ਸੰਜੇ ਮਿਸ਼ਰ, ਨਵੀਂ ਦਿੱਲੀ : ਸਰਹੱਦ 'ਤੇ ਲਗਾਤਾਰ ਤਣਾਅ ਵਧਾ ਰਹੇ ਚੀਨ ਦਾ ਭਾਰਤ ਨੇ ਡਟ ਕੇ ਮੁਕਾਬਲਾ ਕਰਨ ਦੀ ਤਿਆਰੀ ਕੀਤੀ ਹੈ। ਬਿਨਾਂ ਕਿਸੇ ਦਬਾਅ ਵਿਚ ਆਏ ਚੀਨ ਦੀ ਹਰ ਪੈਂਤੜੇਬਾਜ਼ੀ ਨੂੰ ਨਾਕਾਮ ਬਣਾਇਆ ਜਾਵੇਗਾ। ਫ਼ੌਜ ਨੂੰ ਸਰਹੱਦ 'ਤੇ ਚੱਲ ਰਹੇ ਨਿਰਮਾਣ ਕਾਰਜਾਂ ਨੂੰ ਜਾਰੀ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਭਾਰਤ ਤੇ ਚੀਨ ਦੀ ਕੰਟਰੋਲ ਰੇਖਾ (ਐੱਲਏਸੀ) 'ਤੇ ਚੀਨੀ ਫ਼ੌਜੀਆਂ ਦੀ ਵਧਦੀਆਂ ਸਰਗਰਮੀਆਂ ਵਿਚਾਲੇ ਮੰਗਲਵਾਰ ਨੂੰ ਪੀਐੱਮ ਨਰਿੰਦਰ ਮੋਦੀ ਨੇ ਦੇਸ਼ ਦੇ ਪ੍ਰਮੁੱਖ ਫ਼ੌਜੀ ਜਰਨੈਲਾਂ ਨਾਲ ਪੂਰੇ ਹਾਲਾਤ ਦੀ ਸਮੀਖਿਆ ਕੀਤੀ। ਇਸ ਸਮੀਖਿਆ ਮੀਟਿੰਗ 'ਚ ਐੱਨਐੱਸਏ ਅਜੀਤ ਡੋਭਾਲ, ਸੀਡੀਐੱਸ ਜਨਰਲ ਬਿਪਿਨ ਰਾਵਤ ਤੇ ਤਿੰਨੋਂ ਫ਼ੌਜਾਂ ਦੇ ਮੁਖੀ ਮੌਜੂਦ ਸਨ।

ਪ੍ਰਧਾਨ ਮੰਤਰੀ ਵੱਲੋਂ ਬੁਲਾਈ ਗਈ ਇਸ ਤਰ੍ਹਾਂ ਦੀ ਪਹਿਲੀ ਮੀਟਿੰਗ ਤੋਂ ਇਹ ਸਾਫ਼ ਹੋ ਗਿਆ ਹੈ ਕਿ ਫ਼ੌਜੀ ਦਸਤੇ ਦੇ ਸਹਾਰੇ ਦਬਾਅ ਬਣਾਉਣ ਦੀ ਚੀਨੀ ਰਣਨੀਤੀ ਨੂੰ ਨਾਕਾਮ ਕੀਤਾ ਜਾਵੇਗਾ। ਨਾਲ ਹੀ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਦੋਵੇਂ ਦੇਸ਼ਾਂ ਦੇ ਸਿਆਸੀ ਆਗੂਆਂ ਵੱਲੋਂ ਮੌਜੂਦਾ ਤਣਾਅ 'ਤੇ ਹਾਲੇ ਤਕ ਕੋਈ ਟਿੱਪਣੀ ਨਹੀਂ ਕੀਤੇ ਜਾਣ ਦੇ ਬਾਵਜੂਦ ਸਰਹੱਦ 'ਤੇ ਹਾਲਾਤ ਵਿਗੜ ਰਹੇ ਹਨ।

