ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਰੋਜ਼ਾਨਾ ਸੈਂਕੜੇ ਲੋਕਾਂ ਨੂੰ ਸ਼ਿਕਾਰ ਬਣਾ ਰਹੀ ਹੈ। ਦੇਸ਼ ਵਿਚ ਹੁਣ ਤਕ ਪੰਜ ਹਜ਼ਾਰ ਤੋਂ ਜ਼ਿਆਦਾ ਪੌਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ, 150 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿਚ 21 ਦਿਨ ਦਾ ਲਾਕਡਾਊਨ ਕੀਤਾ ਸੀ, ਪਰ ਮਾਮਲੇ ਵਧਦੇ ਜਾ ਰਹੇ ਹਨ। ਕੁਝ ਜਗ੍ਹਾ ਤਾਂ ਅਜਿਹੀ ਹਾਲਤ ਹੈ ਕਿ ਪੂਰੇ ਇਲਾਕੇ 'ਚ ਕਰਫ਼ਿਊ ਲਗਾਉਣਾ ਪੈ ਰਿਹਾ ਹੈ। ਕਈ ਇਲਾਕਿਆਂ ਨੂੰ ਸੀਲ ਕੀਤਾ ਗਿਆ ਹੈ। ਬੁੱਧਵਾਰ ਨੂੰ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਦਿੱਲੀ ਦੇ ਕੁਝ ਹੌਟਸਪੌਟਸ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਹੌਟਸਪੌਟਸ ਸੀਲ ਹੋਣ ਦੀ ਖ਼ਬਰ ਸੁਣਦਿਆਂ ਹੀ ਲੋਕ ਵੱਡੀ ਗਿਣਤੀ 'ਚ ਦੁਕਾਨਾਂ ਤੋਂ ਬਾਹਰ ਆਏ। ਆਓ ਜਾਣਦੇ ਹਾਂ ਕਿ ਆਖ਼ਿਰ ਲਾਕਡਾਊਨ ਤੇ ਸੀਲ ਵਿਚ ਕੀ ਫ਼ਰਕ ਹੈ?

ਲਾਕਡਾਊਨ 'ਚ ਕੀ ਹੁੰਦਾ ਹੈ? ਕਿਵੇਂ ਦੀ ਹੁੰਦੀ ਹੈ ਵਿਵਸਥਾ

ਲਾਕਡਾਊਨ ਦੌਰਾਨ ਤੁਸੀਂ ਇਹਤਿਆਤ ਦੇ ਨਾਲ ਜ਼ਰੂਰੀ ਸਾਮਾਨ ਲੈਣ ਬਾਹਰ ਜਾ ਸਕਦੇ ਹੋ। ਫਲ਼, ਸਬਜ਼ੀਆਂ, ਰਾਸ਼ਨ, ਦੁੱਧ, ਦਵਾਈਆਂ ਲਈ ਬਾਹਰ ਜਾਣ ਦੀ ਛੋਟ ਹੁੰਦੀ ਹੈ। ਐਮਰਜੈਂਸੀ ਸੇਵਾਵਾਂ ਚੱਲਦੀਆਂ ਰਹਿੰਦੀਆਂ ਹਨ ਪਰ ਬੇਵਜ੍ਹਾ ਘਰਾਂ ਤੋਂ ਨਿਕਲਣ 'ਤੇ ਕਾਨੂੰਨੀ ਰੋਕ ਹੈ। ਦੇਸ਼ ਵਿਚ ਲਾਕਡਾਊਨ ਤਾਂ 25 ਮਾਰਚ ਤੋਂ ਲਾਗੂ ਹੈ, ਇਸ ਦੇ ਬਾਵਜੂਦ ਇਸੇ ਪੀਰੀਅਡ 'ਚ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਮਹਾਰਾਸ਼ਟਰ, ਰਾਜਸਥਾਨ, ਕੇਰਲ, ਮੱਧ ਪ੍ਰਦੇਸ਼, ਦਿੱਲੀ ਦੀ ਹਾਲਤ ਬੇਹੱਦ ਖ਼ਰਾਬ ਹੈ। ਇੰਦੌਰ, ਭੀਲਵਾੜਾ ਵਰਗੇ ਸ਼ਹਿਰਾਂ 'ਚ ਤਾਂ ਲਾਕਡਾਊਨ ਦੇ ਬਾਵਜੂਦ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ।

