ਜੇਐੱਨਐੱਨ, ਬਹਾਦਰਗੜ੍ਹ (ਝੱਜਰ) : ਤਿੰਨ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਨੂੰ ਜਾਰੀ ਰੱਖਣ ਲਈ ਸੰਯੁਕਤ ਮੋਰਚੇ ਦੇ ਆਗੂ ਇਥੇ ਵਾਰ-ਵਾਰ ਪੁੱਜ ਰਹੇ ਹਨ। ਤੰਬੂਆਂ 'ਚ ਦਸਤਕ ਦੇ ਰਹੇ ਹਨ। ਦੋ ਦਿਨ ਪਹਿਲਾਂ ਗੁਰਨਾਮ ਚੜੂਨੀ ਪੁੱਜੇ ਸਨ ਤੇ ਬੁੱਧਵਾਰ ਨੂੰ ਰਾਕੇਸ਼ ਟਿਕੈਤ ਨੇ ਬਾਈਪਾਸ 'ਤੇ ਤੰਬੂਆਂ ਦਾ ਦੌਰਾ ਕੀਤਾ। ਉਹ ਕਿਸਾਨਾਂ ਨੂੰ ਮਿਲੇ। ਤਿੰਨ ਦਿਨ ਪਹਿਲਾਂ ਉਨ੍ਹਾਂ ਨੇ ਬੱਸ ਸਟੈਂਡ 'ਤੇ ਤੰਬੂਆਂ ਦਾ ਦੌਰਾ ਕੀਤਾ ਸੀ।

ਉਹ ਅੰਦੋਲਨਕਾਰੀਆਂ ਨੂੰ 26 ਮਈ ਤੋਂ ਬਾਅਦ ਵੱਡਾ ਫ਼ੈਸਲਾ ਲੈਣ ਦੀ ਗੱਲ ਕਹਿ ਰਹੇ ਹਨ। ਇਧਰ, ਪੰਜਾਬ ਤੋਂ ਬੁੱਧਵਾਰ ਨੂੰ ਅੰਦੋਲਨਕਾਰੀਆਂ ਦੀ ਜਥੇਬੰਦੀ ਪੁੱਜੀ। ਕਈ ਬੱਸਾਂ ਤੇ ਨਿੱਜੀ ਵਾਹਨਾਂ 'ਚ ਸਵਾਰ ਹੋ ਕੇ ਪੰਜਾਬ ਗਏ ਅੰਦੋਲਨਕਾਰੀ ਵਾਪਸ ਆਪਣੇ ਤੰਬੂਆਂ 'ਚ ਪੁੱਜੇ। ਇਸ ਵਿਚਾਲੇ ਟਿਕਰੀ ਬਾਰਡਰ ਦੇ ਮੰਚ 'ਤੇ ਪੁੱਜੇ ਪੰਜਾਬ ਦੇ ਕਿਸਾਨ ਆਗੂ ਬਲਬੀਰ ਰਾਜੇਵਾਲ ਨੇ ਕਿਹਾ ਕਿ ਪੰਜਾਬ ਤੋਂ ਅੰਦੋਲਨਕਾਰੀ ਆਪਣਾ ਖੇਤੀ ਵਾਲਾ ਕੰਮ ਨਿਬੇੜ ਕੇ ਵਾਪਸ ਆ ਰਹੇ ਹਨ। ਕੁਝ 15 ਮਈ ਨੂੰ ਇਥੇ ਪੁੱਜਣਗੇ। ੳਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਅੰਦੋਲਨ ਕਾਮਯਾਬ ਹੋਣ ਵਾਲਾ ਹੈ। ਅਸੀਂ ਸਾਰੇ ਸ਼ਾਂਤੀ ਨਾਲ ਬੈਠੇ ਹਾਂ, ਇਹ ਸਾਡੀ ਉਪਲੱਬਧੀ ਹੈ। ਸੰਯੁਕਤ ਮੋਰਚੇ ਨੂੰ ਕੋਈ ਹਰਾ ਨਹੀਂ ਸਕਦਾ।