ਲੱਦਾਖ ਸਰਹੱਦ 'ਤੇ ਭਾਰਤ ਤੇ ਚੀਨੀ ਫ਼ੌਜੀਆਂ ਦੀ ਵੱਧਦੀ ਮੌਜੂਦਗੀ ਵਿਚਾਲੇ ਭਾਰਤ ਦੇ ਲੱਦਾਖ ਖੇਤਰ ਦੇ ਗਾਲਵਨ ਵੈਲੀ 'ਤੇ ਚੀਨੀ ਦਾਅਵੇ ਨੇ ਇਸ ਤਣਾਅ 'ਚ ਹੋਰ ਇਜ਼ਾਫਾ ਕੀਤਾ ਹੈ। ਉੱਧਰ, ਉੱਤਰਾਖੰਡ-ਹਿਮਾਚਲ ਪ੍ਰਦੇਸ਼ ਨਾਲ ਚੀਨ ਨਾਲ ਜੁੜੇ ਹਰਸ਼ਿਲ ਸੈਕਟਰ 'ਚ ਵੀ ਚੀਨੀ ਫ਼ੌਜੀਆਂ ਦੀਆਂ ਸਰਗਰਮੀਆਂ ਵਧਣ ਦੀਆਂ ਖ਼ਬਰਾਂ ਆ ਰਹੀਆਂ ਹਨ। ਹਾਲਾਂਕਿ ਸਰਕਾਰੀ ਤੌਰ 'ਤੇ ਹਾਲੇ ਇਸਦੀ ਪੁਸ਼ਟੀ ਨਹੀਂ ਕੀਤੀ ਗਈ। ਵੈਸੇ ਭਾਰਤ ਵੀ ਲਗਾਤਾਰ ਇਸ ਗੱਲ ਦਾ ਸੰਕੇਤ ਦੇ ਰਿਹਾ ਹੈ ਕਿ ਉਹ ਪੂਰੇ ਮਾਮਲੇ 'ਚ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਭਾਰਤੀ ਫ਼ੌਜੀ ਸੁਤਰਾਂ ਨੇ ਸਪੱਸ਼ਟ ਕੀਤਾ ਹੈ ਕਿ ਚੀਨ ਦੇ ਇਤਰਾਜ਼ ਦੇ ਬਾਵਜੂਦ ਸਰਹੱਦੀ ਇਲਾਕਿਆਂ 'ਚ ਸੜਕਾਂ ਤੇ ਦੂਜੇ ਨਿਰਮਾਣ ਕਾਰਜ ਨੂੰ ਜਾਰੀ ਰੱਖਿਆ ਜਾਵੇਗਾ। ਲੱਦਾਖ ਸਰਹੱਦ ਦੇ ਨਜ਼ਦੀਕ ਭਾਰਤੀ ਖੇਤਰ 'ਚ ਸੜਕਾਂ ਤੇ ਦੂਜੇ ਬੁਨਿਆਦੀ ਢਾਂਚਿਆਂ ਦੇ ਨਿਰਮਾਣ ਨੂੰ ਰੋਕਣ ਦੇ ਮਕਸਦ ਨਾਲ ਹੀ ਚੀਨੀ ਫ਼ੌਜ ਨੇ ਸਰਹੱਦ ਦੀ ਉਲੰਘਣਾ ਕਰ ਕੇ ਤਣਾਅ ਵਧਾਇਆ ਹੈ।

