ਰੁਦਰਪ੍ਰਯਾਗ : ਕੇਦਾਰਨਾਥ ਧਾਮ ਦੇ ਕਿਵਾੜ ਖੋਲ੍ਹਣ ਦੀ ਪ੍ਰਕਿਰਿਆ ਐਤਵਾਰ ਨੂੰ ਸਰਦ ਰੁੱਤ ਗੱਦੀ ਸਥਾਨ ਓਂਕਾਰੇਸ਼ਵਰ ਮੰਦਰ ਊਖੀਮੱਠ 'ਚ ਭੈਰਵਨਾਥ ਦੀ ਪੂਜਾ ਦੇ ਨਾਲ ਸ਼ੁਰੂ ਹੋ ਜਾਵੇਗੀ। ਕੇਦਾਰਨਾਥ ਧਾਮ ਦੇ ਕਿਵਾੜ 9 ਮਈ ਨੂੰ ਖੋਲ੍ਹੇ ਜਾਣੇ ਹਨ।

ਓਂਕਾਰੇਸ਼ਵਰ ਮੰਦਰ 'ਚ ਐਤਵਾਰ ਦੇਰ ਸ਼ਾਮ ਭੈਰਵਨਾਥ ਪੂਜਨ ਦੇ ਨਾਲ ਵਿਧੀਵਤ ਰੂਪ ਨਾਲ ਕੇਦਾਰਨਾਥ ਯਾਤਰਾ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਲੋਕ ਮਾਨਤਾਵਾਂ ਵਿਚ ਭੈਰਵਨਾਥ ਨੂੰ ਬਾਬਾ ਕੇਦਾਰ ਦਾ ਖੇਤਰ ਰੱਖਿਅਕ ਮੰਨਿਆ ਗਿਆ ਹੈ। ਭੈਰਵ ਪੂਜਨ ਤੋਂ ਬਾਅਦ ਭੈਰਵਨਾਥ ਕੇਦਾਰਪੁਰੀ ਲਈ ਰਵਾਨਾ ਹੋ ਜਾਂਦੇ ਹਨ। 6 ਮਈ ਨੂੰ ਬੈਂਡ ਦੀਆਂ ਧੁੰਨਾਂ ਵਿਚਾਲੇ ਬਾਬਾ ਕੇਦਾਰ ਦੀ ਪੰਚਮੁਖੀ ਚੱਲ ਵਿਗ੍ਰਹਿ ਉਤਸਵ ਡੋਲੀ ਊਖੀਮੱਠ ਤੋਂ ਕੇਦਾਰਪੁਰੀ ਲਈ ਰਵਾਨਾ ਹੋਵੇਗੀ। ਪ੍ਰਥਮ ਦਿਵਸ ਜਾਬਰੀ, ਵਿਦਿਆਪੀਠ, ਭੈਂਸਾਰੀ, ਵਿਸ਼ਵਨਾਥ ਮੰਦਰ ਗੁਪਤਕਾਸ਼ੀ, ਨਾਲਾ, ਨਾਰਾਇਣਕੋਟੀ, ਮੈਖੰਡਾ ਸਮੇਤ ਕਈ ਯਾਤਰਾ ਪੜਾਅ 'ਤੇ ਭਗਤਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਡੋਲੀ ਰਾਤਰੀ ਪ੍ਰਵਾਸ ਲਈ ਫਾਟਾ ਪਹੁੰਚੇਗੀ। 7 ਮਈ ਨੂੰ ਡੋਲੀ ਸ਼ੇਰਸੀ, ਬਡਾਸੂ, ਰਾਮਪੁਰ, ਸੀਤਾਪੁਰ, ਸੋਨਪ੍ਰਯਾਗ ਹੁੰਦੇ ਹੋਏ ਗੌਰਾਮਾਈ ਮੰਦਰ ਗੌਰੀਕੁੰਡ ਵਿਚ ਰਾਤਰੀ ਵਿਸ਼ਰਾਮ ਕਰੇਗੀ। 8 ਮਈ ਨੂੰ ਡੋਲੀ ਗੌਰੀਕੁੰਡ ਤੋਂ ਜੰਗਲਚੱਟੀ ਤੇ ਭੀਮਬਲੀ ਹੁੰਦੇ ਹੋਏ ਕੇਦਾਰਪੁਰੀ ਪਹੁੰਚ ਕੇ ਭੰਡਾਰਗ੍ਰਹਿ ਵਿਚ ਬਿਰਾਜਮਾਨ ਹੋਵੇਗੀ। 9 ਮਈ ਨੂੰ ਸਵੇਰੇ 5 ਵੱਜ ਕੇ 35 ਮਿੰਟ 'ਤੇ ਧਾਮ ਦੇ ਕਿਵਾੜ ਖੋਲ੍ਹ ਦਿੱਤੇ ਜਾਣਗੇ।