Stubble Burning : ਜੇਐੱਨਐੱਨ, ਨਵੀਂ ਦਿੱਲੀ : ਹਰਿਆਣਾ, ਪੰਜਾਬ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਲਈ ਹੁਣ ਫ਼ਸਲ ਹੀ ਨਹੀਂ ਬਲਕਿ ਖੇਤੀ ਰਹਿੰਦ-ਖੂਹੰਦ ਯਾਨੀ ਪਰਾਲੀ ਵੀ ਆਮਦਨੀ ਦਾ ਜ਼ਰੀਆ ਬਣੇਗੀ। ਵੱਡੀਆਂ-ਵੱਡੀਆਂ ਕੰਪਨੀਆਂ ਪਰਾਲੀ ਖਰੀਦਣਗੀਆਂ ਤੇ ਇਸ ਤੋਂ ਬਾਇਓ ਸੀਐੱਨਜੀ ਤੇ ਬਿਜਲੀ ਬਣਾਉਣਗੀਆਂ। ਇਨ੍ਹਾਂ ਹਾਲਾਤ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਵੀ ਰੋਕ ਲੱਗੇਗੀ ਤੇ ਦਿੱਲੀ ਐੱਨਸੀਆਰ ਦੀ ਹਵਾ ਵੀ ਪ੍ਰਦੂਸ਼ਿਤ ਨਹੀਂ ਹੋਵੇਗੀ।

ਕਾਬਿਲੇਗ਼ੌਰ ਹੈ ਕਿ ਪਰਾਲੀ ਦਾ ਧੂੰਆਂ ਦਿੱਲੀ ਐੱਨਸੀਆਰ ਲਈ ਨਾਸੂਰ ਬਣਦਾ ਜਾ ਰਿਹਾ ਹੈ। ਹਰ ਸਾਲ ਸਰਦੀਆਂ ਦੀ ਸ਼ੁਰੂਆਤ ਯਾਨੀ ਅਕਤੂਬਰ ਮਹੀਨੇ ਤੋਂ ਹੀ ਇਸ ਦਾ ਧੂੰਆਂ ਇੱਥੋਂ ਦੀ ਹਵਾ ਨੂੰ ਜ਼ਹਿਰੀਲੀ ਬਣਾ ਦਿੰਦਾ ਹੈ। ਹਾਲਾਂਕਿ, ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਦਾ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਜੁਰਮਾਨਾ ਵੀ ਲਗਾਇਆ ਜਾਂਦਾ ਹੈ ਤੇ ਉਨ੍ਹਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪਰਾਲੀ ਨਾ ਸਾੜਨ ਲਈ ਆਰਥਿਕ ਸਹਾਇਤਾ ਤੇ ਵਸੀਲੇ ਵੀ ਮੁਹੱਈਆ ਕਰਵਾਏ ਜਾਂਦੇ ਹਨ, ਪਰ ਹਰ ਸਾਲ ਪਰਾਲੀ ਸਾੜਨ ਦੇ ਹਜ਼ਾਰਾਂ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਵਿਚ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਈਪੀਐੱਸ ਲਗਾਤਾਰ ਪਰਾਲੀ ਸੰਕਟ ਦਾ ਸਥਾਈ ਹੱਲ ਲੱਭਣ ਲਈ ਯਤਨਸ਼ੀਲ ਹੈ। ਹਰ ਦੋ ਹਫ਼ਤਿਆਂ 'ਚ ਇਨ੍ਹਾਂ ਸੂਬਿਆਂ ਸਮੇਤ ਖੇਤੀਬਾੜੀ ਮੰਤਰਾਲੇ, ਇੰਡੀਅਨ ਆਇਲ ਕਾਰਪੋਰੇਸ਼ਨ, ਐੱਨਟੀਪੀਸੀ ਤੇ ਦਿੱਲੀ ਦੇ ਅਧਿਕਾਰੀਆਂ ਨਾਲ ਵੀ ਬੈਠਕਾਂ ਕਰ ਰਿਹਾ ਹੈ।

