ਜੇਐੱਨਐੱਨ, ਜੈਪੁਰ : ਆਪਣੇ ਹੀ ਆਸ਼ਰਮ ਦੀ ਵਿਦਿਆਰਥਣ ਦੇ ਜਿਨਸੀ ਸੋਸ਼ਣ ਦੇ ਮਾਮਲੇ 'ਚ ਕਥਾਵਾਚਕ ਆਸਾਰਾਮ ਜੇਲ੍ਹ ਦੀਆਂ ਸਲਾਖਾਂ ਪਿੱਛੇ ਕਿਵੇਂ ਪੁੱਜਾ, ਇਹ ਹੁਣ ਤੁਸੀਂ ਵੀ ਜਾਣ ਸਕਦੇ ਹੋ। ਅਸਲ 'ਚ ਉਸ ਖ਼ਿਲਾਫ਼ ਕੇਸ ਦਰਜ ਕਰਵਾਉਣ ਤੋਂ ਲੈਕੇ ਉਸ ਨੂੰ ਜੇਲ੍ਹ ਪਹੁੰਚਾਉਣ ਤਕ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਰਾਜਸਥਾਨ ਕੈਡਰ ਦੇ ਆਈਪੀਐੱਸ ਅਧਿਕਾਰੀ ਅਜੈ ਪਾਲ ਲਾਂਬਾ ਨੇ 'ਗਨਿੰਗ ਫਾਰ ਦਿ ਗਾਡਮੈਨ' ਕਿਤਾਬ ਲਿਖੀ ਹੈ। ਇਸ 'ਚ ਉਨ੍ਹਾਂ ਨੇ ਮਾਮਲੇ ਨਾਲ ਜੁੜੇ ਕਈ ਪਹਿਲੂਆਂ 'ਤੇ ਰੋਸ਼ਨੀ ਪਾਈ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਗਿ੍ਫ਼ਤਾਰੀ ਤੋਂ ਬਾਅਦ ਕਿਵੇਂ ਉਹ ਜ਼ਮੀਨ 'ਤੇ ਬੈਠ ਰੋਇਆ ਸੀ। ਕਿਤਾਬ ਦੇ ਸਹਿ ਲੇਖਕ ਸੰਜੀਵ ਮਾਥੁਰ ਹਨ।

ਪੰਜ ਸਤੰਬਰ ਨੂੰ ਪ੍ਰਕਾਸ਼ਿਤ ਹੋਣ ਵਾਲੀ ਕਿਤਾਬ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਗਿ੍ਫ਼ਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਫੁੱਟ-ਫੁੱਟ ਕੇ ਰੋ ਰਹੇ ਆਸਾਰਾਮ ਨੇ ਪੁਲਿਸ ਅਧਿਕਾਰੀਆਂ ਤੋਂ ਲੈ ਕੇ ਕਾਂਸਟੇਬਲ ਤਕ ਦੇ ਪੈਰ ਫੜੇ ਸਨ। ਇਸ ਦੌਰਾਨ ਉਹ ਕਦੀ ਧਮਕੀ ਦਿੰਦਾ ਸੀ ਤੇ ਕਦੀ ਕੰਧਾਂ 'ਚ ਸਿਰ ਮਾਰ ਲੈਂਦਾ ਸੀ। ਕਦੀ ਗਾਣੇ ਗਾਉਂਦਾ ਸੀ। ਉਨ੍ਹਾਂ ਨੇ ਇਸ ਦਾ ਵੀ ਜ਼ਿਕਰ ਕੀਤਾ ਹੈ ਕਿ ਜੋਧਪੁਰ 'ਚ ਪੁਲਿਸ ਹਾਈ ਕਮਿਸ਼ਨਰ ਰਹਿੰਦੇ ਹੋਏ ਉਨ੍ਹਾਂ ਨੇ 20 ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਦੀ ਟੀਮ ਨਾਲ ਕਿਸ ਤਰ੍ਹਾਂ ਜਾਲ ਵਿਛਾ ਕੇ ਆਸਾਰਾਮ ਨੂੰ ਗਿ੍ਫ਼ਤਾਰ ਕੀਤਾ ਸੀ। ਇਸ ਕਿਤਾਬ ਦਾ ਪ੍ਰਕਾਸ਼ਨ ਹਾਰਪਰ ਕਾਲਿਨਸ ਨੇ ਕੀਤਾ ਹੈ।

