ਜਾਸੰ, ਨਵੀਂ ਦਿੱਲੀ : ਅਦਾਕਾਰ ਸਲਮਾਨ ਖ਼ਾਨ (Salman Khan) ਨੂੰ ਦੁਬਾਰਾ ਹੱਤਿਆ ਦੀ ਧਮਕੀ ਦੇਣ ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ ਹੱਤਿਆ ’ਚ ਮੁਲਜ਼ਮ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਹੁਣ ਤਿਹਾਡ਼ ਜੇਲ੍ਹ ’ਚ 24 ਘੰਟਿਆਂ ਦੀ ਨਿਗਰਾਨੀ ’ਚ ਰਹੇਗਾ। ਜੇਲ੍ਹ ’ਚ ਉਸ ਨੂੰ ਆਮ ਕੈਦੀਆਂ ਦੇ ਵਾਰਡਾਂ ਤੋਂ ਦੂਰ ਸੈੱਲ ’ਚ ਇਕੱਲਾ ਰੱਖਿਆ ਜਾਵੇਗਾ। ਹੁਣ ਤਕ ਲਾਰੈਂਸ ਦੇ ਨਾਲ ਇਕ-ਦੋ ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਸੀਸੀਟੀਵੀ ਕੈਮਰੇ ਨਾਲ ਨਿਗਰਾਨੀ ਤੋਂ ਇਲਾਵਾ ਵਾਰਡ ਦੀ ਰੈਗੂਲਰ ਚੈਕਿੰਗ ਵੀ ਕੀਤੀ ਜਾਂਦੀ ਸੀ, ਤਾਂਕਿ ਪਤਾ ਲਗਾਇਆ ਜਾ ਸਕੇ ਕਿ ਉਹ ਕੋਈ ਮੋਬਾਈਲ ਦੀ ਵਰਤੋਂ ਤਾਂ ਨਹੀਂ ਕਰ ਰਿਹਾ, ਪਰ ਜੇਲ੍ਹ ਪ੍ਰਸ਼ਾਸਨ ਦੀਆਂ ਅੱਖਾਂ ’ਚ ਘੱਟਾ ਪਾ ਕੇ ਲਾਰੈਂਸ ਵੱਲੋਂ ਅਕਸਰ ਜੇਲ੍ਹ ਤੋਂ ਮੋਬਾਈਲ ਰਾਹੀਂ ਗਿਰੋਹ ਚਲਾਉਣ ਦੀ ਗੱਲ ਸਾਹਮਣੇ ਆਉਂਦੀ ਰਹੀ।

ਸੂਤਰਾਂ ਮੁਤਾਬਕ ਲਾਰੈਂਸ ਨੂੰ ਲੈ ਕੇ ਤਿਹਾਡ਼ ਜੇਲ੍ਹ ਪ੍ਰਸ਼ਾਸਨ ਦੀ ਕਈ ਵਾਰ ਉੱਚ ਪੱਧਰੀ ਬੈਠਕ ਹੋ ਚੁੱਕੀ ਹੈ। ਪੁਲਿਸ ਕਮਿਸ਼ਨਰ ਨੇ ਵੀ ਤਿਹਾਡ਼ ਦੇ ਡੀਜੀ ਸੰਦੀਪ ਗੋਇਲ ਨੂੰ ਪੱਤਰ ਲਿਖ ਕੇ ਲਾਰੈਂਸ ਨੂੰ ਲੈ ਕੇ ਬਹੁਤ ਜ਼ਿਆਦਾ ਚੌਕਸੀ ਵਰਤਣ ਲਈ ਕਿਹਾ ਹੈ। ਲਾਰੈਂਸ ਦਾ ਨਾਂ ਹਾਲ ਹੀ ਦੇ ਸਾਲਾਂ ਦਾ ਸਭ ਤੋਂ ਖ਼ਤਰਨਾਕ ਅਪਰਾਧੀ ਦੇ ਤੌਰ ’ਤੇ ਸਾਹਮਣੇ ਆਇਆ ਹੈ। ਡੀਜੀ ਗੋਇਲ ਨੇ ਕਿਹਾ ਕਿ ਲਾਰੈਂਸ ਨੂੰ ਹੁਣ ਬੇਹੱਦ ਸਖ਼ਤ ਸੁਰੱਖਿਆ ’ਚ ਰੱਖਿਆ ਜਾਵੇਗਾ। ਲਾਰੈਂਸ ’ਤੇ ਮਕੋਕਾ ਲੱਗਾ ਹੈ। ਕਈ ਸੰਗੀਨ ਮਾਮਲਿਆਂ ’ਚ ਉਸ ਦੀ ਸ਼ਮੂਲੀਅਤ ਪਾਏ ਜਾਣ ’ਤੇ ਮੰਨਿਆ ਜਾ ਰਿਹਾ ਹੈ ਕਿ ਹੁਣ ਉਸ ਦਾ ਜੇਲ੍ਹ ਤੋਂ ਬਾਹਰ ਆ ਪਾਉਣਾ ਬਹੁਤ ਮੁਸ਼ਕਲ ਹੋਵੇਗਾ।

Posted By: Seema Anand