ਪਟਨਾ (ਜਾਗਰਣ ਟੀਮ) : ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਮੁਅੱਤਲ ਸੰਸਦ ਮੈਂਬਰ ਕੀਰਤੀ ਝਾਅ ਆਜ਼ਾਦ ਨੂੰ ਲੈ ਕੇ ਇਹ ਵੱਡੀ ਖਬਰ ਹੈ। ਉਹ 15 ਫਰਵਰੀ ਨੂੰ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਦਿਵਾਈ ਜਾਵੇਗੀ। ਇਸਦੇ ਬਾਅਦ ਉਹ ਮਿਥਿਲਾਂਚਲ ਦਾ ਦੌਰਾ ਕਰਨਗੇ। ਆਉਂਦੀਆਂ ਲੋਕਸਭਾ ਚੋਣਾਂ 'ਚ ਉਹ ਬਿਹਾਰ ਦੀ ਦਰਭੰਗਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ, ਇਹ ਤੈਅ ਮੰਨਿਆ ਜਾ ਰਿਹਾ ਹੈ। ਹਾਲਾਂਕਿ ਬਿਹਾਰ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਮਦਨ ਮੋਹਨ ਝਾਅ ਨੇ ਕਿਹਾਕਿ ਉਹ ਹਾਲੇ ਤੈਅ ਨਹੀਂ ਹੈ।

ਯਾਦ ਰਹੇ ਕਿ ਕੀਰਤੀ ਆਜ਼ਾਦ ਲੰਬੇ ਸਮੇਂ ਤੋਂ ਭਾਜਪਾ 'ਚ ਹਾਸ਼ੀਏ 'ਤੇ ਸਨ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਚ ਮੰਤਰੀ ਅਰੁਣ ਜੇਤਲੀ ਨੂੰ ਇਸ ਦੀ ਜਾਣਕਾਰੀ ਹੈ। ਇਸ ਵਿਵਾਦ 'ਚ ਉਨ੍ਹਾਂ ਨੂੰ ਪਾਰਟੀ ਦੀ ਹਮਾਇਤ ਨਹੀਂ ਮਿਲੀ।

ਕੀਰਤੀ ਬੋਲੇ- ਦਰਭੰਗਾ ਤੋਂ ਹੀ ਲੜਨਗੇ ਚੋਣ

ਕੀਰਤੀ ਝਾਅ ਆਜ਼ਾਦ ਨੇ ਕਿਹਾ ਕਿ ਕਾਂਗਰਸ 'ਚ ਸ਼ਾਮਲ ਹੋਣ ਦੇ ਬਾਅਦ ਉਹ 18 ਫਰਵਰੀ ਨੂੰ ਆਪਣੇ ਲੋਕਸਭਾ ਹਲਕੇ ਦਰਭੰਗਾ ਪਹੁੰਚਣਗੇ। ਉੱਥੇ ਹਮਾਇਤੀਆਂ ਅਤੇ ਪਾਰਟੀ ਵਰਕਰਾਂ ਨਾਲ ਬੈਠਕ ਕਰ ਕੇ ਅੱਗੇ ਦੀ ਰਣਨੀਤੀ ਤੈਅ ਕਰਨਗੇ। ਉਨ੍ਹਾਂ ਕਿਹਾ ਕਿ ਉਹ ਦਰਭੰਗਾ ਤੋਂ ਹੀ ਲੜਨਗੇ। ਇਸ ਬਾਰੇ ਉਨ੍ਹਾਂ ਦੀ ਰਾਸ਼ਟਰੀ ਜਨਤਾ ਦਲ (ਆਰਜੇਡੀ) ਸੁਪਰੀਮੋ ਲਾਲੂ ਪ੍ਰਸਾਦ ਯਾਦਵ ਅਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨਾਲ ਗੱਲ ਹੋ ਚੁੱਕੀ ਹੈ। ਉਹ ਲਗਾਤਾਰ ਤਿੰਨ ਟਰਮਾਂ ਤੋਂ ਦਰਭੰਗਾ ਦੀ ਨੁਮਾਇੰਦਗੀ ਕਰਦੇ ਆ ਰਹੇ ਹਨ, ਇਸ ਲਈ ਦੂਜੀ ਥਾਂ ਤੋਂ ਚੋਣ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬੋਲੇ- ਹਾਲੇ ਫਾਈਨਲ ਨਹੀਂ ਇਹ ਗੱਲ

