ਗੁਰੂਗ੍ਰਾਮ : ਇਕ ਸਤੰਬਰ ਤੋਂ ਸੋਧਿਆ ਮੋਟਰ ਵ੍ਹੀਕਲ ਐਕਟ-2019 (New Motor Vehicle Act-2019) ਲਾਗੂ ਹੋਣ ਤੋਂ ਬਾਅਦ 17000 ਤੋਂ ਲੈ ਕੇ 59000 ਰੁਪਏ ਤਕ ਦਾ ਚਲਾਨ ਕੱਟਣ ਵਾਲੀ ਗੁਰੂਗ੍ਰਾਮ ਪੁਲਿਸ ਹੁਣ ਬੈਕਫੁੱਟ 'ਤੇ ਹੈ। ਗ਼ੈਰ-ਅਧਿਕਾਰਤ ਜਾਣਕਾਰੀ ਮੁਤਾਬਿਕ ਅਗਲੇ 15 ਦਿਨਾਂ ਤਕ ਗੁਰੂਗ੍ਰਾਮ ਟ੍ਰੈਫਿਕ ਪੁਲਿਸ ਹੁਣ ਵੱਡੇ ਚਲਾਨ ਕੱਟਣ ਦੀ ਬਜਾਏ ਲੋਕਾਂ ਨੂੰ ਨਵੇਂ ਆਵਾਜਾਈ ਨਿਯਮਾਂ ਬਾਰੇ ਜਾਣਕਾਰੀ ਦੇਵੇਗੀ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਹੁਣ ਉਹ ਲੋਕਾਂ ਨੂੰ ਨਵੇਂ ਨਿਯਮਾਂ ਬਾਰੇ ਜਾਣਕਾਰੀ ਦੇਵੇਗੀ ਅਤੇ ਅਪੀਲ ਵੀ ਕਰੇਗੀ ਦੋਪਹੀਆ ਤੇ ਚਾਰ ਪਹੀਆ ਵਾਹਨ ਚਾਲਕ ਇਨ੍ਹਾਂ ਨਿਯਮਾਂ ਦੀ ਪਾਲਣਾ ਦੂਸਰਿਆਂ ਸਮੇਤ ਆਪਣੀ ਸੁਰੱਖਿਆ ਲਈ ਵੀ ਕਰਨ।

15 ਦਿਨ ਨਹੀਂ ਕੱਟਿਆ ਜਾਵੇਗਾ ਚਲਾਨ

ਅਸਲ ਵਿਚ ਦੋਪਹੀਆ ਤੇ ਚਾਰ ਪਹੀਆ ਵਾਹਨਾਂ ਸਮੇਤ ਹਰ ਤਰ੍ਹਾਂ ਦੇ ਵਾਹਨ ਚਾਲਕਾਂ ਲਈ ਖ਼ੁਸ਼ਖ਼ਬਰੀ ਹੈ। ਦੱਸਿਆ ਜਾ ਰਿਹਾ ਹੈ ਕਿ ਅਗਲੇ 15 ਦਿਨਾਂ ਤਕ ਗੁਰੂਗ੍ਰਾਮ ਪੁਲਿਸ ਜ਼ਿਆਦਾ ਸਖ਼ਤੀ ਨਹੀਂ ਦਿਖਾਏਗੀ ਅਤੇ 17000 ਤੋਂ 59000 ਤਕ ਦੀ ਮੋਟੀ ਰਕਮ ਚਲਾਨ ਦੇ ਰੂਪ 'ਚ ਨਹੀਂ ਵਸੂਲੇਗੀ।

ਲੋਕਾਂ ਵਿਚਕਾਰ ਜਾਗਰੂਕਤਾ ਜ਼ਰੂਰੀ

ਪੁਲਿਸ ਨੇ ਚਲਾਨ ਕੱਟਣ ਦੌਰਾਨ ਇਹ ਵੇਖਿਆ ਕਿ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਹੈ ਕਿ ਆਵਾਜਾਈ ਦੇ ਕੀ ਨਿਯਮ ਹਨ ਅਤੇ ਕਿਵੇਂ ਉਨ੍ਹਾਂ ਦੀ ਪਾਲਣਾ ਕੀਤੀ ਜਾਵੇ? ਹਾਲਾਂਕਿ, ਇਹ ਸਾਰੇ ਨਿਯਮ ਗੱਡੀ ਖਰੀਦਣ ਦੌਰਾਨ ਅਤੇ ਲਾਇਸੈਂਸ ਬਣਵਾਉਣ ਦੌਰਾਨ ਹੀ ਪਤਾ ਚੱਲ ਜਾਂਦੇ ਹਨ ਪਰ ਲੋਕਾਂ 'ਚ ਆਵਾਜਾਈ ਨਿਯਮਾਂ ਪ੍ਰਤੀ ਨਾਦਾਨੀ ਵੀ ਨਜ਼ਰ ਆਈ। ਇਹੀ ਵਜ੍ਹਾ ਹੈ ਕਿ ਗੁਰੂਗ੍ਰਾਮ ਪੁਲਿਸ ਹੁਣ ਚਾਲਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰੇਗੀ।

ਜਮ੍ਹਾਂ ਹੋਈ ਚਲਾਨ ਕੱਟਣ ਵਾਲੀ ਮਸ਼ੀਨ

ਇਹ ਅਪੁਸ਼ਟ ਜਾਣਕਾਰੀ ਹੀ ਹੈ ਕਿ ਇਲੈਕਟ੍ਰਾਨਿਕ ਚਲਾਨ ਮਸ਼ੀਨ (ਈਸੀਐੱਮ) ਜਮ੍ਹਾਂ ਕਰਵਾ ਲਈ ਗਈ ਹੈ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਅਗਲੇ 15 ਦਿਨ ਤਕ ਗੁਰੂਗ੍ਰਾਮ ਪੁਲਿਸ ਕੋਈ ਚਲਾਨ ਨਹੀਂ ਕੱਟੇਗੀ।

ਕਾਬਿਲੇਗ਼ੌਰ ਹੈ ਕਿ ਇਕ ਸਤੰਬਰ ਨੂੰ ਸੋਧੇ ਮੋਟਰ ਵ੍ਹੀਕਲ ਐਕਟ-2019 ਦੇ ਲਾਗੂ ਹੁੰਦਿਆਂ ਹੀ ਦਿੱਲੀ ਨਾਲ ਲਗਦੇ ਗੁਰੂਗ੍ਰਾਮ 'ਚ ਟ੍ਰੈਫਿਕ ਪੁਲਿਸ ਸਖ਼ਤ ਹੋ ਗਈ। ਇਸ ਦੌਰਾਨ ਸੜਕਾਂ 'ਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੋਟਾ ਚਲਾਨ ਕਰਨ ਦੀਆਂ ਖ਼ਬਰਾਂ ਆਉਣ ਲੱਗੀਆਂ।

Posted By: Seema Anand