ਇਸ ਲਈ ਲਿਖੀ ਕਿਤਾਬ

ਮੌਜੂਦਾ ਸਮੇਂ 'ਚ ਜੈਪੁਰ 'ਚ ਵਧੀਕ ਕਮਿਸ਼ਨਰ ਦੇ ਅਹੁਦੇ 'ਤੇ ਤਾਇਨਾਤ ਲਾਂਬਾ ਨੇ ਦੱਸਿਆ ਕਿ ਆਸਾਰਾਮ ਨੂੰ ਜਦੋਂ ਸਜ਼ਾ ਹੋਈ ਉਦੋਂ ਕਿਤਾਬ ਲਿਖਣ ਦਾ ਵਿਚਾਰ ਮਨ 'ਚ ਆਇਆ। ਡਿਊਟੀ ਤੋਂ ਬਾਅਦ ਜਦੋਂ ਵੀ ਸਮਾਂ ਮਿਲਣਾ ਤਾਂ ਲਿਖਣਾ ਸ਼ੁਰੂ ਕਰ ਦਿੰਦਾ ਸੀ। ਕਿਤਾਬ ਲਿਖਣ ਦਾ ਮੁੱਖ ਮਕਸਦ ਇਸ ਤਰ੍ਹਾਂ ਦੇ ਕਥਿਤ ਸੰਤਾਂ ਕਾਰਨ ਸਾਰੇ ਸੰਤਾਂ ਦੀ ਬਦਨਾਮੀ ਤੇ ਭਗਤਾਂ ਦੀ ਡਗਮਗਾਉਂਦੀ ਆਸਥਾ ਬਾਰੇ ਸਾਰੇ ਵਰਗਾਂ ਨੂੰ ਸੁਚੇਤ ਕਰਨਾ ਹੈ। ਇਸ ਮਾਮਲੇ ਬਾਰੇ ਲੋਕ ਜਾਣ ਸਕਣ ਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ।

ਦਬਾਅ, ਲਾਲਚ ਤੇ ਧਮਕੀਆਂ ਦਾ ਵੇਰਵਾ

ਲਾਂਬਾ ਨੇ ਲਿਖਿਆ ਹੈ ਕਿ ਆਸਾਰਾਮ ਖ਼ਿਲਾਫ਼ ਮਾਮਲਾ ਦਰਜ ਹੋਣ ਤੋਂ ਬਾਅਦ ਜਾਂਚ ਕਰ ਰਹੀ ਪੁਲਿਸ ਟੀਮ 'ਤੇ ਕਾਫੀ ਦਬਾਅ ਬਣਾਇਆ ਗਿਆ। ਆਸਾਰਾਮ ਦੇ ਸਮਰਥਕਾਂ ਨੇ ਹਰ ਤਰ੍ਹਾਂ ਦੇ ਦਬਾਅ ਪਾਉਣ ਦੇ ਨਾਲ ਹੀ ਧਮਕੀਆਂ ਦਿੱਤੀਆਂ। ਪੈਸੇ ਦਾ ਵੀ ਲਾਲਚ ਦਿੱਤਾ। ਪਿੰਡ 'ਚ ਰਹਿ ਰਹੇ ਉਨ੍ਹਾਂ ਦੇ ਮਾਂ-ਬਾਪ ਨੂੰ ਧਮਕੀ ਦਿੱਤੀ ਗਈ। ਉਨ੍ਹਾਂ ਦੀ ਟੀਮ 'ਚ ਸ਼ਾਮਿਲ ਸੂਬਾ ਪੁਲਿਸ ਸੇਵਾ ਦੀ ਅਧਿਕਾਰੀ ਚੰਚਲ ਮਿਸ਼ਰਾ ਨੂੰ ਫੋਨ 'ਤੇ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਨੂੰ ਮੋਬਾਈਲ ਤਕ ਬੰਦ ਕਰਨੇ ਪਏ। ਆਸਾਰਾਮ ਨੇ ਖ਼ੁਦ ਨੂੰ ਬੇਕਸੂਰ ਸਾਬਿਤ ਕਰਨ 'ਚ ਕੋਈ ਕਸਰ ਨਹੀਂ ਛੱਡੀ ਸੀ। ਉਸਨੇ ਖ਼ੁਦ ਨੂੰ ਨੰਪੁਸਕ ਸਾਬਿਤ ਕਰਕੇ ਵੀ ਬਚਣ ਦੀ ਕੋਸ਼ਿਸ਼ ਕੀਤੀ। ਆਸਾਰਾਮ ਖ਼ਿਲਾਫ਼ ਗਵਾਹੀ ਦੇਣ ਵਾਲੇ ਤਿੰਨ ਲੋਕਾਂ ਦੀ ਹੱਤਿਆ ਤੇ ਕਈਆਂ 'ਤੇ ਹਮਲੇ ਕੀਤੇ ਗਏ। ਇਸ ਤੋਂ ਬਾਅਦ ਹੋਰ ਲੋਕਾਂ ਨੂੰ ਸੁਰੱਖਿਅਤ ਕਿਵੇਂ ਰੱਖਿਆ, ਇਸਦਾ ਵੀ ਜ਼ਿਕਰ ਹੈ। ਪੀੜਤਾਂ ਵੱਲੋਂ 58 ਗਵਾਹ ਸਨ, ਜਿਨ੍ਹਾਂ 'ਚ ਛੇ ਮੁੱਖ ਸਨ।