ਕੀਰਤੀ ਆਪਣੀ ਉਮੀਦਵਾਰੀ ਹਾਲਾਂਕਿ ਤੈਅ ਮੰਨ ਰਹੇ ਹਨ, ਪਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਡਾ. ਮਦਨ ਮੋਹਨ ਝਾਅ ਕੁਝ ਹੋਰ ਹੀ ਕਹਿ ਰਹੇ ਹਨ। ਉਨ੍ਹਾਂ ਦੇ ਮੁਤਾਬਕ, ਮਹਾਗੱਠਜੋੜ 'ਚ ਸੀਟਾਂ ਨੂੰ ਲੈ ਕੇ ਹਾਲੇ ਕੋਈ ਸਹਿਮਤੀ ਨਹੀਂ ਬਣੀ। ਸੀਟਾਂ ਦੀ ਵੰਡ 'ਚ ਹਾਲੇ 10 ਦਿਨਾਂ ਦਾ ਸਮਾਂ ਲੱਗੇਗਾ। ਕਾਂਗਰਸ 'ਚੋਂ ਕੌਣ ਕਿੱਥੋਂ ਚੋਣ ਲੜੇਗਾ, ਇਹ ਹਾਲੇ ਤੈਅ ਨਹੀਂ ਹੈ। ਇਸ 'ਤੇ ਗੱਲ ਚੱਲ ਰਹੀ ਹੈ। ਹਾਂ ਕੀਰਤੀ ਆਜ਼ਾਦ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਪਾਰਟੀ ਮਜ਼ਬੂਤ ਹੋਵੇਗੀ। ਕਾਂਗਰਸ ਉਨ੍ਹਾਂ ਦਾ ਸਵਾਗਤ ਕਰਦੀ ਹੈ।

ਮਿਥਿਲਾਂਚਲ ਦੀ ਚੋਣ ਸਰਗਰਮੀ ਵਧੀ

ਉੱਧਰ ਆਜ਼ਾਦ ਦੇ ਕਾਂਗਰਸ 'ਚ ਸ਼ਾਮਲ ਹੋਣ ਦੀ ਖਬਰ ਨਾਲ ਮਿਥਿਲਾਂਚਲ 'ਚ ਸਿਆਸੀ ਸਰਗਰਮੀ ਵੱਧ ਗਈ ਹੈ। ਮਹਾਗੱਠਜੋੜ 'ਚ ਦਰਭੰਗਾ ਤੋਂ ਉਮੀਦਵਾਰੀ ਨੂੰ ਲੈ ਕੇ ਮਾਮਲਾ ਉਲਝਦਾ ਜਾ ਰਿਹਾ ਹੈ। ਹਾਲੇ ਤਕ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਰਾਸਟਰੀ ਪ੍ਰਧਾਨ ਮੁਕੇਸ਼ ਸਾਹਨੀ ਦੀ ਦਾਅਵੇਦਾਰੀ ਚਰਚਾ 'ਚ ਸੀ। ਆਜ਼ਾਦ ਦੇ ਕਾਂਗਰਸ 'ਚ ਸ਼ਾਮਲ ਹੋਣ ਦਾ ਐਲਾਨ ਅਤੇ ਖੇਤਰ ਦੀ ਦਾਅਵੇਦਾਰੀ ਨਾਲ ਮਹਾਗੱਠਜੋੜ ਦੇ ਕਈ ਨੇਤਾਵਾਂ ਦਾ ਹਿਸਾਬ ਗੜਬੜਾ ਗਿਆ ਹੈ।

Posted By: Seema Anand