ਸੀਲਿੰਗ 'ਚ ਬਿਲਕੁਲ ਛੋਟ ਨਹੀਂ

ਲਾਕਡਾਊਨ ਤੋਂ ਬਾਅਦ ਵੀ ਜਿਨ੍ਹਾਂ ਇਲਾਕਿਆਂ 'ਚ ਕੋਰੋਨਾ ਦੇ ਮਾਮਲੇ ਵਧਦੇ ਗਏ, ਉੱਥੇ ਸਭ ਕੁਝ ਸੀਲ ਕਰ ਦਿੱਤਾ ਗਿਆ। ਲੋਕਾਂ ਨੂੰ ਘਰੋਂ ਬਾਹਰ ਨਿਕਲਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ। ਦੁੱਧ-ਰਾਸ਼ਨ ਲਈ ਵੀ ਛੋਟ ਨਹੀਂ ਹੈ। ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ। ਡੋਰ-ਟੂ-ਡੋਰ ਸਕ੍ਰੀਨਿੰਗ ਸ਼ੁਰੂ ਕੀਤੀ ਗਈ। ਸ਼ੱਕੀ ਲੋਕਾਂ ਦੇ ਸੈਂਪਲ ਲਏ ਗਏ। ਹਰੇਕ ਪੌਜ਼ਿਟਿਵ ਕੇਸ ਦੀ ਸੰਪਰਕਾਂ ਦੀ ਵੀ ਪਛਾਣ ਹੋਵੇਗੀ ਤਾਂ ਜੋ ਕੋਈ ਰਹਿ ਨਾ ਜਾਵੇ। ਕੁੱਲ ਮਿਲਾ ਕੇ ਇਨ੍ਹਾਂ ਇਲਾਕਿਆਂ ਨੂੰ ਪੂਰੀ ਤਰ੍ਹਾਂ ਹੋਰਨਾਂ ਇਲਾਕਿਆਂ ਤੋਂ ਅਲੱਗ ਕਰ ਦਿੱਤਾ ਗਿਆ ਤਾਂ ਜੋ ਸੰਕ੍ਰਮਣ ਇਨ੍ਹਾਂ ਇਲਾਕਿਆਂ ਤੋਂ ਬਾਹਰ ਨਾ ਜਾਵੇ। ਇਹੀ ਹਾਲ ਯੂਪੀ, ਐੱਮਪੀ ਤੇ ਦਿੱਲੀ ਦੇ ਉਨ੍ਹਾਂ ਜ਼ਿਲ੍ਹਿਆਂ 'ਚ ਵੀ ਹੋਵੇਗਾ, ਜਿੱਥੇ ਹੌਟਸਪੌਟਸ ਸੀਲ ਕਰਨ ਦੇ ਹੁਕਮ ਦਿੱਤੇ ਗਏ ਹਨ। ਕਈ ਜ਼ਿਲ੍ਹਿਆਂ 'ਚ ਹਾਲਾਤ ਅਜਿਹੇ ਬਣੇ ਕਿ ਪੂਰੇ ਜ਼ਿਲ੍ਹੇ ਨੂੰ ਸੀਲ ਕਰਨਾ ਪਿਆ। ਭੀਲਵਾੜਾ ਤੇ ਇੰਦੌਰ ਇਸ ਦੇ ਸਭ ਤੋਂ ਵੱਡੇ ਉਦਾਹਰਣ ਹਨ।

Posted By: Seema Anand