ਕੋਚੀ (ਏਜੰਸੀਆਂ) : ਕੋਚੀ ਦੀ ਇਕ ਅਦਾਲਤ ਨੇ ਇਕ ਵਿਅਕਤੀ ਨੂੰ ਤਾਉਮਰ ਜੇਲ੍ਹ ਦੀ ਸਜ਼ਾ ਸੁਣਵਾਈ, ਜਿਸ ਨੂੰ ਜਾਣਬੁੱਝ ਕੇ ਅੱਤਵਾਦੀ ਸੰਗਠਨ ਆਈਐੱਸ 'ਚ ਸ਼ਾਮਲ ਹੋਣ ਤੇ ਬਾਅਦ 'ਚ ਇਸ ਖ਼ਤਰਨਾਕ ਅੱਤਵਾਦੀ ਜਥੇਬੰਦੀ ਦੀਆਂ ਸਰਗਰਮੀਆਂ ਲਈ ਇਰਾਕ ਜਾਣ ਦਾ ਦੋਸ਼ ਠਹਿਰਾਇਆ ਗਿਆ ਸੀ। ਅਦਾਲਤ ਨੇ ਅੱਤਵਾਦੀ ਮੋਈਦੀਨ ਨੂੰ ਦੋ ਲੱਖ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਸੁਣਾਇਆ ਹੈ।

ਵਿਸ਼ੇਸ਼ ਐੱਨਆਈਏ ਅਦਾਲਤ 'ਚ ਸੋਮਵਾਰ ਨੂੰ ਕੇਰਲ ਨਿਵਾਸੀ ਸੁਬਹਾਨੀ ਹਜ਼ਾ ਮੋਈਦੀਨ 'ਤੇ ਇਰਾਕ ਖ਼ਿਲਾਫ਼ ਜੰਗ ਛੇੜਨ ਦਾ ਦੋਸ਼ ਸਾਬਤ ਹੋਇਆ ਹੈ। ਇਸ ਨੂੰ ਐੱਨਆਈਏ ਨੇ 2016 'ਚ ਤਾਮਿਲਨਾਡੂ 'ਚ ਕੇਂਦਰੀ ਸੁਰੱਖਿਆ ਏਜੰਸੀਆਂ ਤੇ ਸੂਬਾ ਪੁਲਿਸ ਦੀ ਮਦਦ ਨਾਲ ਕਾਰਵਾਈ ਤੋਂ ਬਾਅਦ ਗਿ੍ਫ਼ਤਾਰ ਕੀਤਾ ਸੀ।

ਅਦਾਲਤ ਨੇ ਬੀਤੇ ਸ਼ੁੱਕਰਵਾਰ ਨੂੰ ਉਸ ਨੂੰ ਭਾਰਤੀ ਦੰਡ ਸੰਘਤਾ ਦੀ ਧਾਰਾ 120 (ਬੀ) ਤੇ 125 ਤਹਿਤ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਨਾਲ ਹੀ ਉਸ ਨੂੰ ਗ਼ੈਰ-ਕਾਨੂੰਨੀ ਸਰਗਰਮੀ ਰੋਕਥਾਮ ਕਾਨੂੰਨ (ਯੂਏਪੀਏ) ਦੀ ਧਾਰਾ 38 ਤੇ 39 ਤਹਿਤ ਵੀ ਦੋਸ਼ੀ ਠਹਿਰਾਇਆ ਸੀ। ਹਾਲਾਂਕਿ ਮੋਈਦੀਨ ਭਾਰਤੀ ਦੰਡ ਸੰਘਤਾ ਦੀ ਧਾਰਾ 122 ਤਹਿਤ ਦੋਸ਼ੀ ਨਹੀਂ ਪਾਇਆ ਗਿਆ ਸੀ।

ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਦਾਇਰ ਦੋਸ਼ ਪੱਤਰ ਅਨੁਸਾਰ ਕੇਰਲ ਦੇ ਇਦੁਕੀ ਜ਼ਿਲ੍ਹੇ ਦਾ ਰਹਿਣ ਵਾਲਾ ਮੋਈਦੀਨ ਜਾਣਬੁੱਝ ਕੇ 2015 'ਚ ਆਈਐੱਸ ਦਾ ਮੈਂਬਰ ਬਣਿਆ ਸੀ। ਐੱਨਆਈਏ ਦੇ ਦੋਸ਼ ਪੱਤਰ ਅਨੁਸਾਰ ਆਈਐੱਸ ਦੀਆਂ ਸਰਗਰਮੀਆਂ ਨੂੰ ਅੱਗੇ ਵਧਾਉਣ ਲਈ ਉਹ ਅਪ੍ਰਰੈਲ-ਸਤੰਬਰ 2015 'ਚ ਇਰਾਕ ਗਿਆ, ਅੱਤਵਾਦੀ ਸੰਗਠਨ 'ਚ ਸ਼ਾਮਲ ਹੋਇਆ ਤੇ ਇਰਾਕ ਸਰਕਾਰ ਖ਼ਿਲਾਫ਼ ਜੰਗ ਛੇੜੀ।