Lala Lajpat Rai Birthday : ਭਾਰਤ ਦੇ ਮਹਾਨ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਜਨਮ 28 ਜਨਵਰੀ 1865 ਨੂੰ ਪੰਜਾਬ ਦੇ ਮੋਗਾ ਜ਼ਿਲ੍ਹੇ ਵਿਚ ਹੋਇਆ। ਲਾਲਾ ਲਾਜਪਤ ਰਾਏ ਨੇ ਇਕ ਰਾਸ਼ਟਰੀ ਨੇਤਾ, ਲੇਖਕ ਅਤੇ ਵਕੀਲ ਦੇ ਤੌਰ ’ਤੇ ਦੇਸ਼ ਨੂੰ ਆਪਣਾ ਵਡਮੁੱਲਾ ਯੋਗਦਾਨ ਦਿੱਤਾ। ਆਰੀਆ ਸਮਾਜ ਤੋਂ ਪ੍ਰਭਾਵਿਤ ਲਾਲਾ ਲਾਜਪਤ ਰਾਏ ਨੇ ਪੂਰੇ ਦੇਸ਼ ਵਿਚ ਇਸ ਦਾ ਪ੍ਰਚਾਰ ਪਸਾਰ ਕੀਤਾ। ਪੰਜਾਬ ਵਿਚ ਉਨ੍ਹਾਂ ਨੂੰ ਆਪਣੇ ਕੀਤੇ ਕੰਮਾਂ ਕਾਰਨ ਪੰਜਾਬ ਕੇਸਰੀ ਦੀ ਉਪਾਧੀ ਮਿਲੀ।

ਲਾਲਾ ਲਾਜਪਤ ਰਾਏ ਦੇ ਪਿਤਾ ਮੁਨਸ਼ੀ ਰਾਧਾ ਕ੍ਰਿਸ਼ਨ ਆਜ਼ਾਦ ਉਰਦੂ ਦੇ ਅਧਿਆਪਕ ਸਨ। ਲਾਲ ਲਾਜਪਤ ਰਾਏ ਬਚਪਨ ਤੋਂ ਹੀ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ। 1880 ਵਿਚ ਇਨ੍ਹਾਂ ਨੇ ਕਲੱਕਤਾ ਅਤੇ ਪੰਜਾਬ ਯੂਨੀਵਰਸਿਟੀ ਦੀ ਐਂਟਰੈਸ ਪ੍ਰੀਖਿਆ ਇਕ ਹੀ ਸਾਲ ਵਿਚ ਪਾਸ ਕੀਤੀ। ਪੇਸ਼ੇ ਵਜੋਂ ਵਕੀਲ ਲਾਲ ਲਾਜਪਤ ਰਾਏ ਪ੍ਰੈਕਟਿਸ ਦੌਰਾਨ ਉਹ ਆਰੀਆ ਸਮਾਜ ਦੇ ਸੰਪਰਕ ਵਿਚ ਆਏ ਅਤੇ ਉਸ ਦੇ ਮੈਂਬਰ ਬਣ ਗਏ। 1885 ਵਿਚ ਕਾਂਗਰਸ ਦੀ ਸਥਾਪਨਾ ਸਮੇਂ ਲਾਲਾ ਲਾਜਪਤ ਰਾਏ ਇਸ ਵਿਚ ਪ੍ਰਮੁੱਖ ਸਥਾਨ ਰੱਖਦੇ ਸਨ।

ਲਾਲਾ ਲਾਜਪਤ ਰਾਏ ਨੇ ਪੰਜਾਬ ਵਿਚ ਆਰੀਆ ਸਮਾਜ ਸਥਾਪਤ ਕਰਨ ਵਿਚ ਵੱਡੀ ਭੂਮਿਕਾ ਨਿਭਾਈ। ਲਾਲਾ ਜੀ ਇਕ ਬੈਂਕਰ ਵੀ ਸੀ। ਉਨ੍ਹਾਂ ਨੇ ਦੇਸ਼ ਵਿਚ ਪਹਿਲਾ ਸਵਦੇਸ਼ੀ ਬੈਂਕ ਸਥਾਪਤ ਕੀਤਾ। ਉਨ੍ਹਾਂ ਨੇ ਡੀਏਵੀ (ਦਯਾਨੰਦ ਐਂਗਲੋ ਵੈਦਿਕ) ਵਿਦਿਅਕ ਸੰਸਥਾਵਾਂ ਦਾ ਵੀ ਪ੍ਰਸਾਰ ਕੀਤਾ, ਜਿਨ੍ਹਾਂ ਨੂੰ ਅੱਜ ਕੱਲ੍ਹ ਡੀਏਵੀ ਸਕੂਲ ਅਤੇ ਕਾਲਜ ਵੱਜੋਂ ਜਾਣਦੇ ਹਾਂ।

