ਬਿਸ਼ਕੇਕ (ਪੀਟੀਆਈ) : ਭਾਰਤ ਨੇ ਬੁੱਧਵਾਰ ਨੂੰ ਕਿਹਾ ਕਿ ਸ੍ਰੀਲੰਕਾ 'ਚ ਲੜੀਵਾਰ ਧਮਾਕੇ ਅਜਿਹੇ ਵੇਲੇ ਹੋਏ ਜਦੋਂ ਪੁਲਵਾਮਾ ਅੱਤਵਾਦੀ ਹਮਲੇ ਦੇ ਜ਼ਖ਼ਮ ਭਰੇ ਵੀ ਨਹੀਂ ਸਨ। ਇਨ੍ਹਾਂ ਘਟਨਾਵਾਂ ਨੇ ਭਾਰਤ ਨੂੰ ਅੱਤਵਾਦ ਵਿਰੁੱਧ ਦਿ੍ੜਤਾ ਨਾਲ ਲੜਨ ਲਈ ਹੋਰ ਜ਼ਿਆਦਾ ਪ੍ਰਤੀਬੱਧ ਬਣਾਇਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇੱਥੇ ਕਿਰਗਿਸਤਾਨ ਦੀ ਰਾਜਧਾਨੀ 'ਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਮੁੱਚੇ ਸਹਿਯੋਗਾਤਮਕ ਤੇ ਸਥਾਈ ਸੁਰੱਖਿਆ ਲਈ ਐੱਸਸੀਓ ਸੰਰਚਨਾ 'ਚ ਸਹਿਯੋਗ ਲਗਾਤਾਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਸਵਰਾਜ ਨੇ ਕਿਹਾ ਕਿ ਸਾਡੀਆਂ ਸੰਵੇਦਨਾਵਾਂ ਹਾਲ ਹੀ ਵਿਚ ਭਿਅੰਕਰ ਅੱਤਵਾਦੀ ਕਾਰੇ ਦਾ ਗਵਾਹ ਬਣੇ ਸ੍ਰੀਲੰਕਾ ਦੇ ਸਾਡੇ ਭੈਣਾਂ ਤੇ ਭਰਾਵਾਂ ਨਾਲ ਹਨ। ਪੁਲਵਾਮਾ ਹਮਲੇ ਤੋਂ ਮਿਲੇ ਸਾਡੇ ਜ਼ਖ਼ਮੀ ਅਜੇ ਹਰੇ ਹੀ ਸਨ ਕਿ ਗੁਆਂਢੀ ਮੁਲਕ ਤੋਂ ਮਿਲੀ ਅਤਿਅੰਤ ਮੰਦਭਾਗੀ ਖ਼ਬਰ ਨੇ ਅੱਤਵਾਦ ਵਿਰੁੱਧ ਦਿ੍ੜਤਾ ਨਾਲ ਲੜਨ ਲਈ ਸਾਨੂੰ ਹੋਰ ਪ੍ਰਤੀਬੱਧ ਬਣਾ ਦਿੱਤਾ। ਸ੍ਰੀਲੰਕਾ ਦੇ ਤਿੰਨ ਗਿਰਜਿਆਂ ਤੇ ਤਿੰਨ ਹੋਟਲਾਂ 'ਤੇ 21ਅਪ੍ਰੈਲ ਨੂੰ ਨੌਂ ਆਤਮਘਾਤੀ ਹਮਲਾਵਰਾਂ ਵੱਲੋਂ ਕੀਤੇ ਗਏ ਧਮਾਕਿਆਂ 'ਚ 250 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਤੇ 500 ਹੋਰ ਜ਼ਖ਼ਮੀ ਹੋ ਗਏ ਸਨ। ਕੌਮਾਂਤਰੀ ਅੱਤਵਾਦੀ ਜਮਾਤ ਆਈਐੱਸ ਨੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਪਰ ਸ੍ਰੀਲੰਕਾ ਸਰਕਾਰ ਨੇ ਸਥਾਨਕ ਇਸਲਾਮਕ ਕੱਟੜਪੰਥੀ ਸਮੂਹ ਨੈਸ਼ਨਲ ਥਾਵਹੀਦ ਜਮਾਤ (ਐੱਨਟੀਜੇ) 'ਤੇ ਦੋਸ਼ ਲਾਇਆ ਹੈ। ਇਸ ਤੋਂ ਕੁਝ ਮਹੀਨੇ ਪਹਿਲਾਂ ਹੀ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀਆਰਪੀਐੱਫ ਦੇ ਜਵਾਨਾਂ 'ਤੇ ਹੋਏ ਪਾਕਿਸਤਾਨ ਦੇ ਅੱਤਵਾਦੀ ਜਮਾਤ ਜੈਸ਼-ਏ-ਮੁਹੰਮਦ ਦੇ ਆਤਮਘਾਤੀ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ।

ਸਵਰਾਜ ਨੇ ਕਿਹਾ ਕਿ ਭਾਰਤ ਖੇਤਰੀ ਅੱਤਵਾਦ ਰੋਕੂ ਢਾਂਚੇ (ਆਰਏਟੀਐੱਸ) ਦੇ ਕਾਰਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਤਰੀਕਿਆਂ ਸਬੰਧੀ ਵਿਚਾਰਾਂ ਨੂੰ ਅਪਣਾਉਣ ਲਈ ਤਿਆਰ ਹੈ। ਆਰਏਟੀਐੱਸ ਵਿਸ਼ੇਸ਼ ਰੂਪ ਨਾਲ ਸੁਰੱਖਿਆ ਸਬੰਧੀ ਮਾਮਲੇ ਵੇਖਦਾ ਹੈ।

