ਜੇਐੱਨਐੱਨ, ਜੀਂਦ : ਹਰਿਆਣਾ ਦੇ ਬਾਂਗਰ ਇਲਾਕੇ ਦੀਆਂ ਕਰੀਬ ਅੱਧਾ ਦਰਜਨ ਖਾਪ ਪੰਚਾਇਤਾਂ ਨੇ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕਰਨ ਵਾਲੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਖਾਪ ਪੰਚਾਇਤਾਂ ਨੇ ਹਰਿਆਣਾ ਦੇ ਖੇਤੀ ਮੰਤਰੀ ਜੇਪੀ ਦਲਾਲ ਤੇ ਅਦਾਕਾਰਾ ਕੰਗਨਾ ਰਣੌਤ ਦਾ ਵੀ ਬਾਈਕਾਟ ਕੀਤਾ।

ਜੀਂਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬ ਧਾਦਨ ਖਾਪ ਦੇ ਪ੍ਰਧਾਨ ਦਲਬੀਰ ਸ਼ਿਵਕਾਂਡ ਨੇ ਕਿਹਾ ਕਿ ਖਾਪਾਂ ਤੇ ਕਿਸਾਨਾਂ ਨੇ ਭਾਜਪਾ-ਜੇਜੇਪੀ ਆਗੂਆਂ ਦੇ ਪਿੰਡਾਂ 'ਚ ਦਾਖ਼ਲੇ 'ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਭਾਜਪਾ ਦੇ ਹਿਸਾਰ ਤੋਂ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਸਮੇਤ ਹੋਰਨਾਂ ਵਿਧਾਇਕਾਂ ਦਾ ਵੀ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਲੋਕ ਇਸੇ ਤਰ੍ਹਾਂ ਦੀ ਪਾਬੰਦੀ ਜੇਪੀ ਦਲਾਲ ਤੇ ਕੰਗਨਾ ਰਣੌਤ 'ਤੇ ਵੀ ਲਾਉਣਗੇ। ਉਨ੍ਹਾਂ ਕਿਹਾ ਕਿ ਦੁਸ਼ਿਅੰਤ ਤੇ ਬ੍ਰਿਜੇਂਦਰ ਕਿਸਾਨਾਂ ਦਾ ਦਰਦ ਸਮਝਣ 'ਚ ਨਾਕਾਮ ਰਹੇ ਹਨ ਤੇ ਜੇ ਉਨ੍ਹਾਂ ਨੇ ਸਾਡੇ ਪਿੰਡ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਜਾਣਗੇ।

Posted By: Susheel Khanna