ਸਟੇਟ ਬਿਊਰੋ, ਮੁੰਬਈ : ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇਸੇ ਮਾਮਲੇ ਨਾਲ ਜੁੜੇ ਡਰੱਗ ਰੈਕੇਟ ਦੀ ਜਾਂਚ 'ਚ ਬੁੱਧਵਾਰ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੂੰ ਵੱਡੀ ਸਫਲਤਾ ਮਿਲੀ ਹੈ। ਐੱਨਸੀਬੀ ਨੇ ਢਾਈ ਕਰੋੜ ਰੁਪਏ ਤੋਂ ਜ਼ਿਆਦਾ ਦੀ ਨਾਜਾਇਜ਼ ਡਰੱਗ ਤੋਂ ਇਲਾਵਾ ਇਕ ਵੱਡੇ ਡਰੱਗ ਪੈਡਲਰ ਰੀਗਲ ਮਹਾਕਾਲ ਨੂੰ ਗਿ੍ਫ਼ਤਾਰ ਕਰ ਲਿਆ ਹੈ। ਰੀਗਲ ਨੂੰ ਸਥਾਨਕ ਅਦਾਲਤ ਨੇ ਦੋ ਦਿਨਾਂ ਦੇ ਐੱਨਸੀਬੀ ਰਿਮਾਂਡ ਭੇਜ ਦਿੱਤਾ ਹੈ।

ਰੀਗਲ ਮਹਾਕਾਲ ਛੇ ਸਤੰਬਰ ਨੂੰ ਗਿ੍ਫ਼ਤਾਰ ਕੀਤੇ ਗਏ ਅਨੁਜ ਕੇਸ਼ਵਾਨੀ ਦਾ ਸਾਥੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਮਹਿਲਾ ਮਿੱਤਰ ਰੀਆ ਚੱਕਰਵਰਤੀ ਤੇ ਉਸ ਦੇ ਭਰਾ ਸ਼ੌਵਿਕ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਅਨੁਜ ਹੀ ਕਰਦਾ ਸੀ, ਜੋ ਉਸ ਨੂੰ ਰੀਗਲ ਮਹਾਕਾਲ ਤੋਂ ਮਿਲਦੀ ਸੀ। ਅਨੁਜ ਦੀ ਗਿ੍ਫ਼ਤਾਰੀ ਰੀਆ ਤੇ ਸ਼ੌਵਿਕ ਨੂੰ ਗਿ੍ਫ਼ਤਾਰ ਕੀਤੇ ਜਾਣ ਤੋਂ ਕਰੀਬ ਇਕ ਮਹੀਨੇ ਪਹਿਲਾਂ ਹੀ ਹੋ ਚੁੱਕੀ ਸੀ। ਅਨੁਜ ਨੇ ਉਦੋਂ ਐੱਨਸੀਬੀ ਦੇ ਸਾਹਮਣੇ ਰੀਗਲ ਮਹਾਕਾਲ ਦੇ ਨਾਂ ਨੂੰ ਉਜਾਗਰ ਕਰ ਦਿੱਤਾ ਸੀ ਪਰ ਰੀਗਲ ਐੱਨਸੀਬੀ ਦੀ ਪਕੜ 'ਚ ਆ ਗਿਆ ਹੈ। ਰੀਗਲ ਨੇ ਅੰਧੇਰੀ ਉਪ ਨਗਰ ਦੇ ਲੋਖੰਡਵਾਲਾ ਮਿੱਤਲ ਨਗਰ ਸਥਿਤ ਇਕ ਘਰ 'ਚ ਆਪਣਾ ਗੁਦਾਮ ਬਣਾਇਆ ਹੋਇਆ ਸੀ। ਜਿਥੋਂ ਬੁੱਧਵਾਰ ਸਵੇਰੇ ਐੱਨਸੀਬੀ ਨੇ ਕਰੀਬ ਢਾਈ ਕਰੋੜ ਰੁਪਏ ਕੀਮਤ ਦੀ ਪੰਜ ਕਿਲੋ ਮਲਾਨਾ ਕਰੀਮ (ਪ੍ਰਰੋਸੈਸਡ ਹਸ਼ੀਸ਼), ਐਕਸਟੈਸੀ ਟੈਬਲੈੱਟ ਤੇ ਅਫ਼ੀਮ ਤੋਂ ਇਲਾਵਾ 14 ਲੱਖ ਰੁਪਏ ਨਕਦ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਘਰ ਦੇ ਮਾਲਕ ਆਜ਼ਮ ਸ਼ੇਖ ਜੁੰਮਨ ਨੂੰ ਵੀ ਹਿਰਾਸਤ 'ਚ ਲੈ ਲਿਆ ਹੈ। ਉਸ ਤੋਂ ਐੱਨਸੀਬੀ ਦਫ਼ਤਰ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਦੇ ਸੁਰਾਗ 'ਤੇ ਲੋਖੰਡਵਾਲਾ ਮਿੱਤਲ ਨਗਰ 'ਚ ਛਾਪੇ ਦੀ ਕਾਰਵਾਈ ਵੀ ਜਾਰੀ ਹੈ। ਮੰਨਿਆ ਜਾ ਰਿਹਾ ਹੈ ਕਿ ਜੁੰਮਨ ਤੇ ਰੀਗਲ ਤੋਂ ਪੁੱਛਗਿੱਛ 'ਚ ਐੱਨਸੀਬੀ ਨੂੰ ਡਰੱਗ ਰੈਕੇਟ ਹੋਰ ਗੂੜੇ ਸਬੰਧਾਂ ਦਾ ਪਤਾ ਲੱਗ ਸਕਦੇ ਹਨ। ਸੁਸ਼ਾਂਤ ਦੀ ਮੌਤ ਤੋਂ ਬਾਅਦ ਡਰੱਗ ਰੈਕੇਟ ਦੀ ਸ਼ੁਰੂ ਹੋਈ ਜਾਂਚ 'ਚ ਇਹ ਵੀ ਹੁਣ ਤਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਸ਼ੱਕੀ ਹਾਲਾਤ 'ਚ ਮੌਤ ਤੋਂ ਬਾਅਦ ਉਨ੍ਹਾਂ ਦੇ ਪੈਸਿਆਂ ਦੇ ਲੈਣ-ਦੇਣ ਦੀ ਜਾਂਚ ਈਡੀ ਕਰ ਰਿਹਾ ਸੀ। ਉਸੇ ਲੜੀ 'ਚ ਸੁਸ਼ਾਂਤ ਦੀ ਮਹਿਲਾ ਮਿੱਤਰ ਚੱਕਰਵਰਤੀ ਦੇ ਮੋਬਾਈਲ 'ਚੋਂ ਕੁਝ ਪੁਰਾਣੀ ਚੈਟ ਦੀ ਪੜਤਾਲ ਕਰਦਿਆਂ ਈਡੀ ਨੂੰ ਡਰੱਗ ਰੈਕੇਟ ਦਾ ਪਤਾ ਲੱਗਾ ਸੀ। ਈਡੀ ਨੇ ਉਸੇ ਸਮੇਂ ਡਰੱਗ ਰੈਕੇਟ ਦੀ ਸੂਚਨਾ ਐੱਨਸੀਬੀ ਨੂੰ ਦੇ ਦਿੱਤੀ ਸੀ। ਐੱਨਸੀਬੀ ਉਦੋਂ ਤੋਂ ਸੁਸ਼ਾਂਤ ਮਾਮਲੇ ਤੋਂ ਵੱਖਰੀ ਐੱਫਆਈਆਰ ਦਰਜ ਕਰ ਕੇ ਬਾਲੀਵੁੱਡ ਦੇ ਡਰੱਗ ਰੈਕੇਟ ਦੀ ਜਾਂਚ ਕਰ ਰਹੀ ਹੈ। ਉਦੋਂ ਤੋਂ ਹੁਣ ਤਕ ਰੀਆ ਚੱਕਰਵਰਤੀ, ਸ਼ੌਵਿਕ ਚੱਕਰਵਰਤੀ, ਅਨੁਜ ਕੇਸ਼ਵਾਨੀ, ਭਾਰਤੀ ਸਿੰਘ ਸਮੇਤ ਦੋ ਦਰਜਨ ਤੋਂ ਜ਼ਿਆਦਾ ਗਿ੍ਫ਼ਤਾਰੀਆਂ ਹੋ ਚੁੱਕੀਆਂ ਹਨ। ਦੀਪਿਕਾ ਪਾਦੂਕੋਣ, ਸਾਰਾ ਅਲੀ ਖ਼ਾਨ, ਸ਼ਰਧਾ ਕਪੂਰ ਤੇ ਅਰਜੁਨ ਰਾਮਪਾਲ ਤੋਂ ਪੁੱਛਗਿੱਛ ਕਰ ਚੁੱਕੀ ਹੈ। ਗਿ੍ਫ਼ਤਾਰ ਕੀਤੇ ਗਏ ਕੁਝ ਲੋਕਾਂ ਨੂੰ ਜ਼ਮਾਨਤ ਵੀ ਮਿਲ ਚੁੱਕੀ ਹੈ। ਇਸ ਜਾਂਚ ਦੌਰਾਨ ਇਕ ਵਾਰ ਐੱਨਸੀਬੀ ਦੀ ਟੀਮ 'ਤੇ ਇਕ ਵਾਰ ਹਮਲਾ ਵੀ ਹੋਇਆ ਸੀ ਪਰ ਐੱਨਸੀਬੀ ਦੀ ਜ਼ੋਨਲ ਟੀਮ ਲਗਾਤਾਰ ਬਾਲੀਵੁੱਡ ਦੇ ਡਰੱਗ ਰੈਕਟ ਦੀ ਤਹਿ 'ਚ ਜਾਣ ਦੀ ਕੋਸ਼ਿਸ਼ ਕਰ ਰਹੀ ਹੈ।