ਭਾਰਤ 2017 'ਚ ਇਸ ਸਮੂਹ ਦਾ ਪੂਰਨ ਮੈਂਬਰ ਬਣਿਆ ਸੀ ਤੇ ਭਾਰਤ ਦੇ ਇਸ ਵਿਚ ਸ਼ਾਮਲ ਹੋਣ ਨਾਲ ਖੇਤਰੀ ਭੂ-ਰਾਜਨੀਤੀ 'ਚ ਸਮੂਹ ਦਾ ਮਹੱਤਵ ਵੱਧ ਗਿਆ। ਭਾਰਤ ਦੇ ਨਾਲ ਹੀ ਪਾਕਿਸਤਾਨ ਨੂੰ ਵੀ 2017 'ਚ ਐੱਸਸੀਓ ਦੀ ਮੈਂਬਰੀ ਮਿਲੀ ਸੀ। ਸ਼ੰਘਾਈ 'ਚ 2001 'ਚ ਇਕ ਸਿਖਰ ਸੰਮੇਲਨ 'ਚ ਰੂਸ, ਚੀਨ, ਕਿਰਗਿਸਤਾਨ ਰਿਪਬਲਿਕ, ਕਜ਼ਾਕਿਸਤਾਨ, ਤਜਾਕਿਸਤਾਨ ਤੇ ਉਜ਼ਬੇਕਿਸਤਾਨ ਨੇ ਐੱਸਸੀਓ ਦੀ ਸਥਾਪਨਾ ਕੀਤੀ ਸੀ।

ਭਾਰਤ ਨੇ ਨਿਯਮ ਆਧਾਰਿਤ, ਪਾਰਦਰਸ਼ੀ ਵਪਾਰ ਪ੍ਰਣਾਲੀ ਦਾ ਪੱਖ ਲਿਆ

ਸੁਸ਼ਮਾ ਨੇ ਚੀਨ ਤੇ ਅਮਰੀਕਾ ਵਿਚਾਲੇ ਜਾਰੀ ਵਪਾਰ ਦਰਮਿਆਨ ਕਿਹਾ ਕਿ ਭਾਰਤ ਨਿਯਮ ਆਧਾਰਿਤ ਪਾਰਦਰਸ਼ੀ, ਨਿਰਪੱਖ, ਖੁੱਲ੍ਹੀ ਤੇ ਸਮੁੱਚੀ ਵਪਾਰ ਪ੍ਰਣਾਲੀ ਅਪਣਾਉਂਦਾ ਹੈ ਜੋ ਵਿਸ਼ਵ ਵਪਾਰ ਸੰਗਠਨ ਅਨੁਸਾਰ ਹੈ। ਭਾਰਤ ਇਕਪਾਸੜ ਤੇ ਸੁਰੱਖਿਆਵਾਦ ਦਾ ਦਿ੍ੜਤਾ ਨਾਲ ਵਿਰੋਧ ਕਰਦਾ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਸੁਧਾਰ ਦੇ ਸਮਰਥਨ ਦੀ ਕੀਤੀ ਅਪੀਲ

ਵਿਦੇਸ਼ ਮੰਤਰੀ ਨੇ ਐੱਸਸੀਓ ਦੇ ਮੈਂਬਰ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਮੁੱਚੇ ਸੁਧਾਰ ਯਤਨਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਤਾਂ ਜੋ ਸੁਧਾਰਾਂ ਨਾਲ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਬਰਾਜ਼ੀਲ, ਜਰਮਨੀ ਤੇ ਜਾਪਾਨ ਨਾਲ ਭਾਰਤ ਲੰਬੇ ਸਮੇਂ ਤੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਪ੍ਰ'ਚ ਸੁਧਾਰ ਦੀ ਮੰਗ ਕਰਦਾ ਚਲਿਆ ਆ ਰਿਹਾ ਹੈ।

ਮੀਟਿੰਗ 'ਚ ਪਾਕਿ ਵਿਦੇਸ਼ ਮੰਤਰੀ ਕੁਰੈਸ਼ੀ ਦੇ ਨੇੜੇ ਹੀ ਬੈਠੀ ਸਵਰਾਜ

ਸੁਸ਼ਮਾ ਸਵਰਾਜ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਬੁੱਧਵਾਰ ਨੂੰ ਐੱਸਸੀਓ ਦੀ ਮੀਟਿੰਗ 'ਚ ਇਕ ਦੂਜੇ ਦੇ ਨੇੜੇ ਬੈਠੇ। 2005 ਤਕ ਭਾਰਤ ਐੱਸਸੀਓ 'ਚ ਆਬਜ਼ਰਵਰ ਰਿਹਾ ਤੇ ਪਾਕਿਸਤਾਨ ਦੇ ਨਾਲ ਹੀ 2017 'ਚ ਇਸ ਨੂੰ ਮੈਂਬਰੀ ਦਿੱਤੀ ਗਈ।