ਵੀਡੀਓ ਕਾਨਫਰੰਸਿੰਗ ਜ਼ਰੀਏ ਹੋ ਰਹੀਆਂ ਇਨ੍ਹਾਂ ਬੈਠਕਾਂ 'ਚ ਸ਼ਾਮਲ ਈਪੀਸੀਏ ਮੁਖੀ ਭੂਰੇਲਾਲ ਤੇ ਮੈਂਬਰ ਸੁਨੀਤਾ ਨਾਰਾਇਣ ਦਾ ਕਹਿਣਾ ਹੈ ਕਿ ਪਰਾਲੀ ਨੂੰ ਇਕ ਉਪਯੋਗੀ ਸਾਮਾਨ (ਯੂਟੀਲਿਟੀ) 'ਚ ਬਦਲਣ ਦੀ ਜ਼ਰੂਰਤ ਹੈ। ਜੇਕਰ ਪਰਾਲੀ ਵਿਕਣ ਲੱਗੇਗੀ ਤਾਂ ਫਿਰ ਕਿਸਾਨ ਇਸ ਨੂੰ ਸਾੜਨਗੇ ਨਹੀਂ। ਇੰਡੀਅਨ ਆਇਲ ਕਾਰਪੋਰੇਸ਼ਨ ਤੇ ਐੱਨਟੀਪੀਸੀ ਪਰਾਲੀ 'ਚੋਂ ਐਥਨੌਲ ਕਢਵਾਉਣ ਦੀ ਸਹਿਮਤੀ ਪਹਿਲਾਂ ਹੀ ਦੇ ਚੁੱਕੇ ਹਨ।

ਲਿਹਾਜ਼ਾ ਈਪੀਸੀਏ ਨੇ ਹੁਣ ਇਸ ਦੇ ਲਈ ਸਾਰੀਆਂ ਸਰਕਾਰਾਂ ਤੇ ਵਿਭਾਗਾਂ ਨੂੰ ਪੂਰੀ ਵਿਵਸਥਾ ਬਣਾਉਣ ਦਾ ਨਿਰਦੇਸ਼ ਦਿੱਤਾ ਹੈ। ਇਸ ਦੇ ਲਈ ਪਰਾਲੀ ਨੂੰ ਖੇਤਾਂ 'ਚੋਂ ਚੁੱਕਣ, ਗੁਦਾਮ ਤਿਆਰ ਕਰਨ ਤੇ ਪਲਾਂਟਾਂ ਜ਼ਰੀਏ ਉਨ੍ਹਾਂ ਨੂੰ ਬਿਜਲੀ ਤੇ ਬਾਇਓ-ਸੀਐੱਨਜੀ 'ਚ ਤਬਦੀਲ ਕਰਨ ਦਾ ਇਕ ਪੂਰਾ ਢਾਂਚਾ ਵਿਕਸਤ ਕਰਨ ਲਈ ਕਿਹਾ ਗਿਆ ਹੈ। ਈਪੀਸੀਏ ਦਾ ਕਹਿਣਾ ਹੈ ਕਿ ਪਰਾਲੀ ਨੂੰ ਕਿਸਾਨ ਦੇ ਖੇਤ ਤੋਂ ਲੈ ਕੇ ਜੇਕਰ ਪਲਾਂਟ ਤਕ ਪਹੁੰਚਾਇਆ ਜਾਵੇ ਤਾਂ ਉਸ ਦਾ ਫਾਇਦੇਮੰਦ ਇਸਤੇਮਾਲ ਵੀ ਹੋ ਸਕਦਾ ਹੈ ਤੇ ਇਸ ਨਾਲ ਲੋਕਾਂ ਨੂੰ ਪ੍ਰਦੂਸ਼ਣ ਤੋਂ ਵੀ ਕਾਫੀ ਹੱਦ ਤਕ ਛੁਟਕਾਰਾ ਮਿਲ ਜਾਵੇਗਾ।

ਭੂਰੇਵਾਲ (ਚੇਅਰਮੈਨ, ਈਪੀਸੀਏ) ਦਾ ਕਹਿਣਾ ਹੈ ਕਿ ਪੰਜਾਬ 'ਚ 97 ਮੈਗਾਵਾਟ ਬਿਜਲੀ ਬਣਾਈ ਜਾ ਰਹੀ ਹੈ। ਜੇਕਰ ਇਸੇ ਪ੍ਰਯੋਗ ਨੂੰ ਵਿਸਤਾਰ ਦਿੱਤਾ ਜਾਵੇ ਤਾਂ ਪਰਾਲੀ ਦੀ ਸਮੱਸਿਆ ਤੋਂ ਕਾਫੀ ਹੱਦ ਤਕ ਮੁਕਤੀ ਪਾਈ ਜਾ ਸਕਦੀ ਹੈ। ਦੋ ਹਫ਼ਤੇ ਬਾਅਦ ਇਸ ਦੀ ਸਮੀਖਿਆ ਕੀਤੀ ਜਾਵੇਗੀ। ਕੋਸ਼ਿਸ਼ ਹੈ ਕਿ ਸਰਦੀਆਂ ਤੋਂ ਪਹਿਲਾਂ ਹੀ ਦਿੱਲੀ ਐੱਨਸੀਆਰ ਨੂੰ ਪਰਾਲੀ ਦੇ ਧੂੰਏਂ ਤੋਂ ਬਚਾਉਣ ਦੀ ਠੋਸ ਵਿਵਸਥਾ ਹੋ ਜਾਵੇ।

Posted By: Seema Anand