ਬੈਂਗਲੁਰੂ : ਕਰਨਾਟਕ ਦੇ ਮੁੱਖ ਮੰਤਰੀ ਐੱਚਡੀ ਕੁਮਾਰ ਸਵਾਮੀ ਨੇ ਆਡੀਓ ਕਲਿੱਪ ਵਿਵਾਦ 'ਚ ਸੱਚ ਦਾ ਪਤਾ ਲਗਾਉਣ ਲਈ ਸੋਮਵਾਰ ਨੂੰ ਵਿਸ਼ੇਸ਼ ਜਾਂਚ ਦਲ (ਐੱਸਆਈਟੀ) ਕੋਲੋੋਂ ਜਾਂਚ ਐਲਾਨ ਕੀਤਾ। ਕੁਮਾਰ ਸਵਾਮੀ ਨੇ ਇਹ ਆਡੀਓ ਕਲਿੱਪ ਜਾਰੀ ਕੀਤੀ ਸੀ ਜਿਸ 'ਚ ਸੂਬਾ ਭਾਜਪਾ ਪ੍ਧਾਨ ਬੀਐੱਸ ਯੇਦੀਯੁਰੱਪਾ ਕਥਿਤ ਤੌਰ 'ਤੇ ਇਕ ਜੇਡੀਐੱਸ ਵਿਧਾਇਕ ਨੂੰ ਲੁਭਾਉਣ ਦੀ ਕੋਸ਼ਿਸ ਕਰ ਰਹੇ ਸਨ।

ਵਿਵਾਦ 'ਚ ਆਪਣਾ ਨਾਂ ਆਉਣ 'ਤੇ ਸਪੀਕਰ ਰਮੇਸ਼ ਕੁਮਾਰ ਨੇ ਮੁੱਖ ਮੰਤਰੀ ਨੂੰ ਐੱਸਆਈਟੀ ਗਠਨ ਦਾ ਸੁਝਾਅ ਦਿੱਤਾ ਸੀ, ਜਿਸ ਨੂੰ ਮੁੱਖ ਮੰਤਰੀ ਨੇ ਮੰਨ ਲਿਆ। ਭਾਜਪਾ ਮੈਂਬਰਾਂ ਦਾ ਕਹਿਣਾ ਹੈ ਕਿ ਜਾਂਚ ਸਿਰਫ਼ ਸਪੀਕਰ ਖ਼ਿਲਾਫ਼ ਦੋਸ਼ ਤੱਕ ਸੀਮਤ ਰਹਿਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੂੰ ਸਰਕਾਰ 'ਤੇ ਭਰੋਸਾ ਨਹੀਂ ਹੈ। ਉਹ ਐੱਸਆਈਟੀ ਦੀ ਦੁਰਵਰਤੋਂ ਕਰ ਸਕਦੀ ਹੈ। ਸਪੀਕਰ ਨੇ ਵੀ ਮੁੱਖ ਮੰਤਰੀ ਨੂੰ ਕਿਹਾ ਕਿ ਜਾਂਚ 'ਚ ਕਿਸੇ ਨੂੰ ਮਾੜੀ ਭਾਵਨਾ ਨਾਲ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ। ਜਾਂਚ ਸਿਰਫ਼ ਸੱਚਾਈ ਦੀ ਪੜਤਾਲ ਤਕ ਸੀਮਤ ਰਹਿਣੀ ਚਾਹੀਦੀ ਹੈ।

ਕੁਮਾਰ ਸਵਾਮੀ ਨੇ ਸ਼ੁੱਕਰਵਾਰ ਨੂੰ ਇਕ ਆਡੀਓ ਕਲਿੱਪ ਜਾਰੀ ਕੀਤਾ ਸੀ ਜਿਸ 'ਚ ਯੇਦੀਯੁਰੱਪਾ ਸਰਕਾਰ ਨੂੰ ਅਸਥਿਰ ਕਰਨ ਲਈ ਇਕ ਜੇਡੀਐੱਸ ਵਿਧਾਇਕ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਭਾਜਪਾ ਦੇ ਮਦਦਗਾਰ ਵਿਧਾਇਕਾਂ ਦੇ ਪੱਖ 'ਚ ਫ਼ੈਸਲਾ ਦੇਣ ਲਈ ਸਪੀਕਰ ਨੂੰ 150 ਕਰੋੜ ਰੁਪਏ ਦੇਣ ਦੀ ਗੱਲ ਕਰ ਰਹੇ ਸਨ। ਉੱਥੇ ਹੀ ਯੇਦੀਯੁਰੱਪਾ ਨੇ ਕਿਹਾ ਕਿ ਜੇਕਰ ਦੋਸ਼ ਸਹੀ ਸਾਬਤ ਹੋਏ ਤਾਂ ਉਹ ਵਿਧਾਇਕੀ ਛੱਡ ਦੇਣਗੇ ਤੇ ਸਿਆਸਤ ਤੋਂ ਵੀ ਸੰਨਿਆਸ ਲੈ ਲੈਣਗੇ।