ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਸਰਗਰਮ ਮਾਮਲਿਆਂ 'ਚ ਕਮੀ ਦਾ ਰੁਖ਼ ਬਣਿਆ ਹੋਇਆ ਹੈ। ਬੁੱਧਵਾਰ ਨੂੰ ਲਗਾਤਾਰ ਪੰਜਵੇਂ ਦਿਨ 60 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਵਿਚੋਂ ਇਕ ਦਿਨ 50 ਹਜ਼ਾਰ ਤੋਂ ਵੀ ਘੱਟ ਨਵੇਂ ਕੇਸ ਮਿਲੇ ਸਨ। ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹੁਣ ਤਕ 68 ਲੱਖ ਤੋਂ ਜ਼ਿਆਦਾ ਲੋਕ ਮਹਾਮਾਰੀ ਤੋਂ ਉਭਰ ਚੁੱਕੇ ਹਨ। ਕੁਲ ਇਨਫੈਕਟਿਡਾਂ ਦਾ ਅੰਕੜਾ ਵੀ 77 ਲੱਖ ਨੂੰ ਪਾਰ ਕਰ ਗਿਆ ਹੈ।

ਪੀਟੀਆਈ ਵੱਲੋਂ ਰਾਤ ਸਵਾ ਨੌਂ ਵਜੇ ਜਾਰੀ ਟੈਲੀ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 55,871 ਨਵੇਂ ਕੇਸ ਮਿਲੇ ਹਨ, 82,062 ਮਰੀਜ਼ ਠੀਕ ਹੋਏ ਹਨ ਅਤੇ 714 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਨੂੰ ਮਿਲਾ ਕੇ ਹੁਣ ਤਕ 77 ਲੱਖ ਇਨਫੈਕਟਿਡ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 68.69 ਲੱਖ ਠੀਕ ਹੋ ਚੁੱਕੇ ਹਨ ਅਤੇ 1.16 ਲੱਖ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। 714 ਮੌਤਾਂ ਵਿਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ ਵਿਚ 180, ਕਰਨਾਟਕ ਵਿਚ 88, ਬੰਗਾਲ 'ਚ 64, ਉੱਤਰ ਪ੍ਰਦੇਸ਼ ਵਿਚ 41, ਤਾਮਿਲਨਾਡੂ 'ਚ 39, ਆਂਧਰ ਪ੍ਰਦੇਸ਼ ਵਿਚ 27 ਅਤੇ ਕੇਰਲ ਵਿਚ 26 ਮੌਤਾਂ ਸ਼ਾਮਲ ਹਨ।

ਉਥੇ, ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ, ਕੁਲ ਇਨਫੈਕਟਿਡਾਂ ਦੀ ਗਿਣਤੀ 75.51 ਲੱਖ, ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 67.95 ਲੱਖ ਅਤੇ ਮਿ੍ਤਕਾਂ ਦੀ ਗਿਣਤੀ 1.15 ਲੱਖ ਹੋ ਗਈ ਹੈ। ਸਰਗਰਮ ਮਾਮਲੇ 7.40 ਲੱਖ ਰਹਿ ਗਏ ਹਨ ਜਿਹੜੇ ਕੁਲ ਮਾਮਲਿਆਂ ਦਾ 9.67 ਫ਼ੀਸਦੀ ਹੈ। ਮਰੀਜ਼ਾਂ ਦੇ ਉਭਰਨ ਦੀ ਦਰ 88.81 ਫ਼ੀਸਦੀ ਹੋ ਗਈ ਹੈ ਅਤੇ ਮੌਤ ਦਰ ਡਿੱਗ ਕੇ 1.51 ਫ਼ੀਸਦੀ 'ਤੇ ਆ ਗਈ ਹੈ।