ਮੁਰਾਦਾਬਾਦ : ਯਾਤਰੀ ਟ੍ਰੇਨ ਦੀਆਂ ਬੋਗੀਆਂ ਦੇ ਦਰਵਾਜ਼ਿਆਂ 'ਤੇ ਨੀਲੀ ਲੇਜ਼ਰ ਲਾਈਟ ਲਗਾਈ ਜਾ ਰਹੀ ਹੈ। ਇਹ ਟ੍ਰੇਨ ਦੇ ਚੱਲਣ ਦਾ ਸੰਕੇਤ ਤਾਂ ਦੇਵੇਗੀ ਹੀ, ਨਾਲ ਹੀ ਗੇਟ 'ਤੇ ਖੜ੍ਹੇ-ਬੈਠੇ ਜਾਂ ਚੱਲਦੀ ਟ੍ਰੇਨ 'ਤੇ ਚੜ੍ਹਨ ਜਾਂ ਉਤਰਨ ਵਾਲਿਆਂ ਨੂੰ ਵੀ ਸਾਵਧਾਨ ਕਰੇਗੀ। ਬੋਗੀ ਦੇ ਦਰਵਾਜ਼ਿਆਂ 'ਤੇ ਬਸ ਛੋਟੀ ਬਿੰਦੀ ਦੇ ਆਕਾਰ ਵਰਗੀ ਲੇਜ਼ਰ ਡਿਵਾਈਸ ਲਗਾਈ ਜਾਵੇਗੀ, ਜਿਹੜੀ ਸੈਂਸਰ ਨਾਲ ਜੁੜੀ ਹੋਵੇਗੀ। ਇਸ ਤੋਂ ਨਿਕਲਣ ਵਾਲੀ ਪਤਲੀ ਬੀਮਨੁਮਾ ਨੀਲੀ ਲਾਈਟ ਸਚੇਤਕ ਦਾ ਕੰਮ ਕਰੇਗੀ।

ਦਰਅਸਲ ਜ਼ਿਆਦਾਤਰ ਟ੍ਰੇਨਾਂ ਵਿਚ ਲੋਕ ਥਾਂ ਨਾ ਮਿਲਣ 'ਤੇ ਦਰਵਾਜ਼ੇ 'ਤੇ ਬੈਠ ਕੇ ਯਾਤਰਾ ਕਰਦੇ ਹਨ। ਅਜਿਹੇ ਸਥਿਤੀ ਵਿਚ ਉਨ੍ਹਾਂ ਦੇ ਹਾਦਸੇ ਦਾ ਸ਼ਿਕਾਰ ਹੋ ਕੇ ਜਾਨ ਗੁਆਉਣ ਦੀ ਸੰਭਾਵਨਾ ਵਧ ਜਾਂਦੀ ਹੈ। ਚੱਲਦੀ ਟ੍ਰੇਨ ਵਿਚ ਚੜ੍ਹਨ ਜਾਂ ਉਤਰਨ ਦੀ ਕੋਸ਼ਿਸ਼ ਵਿਚ ਵੀ ਲੋਗ ਹਾਦਸੇ ਦਾ ਸ਼ਿਕਾਰ ਹੁੰਦੇ ਹਨ। ਇਹ ਲੇਜ਼ਰ ਲਾਈਟ ਅਜਿਹੇ ਹਾਦਸੇ ਰੋਕਣ ਦਾ ਕੰਮ ਕਰੇਗੀ।

ਨੀਲੀ ਲੇਜ਼ਰ ਲਾਈਟ ਸੁੱਟਣ ਵਾਲੀ ਡਿਵਾਈਸ ਨੂੰ ਕੋਚ ਦੇ ਬਾਹਰ ਗੇਟ ਕੋਲ ਲਗਾਇਆ ਜਾਵੇਗਾ। ਚਾਲਕ ਅਤੇ ਗਾਰਡ ਤੋਂ ਟ੍ਰੇਨ ਦਾ ਸਿਗਨਲ ਮਿਲਦੇ ਹੀ ਲੇਜ਼ਰ ਲਾਈਟ ਜਗ ਜਾਵੇਗੀ ਅਤੇ ਦਰਵਾਜ਼ੇ 'ਤੇ ਪਹਿਰੇਨੁਮਾ ਪਰਛਾਵਾਂ ਬਣਾ ਦੇਵੇਗੀ। ਇਸ ਨਾਲ ਸਾਰੇ ਦਰਵਾਜ਼ੇ ਨੀਲੇ ਰੰਗ ਦੀ ਲਾਈਨਨੁਮਾ ਰੋਸ਼ਨੀ ਨਾਲ ਜਗਮਗਾਉਣ ਲੱਗਣਗੇ। ਉਦੋਂ ਪਲੇਟਫਾਰਮ 'ਤੇ ਉਤਰੇ ਜਾਂ ਟ੍ਰੇਨ ਵਿਚ ਚੜ੍ਹਨ ਜਾ ਰਹੇ ਯਾਤਰੀ ਸਮਝ ਜਾਣਗੇ ਕਿ ਸਿਗਨਲ ਹੋ ਗਿਆ ਹੈ ਅਤੇ ਟ੍ਰੇਨ ਚੱਲਣ ਵਾਲੀ ਹੈ।

