾਅਦ ਕਮੇਟੀ ਦੋ ਮਹੀਨੇ 'ਚ ਆਪਣੀ ਰਿਪੋਰਟ ਪੇਸ਼ ਕਰੇਗੀ। ਉਸ ਨੇ ਆਂਧਰ ਪ੍ਰਦੇਸ਼ ਦੇ ਮੁੱਖ ਸਕੱਤਰ ਨੂੰ ਵੀ ਨਿਰਦੇਸ਼ ਦਿੱਤਾ ਕਿ ਉਹ ਕਾਨੂੰਨੀ ਮਨਜ਼ੂਰੀ ਦੇ ਬਿਨਾਂ ਕੰਪਨੀ ਨੂੰ ਕੰਮ ਕਰਨ ਦੀ ਆਗਿਆ ਦੇ ਕੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੀ ਦੋ ਮਹੀਨੇ 'ਚ ਪਛਾਣ ਕਰ ਕੇ ਸਹੀ ਕਾਰਵਾਈ ਕਰੇ ਤੇ ਇਸ ਸਬੰਧੀ ਰਿਪੋਰਟ ਪੇਸ਼ ਕਰੇ।

ਐੱਨਜੀਟੀ ਨੇ ਗੈਸ ਰਿਸਣ ਦੀ ਘਟਨਾ 'ਚ ਸਿਲਸਿਲੇ 'ਚ ਐੱਲਜੀ ਪਾਲੀਮਰਜ਼ ਇੰਡੀਆ ਨੂੰ 50 ਕਰੋੜ ਰੁਪਏ ਦਾ ਅੰਤਿ੍ਮ ਜੁਰਮਾਨਾ ਲਾਇਆ ਸੀ ਤੇ ਕੇਂਦਰ ਤੇ ਹੋਰ ਤੋਂ ਜਵਾਬ ਮੰਗਿਆ ਸੀ। ਟਿ੍ਬਿਊਨਲ ਨੇ ਕਿਹਾ ਸੀ, 'ਨਿਯਮਾਂ ਤੇ ਹੋਰ ਕਾਨੂੰਨੀ ਮੱਦਾਂ ਦੀ ਪਾਲਣਾ ਕਰਨ 'ਚ ਅਸਫਲਤਾ ਦਿਖਾਈ ਦਿੰਦੀ ਹੈ।' ਬੈਂਚ ਨੇ ਗੈਸ ਲੀਕ ਮਾਮਲੇ ਦੀ ਜਾਂਚ ਲਈ ਪੰਜ ਮੈਂਬਰੀ ਇਕ ਕਮੇਟੀ ਬਣਾਈ ਸੀ। ਗੈਸ ਰਿਸਣ ਸਬੰਧੀ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਟਿ੍ਬਿਊਨਲ ਨੇ ਇਸ ਮਾਮਲੇ ਦਾ ਖ਼ੁਦ ਨੋਟਿਸ ਲਿਆ ਸੀ। ਐੱਲਜੀ ਪਾਲੀਮਰਜ਼ ਲਿਮਟਿਡ ਦੀ ਫੈਕਟਰੀ 'ਚੋਂ ਸੱਤ ਮਈ ਨੂੰ ਗੈਸ ਰਿਸਣ ਨਾਲ 11 ਲੋਕਾਂ ਦੀ ਮੌਤ ਹੋ ਗਈ ਸੀ ਤੇ ਵਿਸ਼ਾਖਾਪਟਨਮ ਨੇੜੇ ਪੰਜ ਕਿਲੋਮੀਟਰ ਦੀ ਹਦੂਦ ਵਿਚਾਲੇ ਪਿੰਡਾਂ ਦੇ ਕਈ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ।