ਜੇਐੱਨਐੱਨ, ਨਵੀਂ ਦਿੱਲੀ : Nirbhaya Case Latest News : ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵੱਲੋਂ ਜਾਰੀ ਡੈੱਥ ਵਾਰੰਟ ਮੁਤਾਬਿਕ ਸ਼ੁੱਕਰਵਾਰ ਸਵੇਰੇ ਨਿਰਭੈਆ ਦੇ ਸਾਰੇ ਚਾਰਾਂ ਦੋਸ਼ੀਆਂ ਵਿਨੈ ਕੁਮਾਰ ਸ਼ਰਮਾ, ਪਵਨ ਕੁਮਾਰ ਗੁਪਤਾ, ਮੁਕੇਸ਼ ਸਿੰਘ ਤੇ ਅਕਸ਼ੈ ਕੁਮਾਰ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ। ਇਸ ਤਰ੍ਹਾਂ ਨਿਰਭੈਆ ਨੂੰ ਸਾਢੇ ਸੱਤ ਸਾਲ ਬਾਅਦ ਹੁਣ ਜਾ ਕੇ ਇਨਸਾਫ਼ ਮਿਲਿਆ ਹੈ।

ਦੱਸ ਦੇਈਏ ਕਿ 16 ਦਸੰਬਰ, 2012 ਨੂੰ ਦਿੱਲੀ ਦੇ ਵਸੰਤ ਵਿਹਾਰ 'ਚ 23 ਸਾਲਾ ਪੈਰਾਮੈਡੀਕਲ ਦੀ ਵਿਦਿਆਰਥਣ ਨਾਲ ਚੱਲਦੀ ਬੱਸ 'ਚ ਦਰਿੰਦਗੀ ਕੀਤੀ ਗਈ ਸੀ ਜਿਸ ਵਿਚ ਕੁੱਲ 6 ਲੋਕ ਸ਼ਾਮਲ ਸਨ। ਇਨ੍ਹਾਂ ਵਿਚੋਂ 5 ਦੇ ਨਾਂ ਰਾਮ ਸਿੰਘ, ਵਿਨੈ, ਪਵਨ, ਮੁਕੇਸ਼ ਤੇ ਅਕਸ਼ੈ ਹਨ, ਜਦਕਿ ਛੇਵਾਂ ਮੁਲਜ਼ਮ ਨਾਬਾਲਗ ਸੀ। ਇਕ ਮੁਲਜ਼ਮ ਰਾਮ ਸਿੰਘ ਨੇ ਸਾਲ 2013 'ਚ ਤਿਹਾੜ ਜੇਲ੍ਹ 'ਚ ਹੀ ਫਾਂਸੀ ਲਾ ਲਈ ਸੀ ਜਦਕਿ ਛੇਵਾਂ ਦੋਸ਼ੀ ਜ਼ਿੰਦਾ ਤੇ ਜ਼ੁਵੇਨਾਈਲ ਕੋਰਟ ਤੋਂ ਸਜ਼ਾ ਪੂਰੀ ਕਰ ਕੇ ਦੇਸ਼ ਦੇ ਕਿਸੇ ਕੋਨੇ 'ਚ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਹੈ।

ਕਾਬਿਲੇਗ਼ੌਰ ਹੈ ਕਿ ਨਿਰਭੈਆ ਨਾਲ ਸਮੂਹਕ ਜਬਰ ਜਨਾਹ ਮਾਮਲੇ 'ਚ ਦਿੱਲੀ ਪੁਲਿਸ ਨੇ ਕੜੀ ਮੁਸ਼ੱਕਤ ਤੋਂ ਬਾਅਦ 6 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਸੀ। ਜੇਲ੍ਹ ਭੇਜਣ ਤੋਂ ਬਾਅਦ 6 ਵਿਚੋਂ ਇਕ ਮੁਲਜ਼ਮ ਨੇ ਦਾਅਵਾ ਕੀਤਾ ਸੀ ਕਿ ਉਹ ਨਾਬਾਲਗ ਹੈ। ਇਸ ਤੋਂ ਬਾਅਦ ਉਹ ਇਸ ਨਾਲ ਜੁੜੇ ਤਮਾਮ ਕਾਗ਼ਜ਼ਾਤ ਲੈ ਕੇ ਸਾਹਮਣੇ ਆਇਆ ਤਾਂ ਉਸ ਨੂੰ ਨਾਬਾਲਗ ਹੀ ਮੰਨਣਾ ਪਿਆ।

ਇਸ ਤੋਂ ਬਾਅਦ ਅਦਾਲਤ ਨੇ ਉਸ ਵੇਲੇ ਮੌਜੂਦਾ ਕਾਨੂੰਨ ਦੇ ਮੱਦੇਨਜ਼ਰ ਉਸ ਨੂੰ ਨਾਬਾਲਗ ਮੰਨ ਕੇ ਮੁਕੱਦਮਾ ਚਲਾਉਣ ਦੀ ਬਜਾਏ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ। 2016 'ਚ ਹੀ ਉਹ ਜ਼ੁਵੇਨਾਈਲ ਕੋਰਟ ਤੋਂ ਰਿਹਾਅ ਕਰ ਦਿੱਤਾ ਗਿਆ। ਉਹ ਕਿੱਥੇ ਹੈ ਤੇ ਕੀ ਕਰ ਰਿਹਾ ਹੈ? ਇਸ ਬਾਰੇ ਕੋਈ ਠੀਕ ਤੌਰ 'ਤੇ ਕੁਝ ਨਹੀਂ ਜਾਣਦਾ, ਪਰ ਇਹ ਜ਼ਰੂਰੀ ਖ਼ਬਰ ਹੈ ਕਿ ਉਹ ਦੱਖਣੀ ਭਾਰਤ ਦੇ ਕਿਸੇ ਸੂਬੇ 'ਚ ਕੁੱਕ ਦਾ ਕੰਮ ਕਰਦਾ ਹੈ।

ਉਸ ਨੂੰ ਜ਼ੁਵੇਨਾਈਲ 'ਚ ਸਜ਼ਾ ਕੱਟਣ ਦੌਰਾਨ ਹੁਨਰਮੰਦ ਬਣਾਉਣ ਵਾਲੇ ਗ਼ੈਰ-ਸਰਕਾਰੀ ਸੰਗਠਨ ਦਾ ਕਹਿਣਾ ਹੈ ਕਿ ਦਿੱਲੀ ਤੋਂ ਉਹ ਦੱਖਣੀ ਭਾਰਤ ਚਲਾ ਗਿਆ ਤੇ ਉੱਥੇ ਨਾਂ ਬਦਲ ਕੇ ਰਹਿ ਰਿਹਾ ਹੈ। ਉੱਥੇ ਉਹ ਕੁੱਕ ਦਾ ਕੰਮ ਕਰ ਰਿਹਾ ਹੈ। ਖਾਣਾ ਬਣਾਉਣ ਦਾ ਕੰਮ ਇਸ ਨਾਬਾਲਗ ਦੋਸ਼ੀ ਨੇ ਦਿੱਲੀ 'ਚ ਰਹਿਣ ਦੌਰਾਨ ਸਿੱਖਿਆ ਸੀ।

ਦੱਸਿਆ ਜਾਂਦਾ ਹੈ ਕਿ ਇਸ ਨਾਬਾਲਗ ਦੋਸ਼ੀ ਦਾ ਕੋਈ ਅਪਰਾਧਕ ਰਿਕਾਰਡ ਵੀ ਨਹੀਂ ਸੀ। ਅਸਲ ਵਿਚ ਬੱਸ ਡਰਾਈਵਰ 'ਤੇ ਉਸ ਦੇ 8000 ਰੁਪਏ ਬਕਾਇਆ ਸਨ। 16 ਦਸੰਬਰ, 2012 ਨੂੰ ਵੀ ਉਹ ਆਪਣੇ ਪੈਸੇ ਲੈਣ ਹੀ ਗਿਆ ਸੀ। ਰਾਤ ਨੂੰ ਬੱਸ 'ਚ ਮੌਜੂਦ ਰਹਿਣ ਦੌਰਾਨ ਉਹ ਵੀ ਪੰਜਾਂ ਦੇ ਨਾਲ ਇਸ ਅਪਰਾਧ 'ਚ ਸ਼ਾਮਲ ਹੋ ਗਿਆ। ਮਹਿਜ਼ 11 ਸਾਲ ਦੀ ਉਮਰ 'ਚ ਬਿਹਤਰ ਜ਼ਿੰਦਗੀ ਦੀ ਤਲਾਸ਼ 'ਚ ਉਹ ਦਿੱਲੀ ਚਲਾ ਗਿਆ ਸੀ।

Posted By: Seema Anand