ਲਾਈਟ ਜਗਣ ਤੋਂ ਇਕ ਮਿੰਟ ਬਾਅਦ ਟ੍ਰੇਨ ਚੱਲ ਪਵੇਗੀ। ਲਾਈਟ ਨਾਲ ਬਣੀ ਰੇਖਾ ਯਾਤਰੀਆਂ ਨੂੰ ਚੱਲਦੀ ਟ੍ਰੇਨ 'ਤੇ ਨਹੀਂ ਚੜ੍ਹਨ ਦਾ ਸੰਕੇਤ ਦੇਵੇਗੀ। ਇਸ ਤੋਂ ਇਲਾਵਾ ਚੱਲਦੀ ਟ੍ਰੇਨ ਵਿਚ ਦਰਵਾਜ਼ੇ 'ਤੇ ਬੈਠ ਕੇ ਜਾਂ ਲਟਕ ਤੇ ਸਫ਼ਰ ਕਰਨ 'ਤੇ ਜਾਂ ਚੱਲਦੀ ਟ੍ਰੇਨ ਤੋਂ ਉਤਰਨ ਦੀ ਕੋਸ਼ਿਸ਼ ਕਰਨ 'ਤੇ ਵੀ ਨੀਲੀ ਲਾਈਟ ਦਰਵਾਜ਼ੇ 'ਤੇ ਮੌਜੂਦ ਉਸ ਯਾਤਰੀ ਦੇ ਆਲੇ-ਦੁਆਲੇ ਚਮਕ ਉੱਠੇਗੀ, ਜਿਸ ਨਾਲ ਉਹ ਚੌਕਸ ਹੋ ਸਕੇਗਾ ਅਤੇ ਖ਼ੁਦ ਹੀ ਦਰਵਾਜ਼ੇ ਤੋਂ ਹਟ ਕੇ ਅੰਦਰ ਚਲਾ ਜਾਵੇਗਾ।

ਹਰ ਸਾਲ 60 ਹਜ਼ਾਰ ਯਾਤਰੀਆਂ ਦੀ ਹੁੰਦੀ ਹੈ ਮੌਤ

ਰੇਲਵੇ ਮੁਤਾਬਕ ਹਰ ਸਾਲ ਦੇਸ਼ ਭਰ ਵਿਚ 60 ਹਜ਼ਾਰ ਯਾਤਰੀਆਂ ਦੀ ਟ੍ਰੇਨ ਤੋਂ ਡਿੱਗ ਕੇ ਮੌਤ ਹੋ ਜਾਂਦੀ ਹੈ। ਇਸ ਵਿਚ 30 ਫ਼ੀਸਦੀ ਯਾਤਰੀਆਂ ਦੀ ਮੌਤ ਚੱਲਦੀ ਹੋਈ ਟ੍ਰੇਨ ਵਿਚ ਚੜ੍ਹਨ ਦੌਰਾਨ ਡਿੱਗਣ ਨਾਲ ਹੁੰਦੀ ਹੈ। ਬਾਕੀ ਦੀ ਗੇਟ 'ਤੇ ਬੈਠ ਕੇ ਸਫ਼ਰ ਕਰਨ ਦੌਰਾਨ ਧੱਕਾ ਲੱਗਣ ਜਾਂ ਝਪਕੀ ਆਉਣ ਕਾਰਨ ਡਿੱਗਣ ਕਾਰਨ ਹੁੰਦੀ ਹੈ। 50 ਫ਼ੀਸਦੀ ਯਾਤਰੀਆਂ ਦੀ ਸ਼ਨਾਖਤ ਤਕ ਨਹੀਂ ਹੋ ਪਾਉਂਦੀ ਹੈ। ਮੁਰਾਦਾਬਾਦ ਰੇਲ ਮੰਡਲ ਮੁਤਾਬਕ ਇੱਥੇ ਸਾਲ 2018 ਵਿਚ 612 ਯਾਤਰੀਆਂ ਦੀ ਦਰਵਾਜ਼ੇ 'ਤੇ ਬੈਠ ਕੇ, ਦਰਵਾਜ਼ੇ 'ਤੇ ਲਟਕ ਕੇ ਜਾਂ ਚੱਲਦੀ ਟ੍ਰੇਨ ਵਿਚ ਚੜ੍ਹਨ ਦੌਰਾਨ ਡਿੱਗ ਕੇ ਮੌਤ ਹੋ ਚੁੱਕੀ ਹੈ।

ਮੁਰਾਦਾਬਾਦ (ਉੱਤਰ ਪ੍ਰਦੇਸ਼) ਦੇ ਮੰਡਲ ਰੇਲ ਪ੍ਰਬੰਧਕ ਅਜੈ ਕੁਮਾਰ ਸਿੰਘਲ ਦਾ ਕਹਿਣਾ ਹੈ ਕਿ ਚੱਲਦੀ ਟ੍ਰੇਨ ਵਿਚ ਚੜ੍ਹਨ ਅਤੇ ਲਟਕ ਕੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਰੋਕਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਵਿਚ ਉਮੀਦ ਮੁਤਾਬਕ ਸਫਲਤਾ ਨਹੀਂ ਮਿਲੀ ਹੈ। ਇਸ ਲਈ ਹੁਣ ਨੀਲੀ ਲੇਜ਼ਰ ਲਾਈਟ ਦੀ ਵਰਤੋਂ ਕੀਤੀ ਜਾਵੇਗੀ। ਰੇਲਵੇ ਪਾਇਲਟ ਪ੍ਰਾਜੈਕਟ ਤਹਿਤ ਕੁਝ ਟ੍ਰੇਨਾਂ ਵਿਚ ਇਸ ਤਰ੍ਹਾਂ ਦੀ ਲਾਈਟ ਲਗਾਉਣ ਜਾ ਰਿਹਾ ਹੈ। ਛੇਤੀ ਹੀ ਇਸ 'ਤੇ ਕੰਮ ਸ਼ੁਰੂ ਹੋ ਜਾਵੇਗਾ।