ਪੀਐੱਮ ਨਰਿੰਦਰ ਮੋਦੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਫ਼ੌਜ ਮੁਖੀ ਮਨੋਜ ਮੁਕੰਦ ਨਰਵਾਨੇ, ਹਵਾਈ ਫ਼ੌਜ ਮੁਖੀ ਏਅਰ ਚੀਫ ਮਾਰਸ਼ਲ ਆਰਕੇ ਐੱਸ ਭਦੌਰੀਆ ਤੇ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਨਾਲ ਲੱਦਾਖ ਖੇਤਰ 'ਚ ਚੀਨ ਦੀਆਂ ਫ਼ੌਜੀ ਸਰਗਰਮੀਆਂ ਤੇ ਤਣਾਅ ਦੇ ਹਾਲਾਤ 'ਤੇ ਚਰਚਾ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਇਸ 'ਚ ਤੈਅ ਹੋਇਆ ਹੈ ਕਿ ਚੀਨ ਦੀ ਫ਼ੌਜੀ ਪੈਂਤੜੇਬਾਜ਼ੀ ਦਾ ਡੱਟ ਕੇ ਮੁਕਾਬਲਾ ਕਰਦੇ ਹੋਏ ਲੱਦਾਖ ਦੇ ਦੂਜੇ ਇਲਾਕਿਆਂ 'ਚ ਚੀਨੀ ਸਰਹੱਦ ਦੇ ਨਜ਼ਦੀਕ ਸੜਕਾਂ ਤੇ ਬੁਨਿਆਦੀ ਢਾਂਚਿਆਂ ਦਾ ਨਿਰਮਾਣ ਕਾਰਜ ਭਾਰਤ ਜਾਰੀ ਰੱਖੇਗਾ। ਦੱਸਿਆ ਜਾ ਰਿਹਾ ਹੈ ਕਿ ਫ਼ੌਜ ਨੂੰ ਨਿਰਮਾਣ ਨਾਲ ਜੁੜੇ ਕਾਰਜਾਂ ਨੂੰ ਅੱਗੇ ਜਾਰੀ ਰੱਖਣ ਦਾ ਨਿਰਦੇਸ਼ ਵੀ ਦੇ ਦਿੱਤਾ ਗਿਆ ਹੈ।

ਸੂਤਰਾਂ ਦੇ ਮੁਤਾਬਕ ਪ੍ਰਧਾਨ ਮੰਤਰੀ ਨਾਲ ਹੋਈ ਇਸ ਮੀਟਿੰਗ 'ਚ ਸਰਹੱਦ 'ਤੇ ਨਿਰਮਾਣ ਨਾ ਰੋਕਣ ਦੇ ਭਾਰਤ ਦੇ ਰੁਖ਼ ਤੋਂ ਬਾਅਦ ਚੀਨ ਦੀ ਸੰਭਾਵਿਤ ਚੁਣੌਤੀਆਂ ਦੇ ਹਾਲਾਤ ਨਾਲ ਨਜਿੱਠਣ ਦੀ ਰਣਨੀਤੀ 'ਤੇ ਵੀ ਗੱਲਬਾਤ ਹੋਈ।

2017 'ਚ ਡੋਕਲਾਮ 'ਚ ਭਾਰਤ-ਚੀਨ ਵਿਚਾਲੇ ਫ਼ੌਜੀਆਂ ਦੀ ਸਰਹੱਦ 'ਤੇ ਹੋਈ ਝੜਪ ਦੇ ਸਭ ਤੋਂ ਤਣਾਅਪੂਰਣ ਦੌਰ ਤੋਂ ਬਾਅਦ ਲੱਦਾਖ ਸਰਹੱਦੀ ਇਲਾਕੇ 'ਚ ਚੀਨੀ ਫ਼ੌਜੀਆਂ ਦਾ ਭਾਰਤੀ ਸਰਹੱਦੀ ਇਲਾਕੇ 'ਚ ਕਬਜ਼ਾ ਸਭ ਤੋਂ ਗੰਭੀਰ ਮਸਲਾ ਬਣ ਗਿਆ ਹੈ। ਵੈਸੇ ਪ੍ਰਧਾਨ ਮੰਤਰੀ ਦੀ ਬੁਲਾਈ ਗਈ ਮੀਟਿੰਗ ਤੋਂ ਬਾਅਦ ਫ਼ੌਜ ਨੂੰ ਨਿਰਮਾਣ ਕਾਰਜ ਨਾ ਰੋਕਣ ਦਾ ਨਿਰਦੇਸ਼ ਦੇ ਕੇ ਭਾਰਤ ਨੇ ਚੀਨ ਨੂੰ ਇਹ ਤਾਂ ਸਪੱਸ਼ਟ ਤੌਰ 'ਤੇ ਦੱਸ ਹੀ ਦਿੱਤਾ ਹੈ ਕਿ ਸਰਹੱਦ ਵਿਵਾਦ ਨੂੰ ਉਛਾਲ ਕੇ ਦਬਾਅ ਬਣਾਉਣ ਦੀ ਚੀਨੀ ਰਣਨੀਤੀ ਦਾ ਦਾਅ ਉਹ ਚੰਗੀ ਤਰ੍ਹਾਂ ਸਮਝ ਰਿਹਾ ਹੈ ਤੇ ਇਸ ਲਈ ਭਾਰਤ ਵੀ ਜਾਇਜ਼ ਕਦਮ ਚੁੱਕਣ ਤੋਂ ਨਹੀਂ ਪਰਹੇਜ਼ ਕਰੇਗਾ। ਸੜਕਾਂ ਤੇ ਬੁਨਿਆਦੀ ਢਾਂਚਿਆਂ ਦੇ ਨਿਰਮਾਣ 'ਤੇ ਇਤਰਾਜ਼ ਪ੍ਰਗਟਾ ਰਹੇ ਚੀਨ ਨੇ ਇਸ ਵਿਚ ਰੁਕਾਵਟ ਪਾਉਣ ਦੀ ਨੀਅਤ ਨਾਲ ਹੀ ਲੱਦਾਖ ਖੇਤਰ 'ਚ ਫ਼ੌਜੀ ਕਬਜ਼ਾ ਕੀਤਾ ਹੈ ਤੇ ਭਾਰਤੀ ਫ਼ੌਜ ਚੀਨੀ ਫ਼ੌਜੀਆਂ ਨਾਲ ਆਹਮੋ-ਸਾਹਮਣੇ ਦੇ ਤਣਾਅ 'ਚ ਪੂਰੀ ਤਰ੍ਹਾਂ ਡਟੀਆਂ ਹਨ।

ਲੱਦਾਖ ਖੇਤਰ 'ਚ ਐੱਲਏਸੀ 'ਤੇ ਫ਼ੌਜੀ ਤਣਾਅ ਨੂੰ ਗਾਲਵਨ ਵੈਲੀ 'ਤੇ ਚੀਨ ਦੇ ਦਾਅਵੇ ਨੇ ਹੋਰ ਵਧਾਇਆ ਹੈ। ਚੀਨੀ ਸਰਕਾਰ ਦੇ ਮੁੱਖ ਪੱਤਰ ਗਲੋਬਲ ਟਾਈਮਜ਼ ਨੇ ਲੱਦਾਖ 'ਚ ਭਾਰਤ ਦੇ ਕੰਟਰੋਲ ਵਾਲੀ ਗਾਲਵਨ ਵੈਲੀ 'ਚ ਚੀਨ ਦੇ ਫ਼ੌਜੀਆਂ ਦੀ ਘੁਸਪੈਠ ਦੇ ਸਹਾਰੇ ਇਸ ਸਮੁੱਚੇ ਖੇਤਰ 'ਤੇ ਆਪਣਾ ਦਾਅਵਾ ਠੋਕਣ ਦੀ ਕੋਸ਼ਿਸ਼ ਕੀਤੀ ਹੈ। ਨਾਲ ਹੀ ਭਾਰਤ ਨੂੰ ਦਬਾਅ 'ਚ ਲਿਆਉਣ ਦੀ ਕੀਤੀ ਚਾਲ ਦੇ ਤਹਿਤ ਸਰਹੱਦ 'ਤੇ ਤਣਾਅ 'ਚ ਉਕਸਾਉਣ ਵਾਲੀ ਕਾਰਵਾਈ ਤੋਂ ਭਾਰਤ ਨੂੰ ਬਚਣ ਦੀ ਉਲਟੀ ਨਸੀਹਤ ਦਿੱਤੀ ਹੈ। ਜਦਕਿ ਹਕੀਕਤ ਇਹੀ ਹੈ ਕਿ ਮਈ ਦੀ ਸ਼ੁਰੂਆਤ ਤੋਂ ਹੀ ਚੀਨੀ ਫ਼ੌਜੀ ਲੱਦਾਖ ਖੇਤਰ 'ਚ ਭਾਰਤੀ ਨਿਰਮਾਣ ਕਾਰਜਾਂ ਨੂੰ ਰੋਕਣ ਲਈ ਉਲੰਘਣਾ ਕਰ ਕੇ ਡਟੇ ਹਨ ਤੇ ਭਾਰਤੀ ਫ਼ੌਜੀ ਉਨ੍ਹਾਂ ਦੇ ਆਹਮੋ-ਸਾਹਮਣੇ ਦੇ ਮੁਕਾਬਲੇ 'ਚ ਡਟੇ ਹੋਏ ਹਨ।

Posted By: Seema Anand