ਕੋਹਿਮਾ (ਏਜੰਸੀ) : ਗੌਹਾਟੀ ਹਾਈ ਕੋਰਟ ਦੀ ਕੋਹਿਮਾ ਬੈਂਚ ਨੇ ਨਗਾਲੈਂਡ ਵਿਧਾਨ ਸਭਾ ਸਪੀਕਰ ਸ਼ਾਰਿੰਗੈਨ ਲੋਂਗਕੁਮੇਰ ਨੂੰ ਐੱਨਪੀਐੱਫ ਦੇ ਸੱਤ ਬਾਗ਼ੀ ਵਿਧਾਇਕਾਂ ਖ਼ਿਲਾਫ਼ ਅਯੋਗਤਾ ਦੀ ਕਾਰਵਾਈ ਛੇ ਹਫ਼ਤਿਆਂ 'ਚ ਪੂਰੀ ਕਰਨ ਤੇ ਮੁੱਦੇ 'ਤੇ ਯੋਗ ਫ਼ੈਸਲਾ ਲੈਣ ਨੂੰ ਕਿਹਾ ਹੈ। ਐੱਨਪੀਐੱਫ ਨੇ ਆਪਣੇ ਸੱਤ ਵਿਧਾਇਕਾਂ ਈਈ ਪਾਂਗਤੇਆਂਗ, ਇਸ਼ਾਕ ਕੋਨਿਆਕ, ਕੇਜੋਂਗ ਚਾਂਗ, ਬੀਐੱਸ ਨਗਾਂਗਲਾਂਗ ਫੋਮ, ਤੋਆਂਗ ਚਾਂਗ, ਐਨ ਥੋਂਗਵਾਂਗ ਤੇ ਸੀਐੱਲ ਜੌਨ ਖ਼ਿਲਾਫ਼ ਅਯੋਗਤਾ ਪਟੀਸ਼ਨ ਦਾਖ਼ਲ ਕੀਤੀ ਹੈ। ਵਿਧਾਇਕਾਂ ਨੇ 2019 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਮਦਦ ਕੀਤੀ ਸੀ। ਸਾਰਿਆਂ ਨੇ ਚੋਣ 'ਚ ਐੱਨਡੀਪੀਪੀ ਦਾ ਸਮਰਥਨ ਕੀਤਾ ਸੀ।

ਰਿੱਟ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਕਿ ਅਯੋਗਤਾ ਦੀ ਪਟੀਸ਼ਨ 24 ਅਪ੍ਰਰੈਲ 2019 ਨੂੰ ਦਾਖ਼ਲ ਕਰਵਾਈ ਗਈ ਸੀ ਜਿਸ ਦੀ ਮਿਆਦ ਹੁਣ 13 ਮਹੀਨੇ ਤੋਂ ਵੱਧ ਹੋ ਗਈ ਹੈ। ਅਯੋਗਤਾ ਪਟੀਸ਼ਨ 'ਤੇ ਫੈਸਲੇ ਲਈ ਏਜੰਡਾ ਮਾਰਚ 'ਚ ਤੈਅ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਤੋਂ ਕੋਈ ਤਰੱਕੀ ਨਹੀਂ ਹੋਈ। ਬੈਂਚ ਨੇ ਕਿਹਾ ਕਿ ਇਸ ਹਾਲਤ 'ਚ ਵਿਧਾਨ ਸਭਾ ਸਪੀਕਰ ਨੂੰ ਛੇ ਹਫ਼ਤੇ ਦੀ ਮਿਆਦ 'ਚ ਕਾਰਵਾਈ ਪੂਰੀ ਕਰਨ ਦਾ ਨਿਰਦੇਸ਼ ਦੇਣਾ ਠੀਕ ਹੋਵੇਗਾ।