ਪਟਨਾ: ਲੋਕ ਸਭਾ ਚੋਣਾਂ 'ਚ ਆਰਜੇਡੀ ਦੀ ਹਾਰ ਤੋਂ ਬਾਅਦ ਲਾਲੂ ਯਾਦਵ ਸਦਮੇ 'ਚ ਹਨ ਅਤੇ ਇਸ ਦਾ ਸਿੱਧਾ ਅਸਰ ਉਨ੍ਹਾਂ ਦੀ ਸਿਹਤ 'ਤੇ ਪਿਆ ਹੈ। ਇਸ ਨਾਲ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਚਿੰਤਾ ਵੱਧ ਗਈ ਹੈ। ਪਟਨਾ ਦੇ ਰਿਮਸ ਦੇ ਡਾਕਟਰਾਂ ਅਨੁਸਾਰ ਤਿੰਨ ਦਿਨਾਂ ਤੋਂ ਉਨ੍ਹਾਂ ਨੂੰ ਨਾ ਨੀਂਦ ਆ ਰਹੀ ਹੈ, ਨਾ ਹੀ ਖਾਣਾ ਖਾ ਰਹੇ ਹਨ। ਡਾ. ਉਮੇਸ਼ ਪ੍ਰਸਾਦ ਦੇ ਮੁਤਾਬਿਕ, ਲਾਲੂ ਸਵੇਰੇ ਨਾਸ਼ਤਾ ਮੁਸ਼ਕਿਲ ਨਾਲ ਕਰ ਰਹੇ ਹਨ, ਪਰ ਦੁਪਹਿਰ ਦਾ ਖਾਣਾ ਤਾਂ ਬਿਲਕੁਲ ਛੱਡ ਦਿੱਤਾ ਹੈ। ਇਸ ਕਾਰਨ ਉਨ੍ਹਾਂ ਦੀ ਇਨਸੁਲਿਨ ਦੇਣ 'ਚ ਪਰੇਸ਼ਾਨੀ ਹੋ ਰਹੀ ਹੈ। ਸੰਭਵ ਹੈ ਤਣਾਅ ਕਾਰਨ ਉਨ੍ਹਾਂ ਦੀ ਇਹ ਸਥਿਤੀ ਹੈ।

ਇਸ ਦੌਰਾਨ ਡਾਕਟਰਾਂ ਨੇ ਨਾਲ ਹੀ ਪਰਿਵਾਰ ਦੇ ਲੋਕ ਲਾਲੂ ਨੂੰ ਸਮਝਾਉਣ 'ਚ ਲੱਗੇ ਹਨ। ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਸਿਹਤ ਨੂੰ ਦੇਖਦੇ ਹੋਏ ਸਮਾਂ 'ਤੇ ਖਾਣਾ ਅਤੇ ਦਵਾਈ ਜ਼ਰੂਰੀ ਹੈ। ਜੇਕਰ ਸਮੇਂ 'ਤੇ ਖਾਣਾ ਨਾ ਖਾਧਾ ਤਾਂ ਦਵਾਈ ਨਹੀਂ ਦਿੱਤੀ ਜਾ ਸਕੇਗੀ। ਡਾ. ਪ੍ਰਸਾਦ ਮੁਤਾਬਿਕ ਤਣਾਅ ਦਾ ਅਸਰ ਉਨ੍ਹਾਂ ਦੇ ਬਲੱਡ ਪ੍ਰੈਸ਼ਰ ਤੇ ਸ਼ੂਗਰ 'ਤੇ ਪੈ ਸਕਦਾ ਹੈ।

ਦੱਸ ਦੇਈਏ ਕਿ ਉਨ੍ਹਾਂ ਦੀ ਪਾਰਟੀ ਨੂੰ ਚੋਣ ਨਤੀਜਿਆਂ ਤੋਂ ਵੱਡੀ ਉਮੀਦ ਸੀ। ਲਾਲੂ ਦੀ ਗੈਰ-ਮੌਜੂਦਗੀ 'ਚ ਚੋਣ ਪ੍ਰਚਾਰ ਦਾ ਪੂਰਾ ਜਿੰਮਾ ਉਨ੍ਹਾਂ ਦੇ ਛੋਟੇ ਬੇਟੇ ਤੇਜਸਵੀ ਨੇ ਚੁੱਕਿਆ ਸੀ। ਰਾਬੜੀ ਦੇਰੀ ਅਤੇ ਬੇਟੀ ਸੀਮਾ ਭਾਰਤੀ ਨੇ ਵੀ ਪੂਰਾ ਜ਼ੋਰ ਲਗਾਇਆ ਸੀ ਪਰ ਪਾਰਟੀ ਇਕ ਵੀ ਸੀਟ ਨਹੀਂ ਜਿੱਤ ਸਕੀ। ਨਤੀਜਿਆਂ ਦੇ ਦਿਨ ਲਾਲੂ ਸਵੇਰੇ ਅੱਠ ਵਜੇ ਤੋਂ ਟੀਵੀ ਲਗਾ ਕੇ ਦੇਖ ਰਹੇ ਸਨ। ਜਿਵੇਂ ਜਿਵੇਂ ਚੋਣ ਨਤੀਜੇ ਆਉਣ ਲੱਗੇ ਉਨ੍ਹਾਂ ਦੀ ਉਦਾਸੀ ਵਧਦੀ ਚਲੀ ਗਈ। ਦੁਪਹਿਰ ਇਕ ਵਜੇ ਤਾਂ ਉਹ ਟੀਵੀ ਬੰਦ ਕਰ ਚੁੱਪਚਾਪ ਸੌਂ ਗਏ। ਉਸ ਦੇ ਬਾਅਦ ਤੋਂ ਹੀ ਉਨ੍ਹਾਂ ਦੀ ਰੂਟੀਨ ਵਿਗੜ ਗਈ ਹੈ।

Posted By: Akash Deep