ਜੇਐੱਨਐੱਨ, ਨਵੀਂ ਦਿੱਲੀ : ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਅਰਜੁਨ ਖੜਗੇ ਨੇ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੋਰੋਨਾ ਦੇ ਮੌਜੂਦਾ ਹਾਲਾਤ ਤੋਂ ਉੱਭਰਨ ਲਈ ਛੇ ਸੁਝਾਅ ਦਿੱਤੇ ਹਨ। ਇਸ 'ਚ ਸਭ ਤੋਂ ਪਹਿਲਾਂ ਸਰਬ ਪਾਰਟੀ ਬੈਠਕ ਬੁਲਾ ਕੇ ਕੋਰੋਨਾ ਨਾਲ ਲੜਨ ਦਾ ਬਲਿਊ ਪਿ੍ੰਟ ਤਿਆਰ ਕਰਨ ਤੇ ਕੋਰੋਨਾ ਵੈਕਸੀਨ ਲਈ ਬਜਟ 'ਚ ਰਾਸ਼ੀ 35 ਹਜ਼ਾਰ ਕਰੋੜ ਰੁਪਏ ਫ਼ੌਰੀ ਜਾਰੀ ਕਰਨ ਦਾ ਸੁਝਾਅ ਦਿੱਤਾ ਹੈ।

ਨਾਲ ਹੀ ਵੈਕਸੀਨ ਦਾ ਉਤਪਾਦਨ ਵਧਾਉਣ ਲਈ ਜ਼ਰੂਰੀ ਲਾਇਸੈੈਂਸਿੰਗ ਦੀ ਨੀਤੀ ਖ਼ਤਮ ਕਰਨ ਦੀ ਗੱਲ ਕਹੀ ਹੈ। ਉੱਥੇ ਹੀ ਰਾਹੁਲ ਗਾਂਧੀ ਨੇ ਫਿਰ ਤੋਂ ਸੈਂਟ੍ਲ ਵਿਸਟਾ ਪ੍ਰਾਜੈਕਟ ਦੇ ਨਿਰਮਾਣ 'ਤੇ 20 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਜਾਣ 'ਤੇ ਸਵਾਲ ਉਠਾਇਆ ਤੇ ਪ੍ਰਧਾਨ ਮੰਤਰੀ 'ਤੇ ਨਿੱਜੀ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਦੇਸ਼ ਨੂੰ ਪੀਐੱਮ ਦੀ ਨਵੀਂ ਰਿਹਾਇਸ਼ ਦੀ ਨਹੀਂ ਸਾਹ ਚਾਹੀਦੇ ਹਨ।

ਖੜਗੇ ਨੇ ਇਸ ਤੋਂ ਇਲਾਵਾ ਕੋਰੋਨਾ ਦੀ ਲੜਾਈ 'ਚ ਸਭ ਤੋਂ ਅਹਿਮ ਵੈਕਸੀਨ, ਪੀਪੀਈ ਕਿੱਟ, ਆਕਸੀਜਨ, ਵੈਂਟੀਲੇਟਰ, ਸੈਨੇਟਾਈਜ਼ਰ ਤੇ ਐੈਂਬੂਲੈਂਸ 'ਤੇ ਜੀਐੱਸਟੀ ਨਾ ਲਗਾਉਣ ਨੂੰ ਕਿਹਾ ਹੈ। ਕੋਰੋਨਾ ਲਈ ਆ ਰਹੀ ਰਾਹਤ ਸਮੱਗਰੀ ਦੀ ਫ਼ੌਰੀ ਵੰਡ ਦੇ ਨਾਲ ਹੀ ਇਸ ਨੂੰ ਕਿੱਥੇ-ਕਿੱਥੇ ਦਿੱਤਾ ਗਿਆ ਇਸ ਦੀ ਵੀ ਸਪਸ਼ਟ ਜਾਣਕਾਰੀ ਦਿੱਤੇ ਜਾਣ ਦੀ ਗੱਲ ਉਠਾਈ ਹੈ। ਕਾਂਗਰਸ ਨੇਤਾ ਨੇ ਕੋਰੋਨਾ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਪੇਂਡੂ ਇਲਾਕਿਆਂ 'ਚ ਮਨਰੇਗਾ ਤਹਿਤ ਕੰਮ ਦੇ ਦਿਨਾਂ ਦੀ ਗਿਣਤੀ ਵਧਾ ਕੇ 200 ਕਰਨ ਦਾ ਵੀ ਸੁਝਾਅ ਪ੍ਰਧਾਨ ਮੰਤਰੀ ਨੂੰ ਦਿੱਤਾ ਹੈ।

ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸਭਾਪਤੀ ਵੈਂਕਈਆ ਨਾਇਡੂ ਨੂੰ ਵੀ ਪੱਤਰ ਲਿਖ ਕੇ ਸੰਸਦ ਦੀ ਸਥਾਈ ਕਮੇਟੀ ਦੀ ਬੈਠਕ ਬੁਲਾਉਣ ਦੀ ਮੰਗ ਕੀਤੀ ਹੈ। ਨਾਲ ਹੀ ਸਿਹਤ ਸਬੰਧੀ ਸੰਸਦੀ ਸਥਾਈ ਕਮੇਟੀ ਦੀ ਰਿਪੋਰਟ ਜਿਸ 'ਚ ਕੋਰੋਨਾ ਦਾ ਦੂਜੀ ਲਹਿਰ ਦੇ ਖ਼ਤਰਿਆਂ ਦੇ ਮੱਦੇਨਜ਼ਰ ਆਕਸੀਜਨ ਦੀ ਕਮੀ ਦੂਰ ਕਰਨ ਦਾ ਸੁਝਾਅ ਦਿੱਤਾ ਸੀ, ਉਸ 'ਤੇ ਕੋਈ ਕਾਰਵਾਈ ਨਾ ਕੀਤੇ ਜਾਣ ਦਾ ਨੋਟਿਸ ਲਏ ਜਾਣ ਦੀ ਗੱਲ ਵੀ ਕਹੀ ਹੈ।