ਸਟਾਫ ਰਿਪੋਰਟਰ, ਰਾਜੌਰੀ : ਜੰਮੂ ਦੇ ਨੌਸ਼ਹਿਰਾ ਦੇ ਲਾਮ ਸੈਕਟਰ 'ਚ ਭਾਰਤੀ ਜਵਾਨਾਂ ਨੇ ਕੰਟਰੋਲ ਰੇਖਾ (ਐੱਲਓਸੀ) 'ਤੇ ਘੁਸਪੈਠ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਜਵਾਨਾਂ ਨੇ ਪਾਕਿਸਤਾਨੀ ਫ਼ੌਜ ਵੱਲੋਂ ਬਣਾਏ ਅੱਤਵਾਦੀਆਂ ਦੇ ਲਾਂਚਿੰਗ ਪੈਡ ਨੂੰ ਤਬਾਹ ਕਰ ਦਿੱਤਾ ਹੈ। ਫ਼ੌਜ ਦੀ ਇਸ ਕਾਰਵਾਈ 'ਚ ਦਸ ਤੋਂ ਜ਼ਿਆਦਾ ਅੱਤਵਾਦੀ ਮਾਰੇ ਗਏ ਹਨ। ਜਦਕਿ ਕੁਝ ਅੱਤਵਾਦੀ ਜ਼ਖ਼ਮੀ ਵੀ ਹੋਏ ਹਨ। ਦੱਸਣਯੋਗ ਹੈ ਕਿ ਪਾਕਿਸਤਾਨੀ ਫ਼ੌਜ ਗੋਲ਼ਾਬਾਰੀ ਤੇ ਕੰਟਰੋਲ ਰੇਖਾ 'ਤੇ ਅੱਗ ਲਾ ਕੇ ਅੱਤਵਾਦੀਆਂ ਦੀ ਘੁਸਪੈਠ ਦੀ ਸਾਜ਼ਿਸ਼ ਰਚ ਰਹੀ ਸੀ, ਪਰ ਚੌਕਸ ਭਾਰਤੀ ਜਵਾਨਾਂ ਨੇ ਇਸ ਨੂੰ ਨਾਕਾਮ ਬਣਾ ਦਿੱਤਾ।

ਐਤਵਾਰ ਦੇਰ ਸ਼ਾਮ ਤੋਂ ਹੀ ਪਾਕਿਸਤਾਨੀ ਫ਼ੌਜ ਨੇ ਲਾਮ ਸੈਕਟਰ 'ਚ ਭਾਰੀ ਗੋਲ਼ਾਬਾਰੀ ਸ਼ੁਰੂ ਕਰ ਦਿੱਤੀ ਸੀ। ਏਨਾ ਹੀ ਨਹੀਂ ਉਸ ਨੇ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਲਈ ਐੱਲਓਸੀ 'ਤੇ 200 ਮੀਟਰ ਦੇ ਦਾਇਰੇ 'ਚ ਅੱਗ ਲਾ ਦਿੱਤੀ। ਮਕਸਦ ਸੀ ਕਿ ਅੱਗ ਬੁਝਾਉਣ 'ਚ ਭਾਰਤੀ ਫ਼ੌਜ ਉਲਝ ਜਾਵੇੇ ਤੇ ਅੱਤਵਾਦੀ ਘੁਸਪੈਠ 'ਚ ਕਾਮਯਾਬ ਹੋ ਜਾਣ।

ਇਸ ਦੌਰਾਨ ਭਾਰਤੀ ਜਵਾਨਾਂ ਨੇ ਐੱਲਓਸੀ 'ਤੇ ਲਾਏ ਉਪਕਰਨਾਂ ਦੀ ਮਦਦ ਨਾਲ ਦੇਖਿਆ ਕਿ ਮਕਬੂਜ਼ਾ ਕਸ਼ਮੀਰ ਦੇ ਚਤਾਰ ਖੇਤਰ 'ਚ ਅੱਗ ਦੇ ਨਜ਼ਦੀਕ ਹੀ ਨਵਾਂ ਲਾਂਚਿੰਗ ਪੈਡ ਬਣਾ ਦਿੱਤਾ ਗਿਆ ਹੈ ਤੇ ਉੱਥੇ ਕਰੀਬ 20 ਅੱਤਵਾਦੀ ਮੌਜੂਦ ਹਨ। ਇਹ ਅੱਤਵਾਦੀ ਘੁਸਪੈਠ ਦੀ ਤਾਕ 'ਚ ਸਨ।

ਉਸੇ ਸਮੇਂ ਫ਼ੌਜ ਦੇ ਜਵਾਨਾਂ ਨੇ ਲਾਂਚਿੰਗ ਪੈਡ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਕਾਰਵਾਈ 'ਚ ਲਾਂਚਿੰਗ ਪੈਡ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਫ਼ੌਜ ਦੀ ਇਸ ਕਾਰਵਾਈ 'ਚ ਦਸ ਤੋਂ ਜ਼ਿਆਦਾ ਅੱਤਵਾਦੀ ਮਾਰੇ ਗਏ ਹਨ ਤੇ ਕਈ ਅੱਤਵਾਦੀ ਜ਼ਖ਼ਮੀ ਹੋਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਹੋਰ ਸੈਕਟਰਾਂ 'ਚ ਵੀ ਨਵੇਂ ਲਾਂਚਿੰਗ ਪੈਡ ਬਣੇ ਹਨ ਤੇ ਉੱਥੇ ਵੀ ਕਾਫ਼ੀ ਗਿਣਤੀ ਵਿਚ ਅੱਤਵਾਦੀ ਮੌਜੂਦ ਹਨ।

ਸੂਤਰਾਂ ਮੁਤਾਬਕ, ਆਉਣ ਵਾਲੇ ਦਿਨਾਂ 'ਚ ਪਾਕਿ ਫ਼ੌਜ ਜੰਗਬੰਦੀ ਦੀ ਉਲੰਘਣਾ 'ਚ ਵਾਧਾ ਕਰ ਸਕਦੀ ਹੈ ਤੇ ਘੁਸਪੈਠ ਦੀ ਕੋਸ਼ਿਸ਼ ਵੀ ਵੱਧ ਸਕਦੀ ਹੈ। ਇਸ ਨੂੰ ਦੇਖਦੇ ਹੋਏ ਕੰਟਰੋਲ ਰੇਖਾ 'ਤੇ ਚੌਕਸੀ ਨੂੰ ਪਹਿਲਾਂ ਤੋਂ ਜ਼ਿਆਦਾ ਸਖ਼ਤ ਕਰ ਦਿੱਤਾ ਗਿਆ ਹੈ।