ਲਾਲਾ ਜੀ ਦੇਸ਼ ਦੇ ਉਨ੍ਹਾਂ ਨੇਤਾਵਾਂ ਵਿਚੋਂ ਇਕ ਸਨ ਜਿਨ੍ਹਾਂ ਨੇ ਬ੍ਰਿਟਿਸ਼ ਰਾਜ ਦੇ ਖਿਲਾਫ਼ ਬੇਖੌਫ਼ ਹੋ ਕੇ ਸਾਹਮਣੇ ਆਏ ਅਤੇ ਦੇਸ਼ਵਾਸੀਆਂ ਵਿਚ ਰਾਸ਼ਟਰਵਾਦ ਦੀ ਭਾਵਨਾ ਪਸਾਰ ਕੀਤਾ। ਪੰਜਾਬ ਵਿਚ ਬ੍ਰਿਟਿਸ਼ ਰਾਜ ਖਿਲਾਫ਼ ਲਾਲਾ ਜੀ ਦੀ ਆਵਾਜ਼ ਨੂੰ ਪੱਥਰ ’ਤੇ ਲਕੀਰ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਪੰਜਾਬ ਵਿਚ ਵਿਰੋਧ ਦਾ ਝੰਡਾ ਚੁੱਕਿਆ। ਜਦੋਂ ਕਮੀਸ਼ਨ ਲਾਹੌਰ ਪਹੁੰਚਿਆ ਤਾਂ ਲਾਲਾ ਜੀ ਦੀ ਅਗਵਾਈ ਵਿਚ ਇਸ ਕਾਲੇ ਝੰਡੇ ਦਿਖਾਏ ਗਏ। ਬੌਖਲਾਹਟ ਵਿਚ ਬ੍ਰਿਟਿਸ਼ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਇਸ ਲਾਠੀਚਾਰਜ ਵਿਚ ਲਾਲਾ ਜੀ ਗੰਭੀਰ ਜ਼ਖ਼ਮੀ ਹੋ ਗਏ।

ਇਸ ਗੰਭੀਰ ਜ਼ਖ਼ਮੀ ਹਾਲਤ ਵਿਚ ਲਾਲਾ ਜੀ ਨੇ ਕਿਹਾ ਕਿ ਉਨ੍ਹਾਂ ਦੇ ਸਰੀਰ ’ਤੇ ਪਈ ਇਕ ਇਕ ਸੋਟੀ ਬ੍ਰਿਟਿਸ਼ ਹਕੂਮਤ ਦੇ ਤਾਬੂਤ ਵਿਚ ਆਖਰੀ ਕਿੱਲ ਸਿੱਧ ਹੋਵੇਗੀ। ਜ਼ਖ਼ਮਾਂ ਦੀ ਤਾਬ ਲਾ ਝੱਲਦੇ ਹੋਏ 18 ਦਿਨ ਬਾਅਦ ਲਾਲਾ ਜੀ 17 ਨਵੰਬਰ 1928 ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ।

ਦੇਸ਼ ਦੇ ਇਸ ਮਹਾਨ ਸਪੂਤ ਨੇ ਜੀਵਨ ਭਾਰ ਬ੍ਰਿਟਿਸ਼ ਹਕੂਮਤ ਖਿਲਾਫ਼ ਭਾਰਤੀ ਰਾਸ਼ਟਰਵਾਦ ਨੂੰ ਮਜਬੁੂਤ ਕਰਨ ਵਿਚ ਆਪਣਾ ਅਹਿਮ ਯੋਗਦਾਨ ਪਾਇਆ। ਲਾਲਾ ਜੀ ਦੀ ਮੌਤ ਤੋਂ ਪੂਰੇ 20 ਸਾਲ ਬਾਅਦ ਭਾਰਤ ਨੂੰ ਬ੍ਰਿਟਿਸ਼ ਹਕੂਮਤ ਤੋਂ ਆਜ਼ਾਦੀ ਮਿਲ ਗਈ ਸੀ।

Posted By: Tejinder Thind