ਇਸ ਤਰ੍ਹਾਂ ਮਿਲੀ ਸਜ਼ਾ

ਅਗਸਤ 2013 'ਚ ਆਸਾਰਾਮ ਖ਼ਿਲਾਫ਼ ਦਿੱਲੀ 'ਚ ਨਾਬਾਲਿਗ ਦੇ ਜਿਨਸੀ ਸੋਸ਼ਣ ਦਾ ਮਾਮਲਾ ਦਰਜ ਹੋਇਆ। ਸ਼ਿਕਾਇਤ 'ਚ ਕਿਹਾ ਗਿਆ ਸੀ ਕਿ ਆਸਾਰਾਮ ਨੇ ਪੀੜਤਾ ਦਾ ਜੋਧਪੁਰ ਸਥਿਤ ਆਸ਼ਰਮ 'ਚ ਜੁਲਾਈ ਦੇ ਆਖ਼ੀਰ ਹਫ਼ਤੇ 'ਚ ਜਿਨਸੀ ਸੋਸ਼ਣ ਕੀਤਾ ਸੀ। ਮਾਮਲਾ ਦਿੱਲੀ ਤੋਂ ਜੋਧਪੁਰ ਟ੍ਾਂਸਪਰ ਹੋ ਗਿਆ। ਸਬੂਤ ਮਿਟਾਉਣ ਤੋਂ ਬਾਅਦ ਪੁਲਿਸ ਦੀ ਟੀਮ ਆਸਾਰਾਮ ਦੀ ਭਾਲ 'ਚ ਜੋਧਪੁਰ, ਭੋਪਾਲ, ਇੰਦੌਰ, ਦਿੱਲੀ, ਛਿੰਦਵਾੜਾ ਸਮੇਤ ਕਈ ਸ਼ਹਿਰਾਂ 'ਚ ਭੇਜੀ ਗਈ। ਆਖ਼ਰ 31 ਅਗਸਤ 2013 ਨੂੰ ਉਸ ਨੂੰ ਇੰਦੌਰ ਹਵਾਈ ਅੱਡੇ ਤੋਂ ਫੜ ਲਿਆ ਗਿਆ। ਉਸ ਨੂੰ ਜੋਧਪੁਰ ਲਿਆ ਕੇ ਪੁੱਛਗਿੱਛ ਤੋਂ ਬਾਅਦ ਇਕ ਸਤੰਬਰ 2013 ਨੂੰ ਗਿ੍ਫ਼ਤਾਰ ਕੀਤਾ ਗਿਆ। ਇਸ ਤੋਂ ਬਾਅਦ ਕੋਰਟ 'ਚ ਮਾਮਲਾ ਚੱਲਿਆ ਤੇ ਉਹ ਦੋਸ਼ੀ ਸਾਬਿਤ ਹੋ ਗਿਆ। ਹੁਣ ਉਹ ਜੋਧਪੁਰ ਜੇਲ੍ਹ 'ਚ ਬੰਦ ਹੈ।