ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪੰਜਾਬ, ਮਹਾਰਾਸ਼ਟਰ ਤੇ ਦਿੱਲੀ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਸਿਹਤ ਕਾਮਿਆਂ ਸਮੇਤ ਸਾਰੇ ਯੋਗ ਲੋਕਾਂ ਨੂੰ ਟੀਕਾਕਰਨ ਦੇ ਕੰਮ 'ਚ ਤੇਜ਼ੀ ਲਿਆਏ। ਪੰਜਾਬ, ਦਿੱਲੀ ਤੇ ਮਹਾਰਾਸ਼ਟਰ ਦੇ ਪ੍ਰਿੰਸੀਪਲ ਸਕੱਤਰਾਂ ਨੂੰ ਲਿਖੇ ਪੱਤਰ 'ਚ ਐਡੀਸ਼ਨਲ ਸਿਹਤ ਸਕੱਤਰ ਮਨੋਹਰ ਅਗਨਾਨੀ ਨੇ ਕਿਹਾ ਕਿ ਇਨ੍ਹਾਂ ਸੂਬਿਆਂ ਦਾ ਪ੍ਰਦਰਸ਼ਨ ਕੌਮੀ ਔਸਤ ਤੋਂ ਬਹੁਤ ਘੱਟ ਹੈ ਤੇ ਇਸ 'ਚ ਸੁਧਾਰ ਦੀ ਲੋੜ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਕੋਵਿਡ-19 ਵੈਕਸੀਨੇਸ਼ਨ ਦੀ ਮੁਹਿੰਮ 'ਚ ਤੇਜ਼ੀ ਲਿਆਉਣ ਤੇ ਆਪਣੇ ਸੂਬਿਆਂ 'ਚ ਵੱਧ ਤੋਂ ਵੱਧ ਲੋਕਾਂ ਨੂੰ ਟੀਕਾਕਰਨ 'ਚ ਸ਼ਾਮਲ ਕਰਨ। ਅਗਨਾਨੀ ਨੇ ਪੱਤਰ ਅਜਿਹੇ ਸਮੇਂ 'ਤੇ ਲਿਖਿਆ ਗਿਆ ਹੈ ਜਦੋਂ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਆਪਣੇ ਸਖਤ ਬਿਆਨ 'ਚ ਕਿਹਾ ਕਿ ਸੀ ਕਿ ਮਹਾਰਾਸ਼ਟਰ ਤੇ ਕੁਝ ਹੋਰ ਸੂਬੇ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਲੋਕਾਂ 'ਚ ਡਰ ਪੈਦਾ ਕਰ ਰਹੇ ਹਨ ਤੇ ਯੋਗ ਲੋਕਾਂ ਦੀ ਵੈਕਸੀਨੇਸ਼ਨ ਕੀਤੇ ਬਿਨਾਂ ਹੀ ਹੋਰ ਵੈਕਸੀਨੇਸ਼ਨ ਦੀ ਮੰਗ ਕਰ ਰਹੇ ਹਨ।