ਹੈਦਰਾਬਾਦ (ਪੀਟੀਆਈ) : ਤੇਲੰਗਾਨਾ ਰਾਸ਼ਟਰ ਕਮੇਟੀ (ਟੀਆਰਐੱਸ) ਦੀ ਐੱਮਐੱਲਸੀ ਕੇ ਕਵਿਤਾ ਨੇ ਕਿਹਾ ਕਿ ਉਹ ਈਡੀ ਤੇ ਸੀਬੀਆਈ ਜਿਹੀਆਂ ਕੇਂਦਰੀ ਏਜੰਸੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ। ਉਹ ਤੇ ਉਨ੍ਹਾਂ ਦੀ ਪਾਰਟੀ ਦੇ ਨੇਤਾ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਵ ਦੀ ਧੀ ਕਵਿਤਾ ਨੇ ਇਹ ਪ੍ਰਤੀਕਿਰਿਆ ਦਿੱਲੀ ਸ਼ਰਾਬ ਘੁਟਾਲੇ ’ਚ ਮੁਲਜ਼ਮ ਅਮਿਤ ਅਰੋੜਾ ਦੇ ਈਡੀ ਦੀ ਪੁੱਛਗਿੱਤ ’ਚ ਕਵਿਤਾ ਦਾ ਨਾਂ ਲੈਣ ਤੋਂ ਬਾਅਦ ਦਿੱਤੀ ਹੈ।

ਕਵਿਤਾ ਨੇ ਵੀਰਵਾਰ ਨੂੰ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਾਂਗੇ। ਜੇਕਰ ਏਜੰਸੀਆਂ ਆਉਂਦੀਆਂ ਹਨ ਤੇ ਸਾਨੂੰ ਸਵਾਲ ਕਰਦੀਆਂ ਹਨ ਤਾਂ ਅਸੀਂ ਯਕੀਨੀ ਰੂਪ ’ਚ ਜਵਾਬ ਦਿਆਂਗੇ। ਪਰ ਮੀਡੀਆ ਨੂੰ ਚੋਣਵੀਆਂ ਜਾਣਕਾਰੀਆਂ ਲੀਕ ਕਰ ਕੇ ਆਗੂਆਂ ਦਾ ਅਕਸ ਵਿਗਾੜਨਾ ਯਕੀਨੀ ਤੌਰ ’ਤੇ ਇਸ ਨੂੰ ਖ਼ਾਰਜ ਕਰਾਂਗੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਵੀ ਚੁਣੌਤੀ ਦਿੱਤੀ ਕਿ ਉਹ ਉਨ੍ਹਾਂ ਨੂੰ ਅਤੇ ਹੋਰਨਾਂ ਆਗੂਆਂ ਨੂੰ ਇਹ ਸਾਬਿਤ ਕਰ ਕੇ ਜੇਲ੍ਹ ’ਚ ਰੱਖਣ ਕਿ ਉਹ ਕਿਸੇ ਵੀ ਗ਼ਲਤ ਕੰਮ ਦੇ ਦੋਸ਼ੀ ਹਨ। ਜੇਕਰ ਤੁਸੀਂ ਸਾਨੂੰ ਜੇਲ੍ਹ ’ਚ ਰੱਖਣਾ ਹੈ ਤਾਂ ਰੱਖੋ। ਇਸ ਨਾਲ ਕੀ ਹੋਵੇਗਾ? ਇਸ ’ਚ ਡਰਨ ਵਾਲੀ ਕੋਈ ਗੱਲ ਹੀ ਨਹੀਂ ਹੈ। ਕੀ ਤੁਸੀਂ ਸਾਨੂੰ ਫਾਂਸੀ ’ਤੇ ਚੜ੍ਹਾ ਦਿਓਗੇ? ਵੱਧ ਤੋਂ ਵੱਧ ਸਾਨੂੰ ਜੇਲ੍ਹ ’ਚ ਰੱਖੋਗੇ।

ਕਵਿਤਾ ਨੇ ਦਾਅਵਾ ਕੀਤਾ ਕਿ ਚੋਣਾਂ ਤੋਂ ਪਹਿਲਾਂ ਈਡੀ ਤੇ ਸੀਬੀਆਈ ਦੇ ਆਉਣ ਦੀ ਰਵਾਇਤ ਬਣ ਗਈ ਹੈ। ਤੇਲੰਗਾਨਾ ’ਚ ਅਗਲੇ ਸਾਲ ਨਵੰਬਰ ਜਾਂ ਦਸੰਬਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਦੇ ਆਉਣ ਤੋਂ ਪਹਿਲਾਂ ਈਡੀ ਪਹੁੰਚੇਗੀ। ਕਵਿਤਾ ਨੇ ਦੋਸ਼ ਲਗਾਇਆ ਕਿ ਭਾਜਪਾ ਨੇ ਲੋਕਤੰਤਰੀ ਤੌਰ ’ਤੇ ਚੁਣੀਆਂ ਅੱਠ ਸੂਬਾ ਸਰਕਾਰਾਂ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਤੇ ਪਰਦੇ ਦੇ ਪਿੱਛੇ ਦੀ ਸਿਆਸਤ ਰਾਹੀਂ ਉਨ੍ਹਾਂ ਤੋਂ ਸੱਤਾ ਖੋਹ ਲਈ ਹੈ। ਕਵਿਤਾ ਨੇ ਕਿਹਾ, ‘ਮੈਂ ਮੋਦੀ ਨੂੰ ਅਪੀਲ ਕਰਦੀ ਹਾਂ ਕਿ ਇਸ ਰਵੱਈਏ ਨੂੰ ਬਦਲਣਾ ਪਵੇਗਾ। ਈਡੀ ਤੇ ਸੀਬੀਆਈ ਦੀ ਵਰਤੋਂ ਕਰ ਕੇ ਜਿੱਤਣਾ ਸੰਭਵ ਨਹੀਂ ਹੈ। ਤੇਲੰਗਾਨਾ ਦੇ ਲੋਕਾਂ ਨਾਲ ਇਹ ਬਹੁਤ ਮੁਸ਼ਕਲ ਹੈ ਜੋ ਸਮਝਦਾਰ ਹਨ।’ ਵੱਡੀ ਗਿਣਤੀ ’ਚ ਟੀਆਰਐੱਸ ਪਾਰਟੀ ਦੇ ਵਰਕਰ ਇਕਜੁੱਟਤਾ ਪ੍ਰਗਟ ਕਰਦੇ ਹੋਏ ਉਨ੍ਹਾਂ ਦੇ ਨਿਵਾਸ ’ਤੇ ਇਕੱਤਰ ਹੋਏ।

Posted By: Jaswinder Duhra