ਨਵੀਂ ਦਿੱਲੀ (ਏਜੰਸੀ) : ਫਿਲਮ ਨਿਰਮਾਤਾ ਆਇਸ਼ਾ ਸੁਲਤਾਨਾ ਨੂੰ ਕੇਰਲ ਹਾਈ ਕੋਰਟ ਤੋਂ ਪੇਸ਼ਗੀ ਜ਼ਮਾਨਤ ਮਿਲ ਗਈ ਹੈ। ਅਸਲ 'ਚ ਆਇਸ਼ਾ 'ਤੇ ਰਾਜਧ੍ਰੋਹ ਦਾ ਮਾਮਲਾ ਦਰਜ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੇਸ਼ਗੀ ਜ਼ਮਾਨਤ ਲਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਉਨ੍ਹਾਂ ਦੀ ਪਟੀਸ਼ਨ 'ਤੇ ਕੋਰਟ ਨੇ ਸੁਣਵਾਈ ਕਰਦੇ ਹੋਏ ਇਹ ਜ਼ਮਾਨਤ ਦਿੱਤੀ।

ਪਿਛਲੇ ਦਿਨੀਂ ਆਇਸ਼ਾ ਸੁਲਤਾਨਾ ਨੇ ਇਕ ਟੀਵੀ ਡਿਬੇਟ ਦੌਰਾਨ ਲਕਸ਼ਦੀਪ ਬਾਰੇ ਬਿਆਨ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਲਕਸ਼ਦੀਪ 'ਚ ਜੈਵਿਕ ਹਥਿਆਰ ਦਾ ਇਸਤੇਮਾਲ ਕਰ ਰਹੀ ਹੈ। ਇਸੇ ਬਿਆਨ ਕਾਰਨ ਉਨ੍ਹਾਂ ਖ਼ਿਲਾਫ਼ ਰਾਜਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਸੀ।

ਇਸ ਦੌਰਾਨ ਆਇਸ਼ਾ ਨੇ ਕਿਹਾ ਸੀ ਕਿ ਲਕਸ਼ਦੀਪ 'ਚ ਕੋਰੋਨਾ ਦਾ ਅਜੇ ਤਕ ਇਕ ਵੀ ਮਾਮਲਾ ਨਹੀਂ ਸੀ, ਪਰ ਇੱਥੇ ਹੁਣ ਹਰ ਰੋਜ਼ 100 ਮਾਮਲੇ ਆ ਰਹੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਕੇਂਦਰ ਸਰਕਾ ਵੱਲੋਂ ਇੱਥੋਂ ਦੇ ਪ੍ਰਸ਼ਾਸਕ ਪ੍ਰਫੁੱਲ ਪਟੇਲ ਨੂੰ ਬਾਇਓ ਵੈਪਨ ਵਾਂਗ ਇਸਤੇਮਾਲ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਦੀਆਂ ਉਨ੍ਹਾਂ ਦੀਆਂ ਨੀਤੀਆਂ ਹਨ, ਉਸ ਕਾਰਨ ਹੀ ਇੱਥੇ ਲਗਾਤਾਰ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਜ਼ਿਕਰਯੋਗ ਹੈ ਕਿ ਆਇਸ਼ਾ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਸੀ। ਭਾਜਪਾ ਵੱਲੋਂ ਉਨ੍ਹਾਂ ਦੇ ਇਸ ਬਿਆਨ ਦੀ ਆਲੋਚਨਾ ਕਰਦੇ ਹੋਏ ਆਇਸ਼ਾ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਹਾਲਾਂਕਿ, ਕਈ ਭਾਜਪਾ ਦੇ ਅਜਿਹੇ ਨੇਤਾ ਵੀ ਸਨ, ਜਿਨ੍ਹਾਂ ਆਇਸ਼ਾ ਖ਼ਿਲਾਫ਼ ਰਾਜਧ੍ਰੋਹ ਕੇਸ ਤੋਂ ਬਾਅਦ ਪਾਰਟੀ ਛੱਡ ਦਿੱਤੀ ਸੀ।