ਦਿਨੇਸ਼ ਮਹਾਜਨ, ਜੰਮੂ : ਕਸ਼ਮੀਰ 'ਚ ਸੁਰੱਖਿਆ ਬਲਾਂ ਵੱਲੋਂ ਜਾਰੀ ਅੱਤਵਾਦੀਆਂ ਦੇ ਸਫ਼ਾਏ ਤੋਂ ਹਤਾਸ਼ ਪਾਕਿਸਤਾਨ ਨੇ ਅੱਤਵਾਦ ਨੂੰ ਜੀਊਂਦਾ ਰੱਖਣ ਲਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਹਥਿਆਰ ਬਣਾ ਲਿਆ ਹੈ। ਅਜਿਹੇ 'ਚ ਅੱਤਵਾਦ ਦਾ ਹੋਰ ਵੀ ਖੂੰਖਾਰ ਰੂੁਪ ਸਾਹਮਣੇ ਆ ਰਿਹਾ ਹੈ, ਜਿਸ ਨੂੰ ਨਾਰਕੋ ਟੈਰੋਰਿਜ਼ਮ ਜਾਂ ਜ਼ਹਿਰੀਲਾ ਅੱਤਵਾਦ ਕਹਿੰਦੇ ਹਨ। ਜੰਮੂ ਕਸ਼ਮੀਰ ਪੁਲਿਸ ਨੇ ਸਾਲ 2018 'ਚ ਨਸ਼ੇ ਦੀ ਸਮਗਿਲੰਗ ਦੇ 26 ਹਜ਼ਾਰ ਮਾਮਲੇ ਦਰਜ ਕੀਤੇ, ਜੋ 2017 ਦੀ ਤੁਲਨਾ 'ਚ ਬਹੁਤ ਜ਼ਿਆਦਾ ਹਨ। ਸੁਰੱਖਿਆ ਏਜੰਸੀਆਂ ਨੇ ਕਸ਼ਮੀਰ 'ਚ ਐਂਟਰੀ ਪੁਆਇੰਟ 'ਤੇ ਨਿਗਰਾਨੀ ਵਧਾਉਣ ਦੀ ਜ਼ਰੂਰਤ ਦੱਸੀ ਹੈ।

ਕਸ਼ਮੀਰੀ ਨੌਜਵਾਨਾਂ ਨੂੰ ਕੋਰੀਅਰ ਵਾਂਗ ਇਸਤੇਮਾਲ ਕੀਤਾ ਜਾ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਕ, ਨੌਜਵਾਨਾਂ ਨੂੰ ਇਸ ਧੰਦੇ 'ਚ ਧਕੇਲਣ ਲਈ ਉਨ੍ਹਾਂ ਨੂੰ ਨਸ਼ੇ ਦੀ ਲ਼ਤ ਵੀ ਲਗਾਈ ਜਾ ਰਹੀ ਹੈ, ਜਿਸ ਨੂੰ ਪੂੁਰਾ ਕਰਨ ਲਈ ਉਹ ਅਪਰਾਧਿਕ ਸਰਗਰਮੀਆਂ 'ਚ ਸ਼ਾਮਲ ਹੋ ਰਹੇ ਹਨ। ਪੁਲਿਸ ਤੇ ਸਮਾਜਸੇਵੀ ਸੰਗਠਨਾਂ ਦੀ ਮੰਨੀਏ ਤਾਂ ਖ਼ਾਸ ਕਰ ਕਸ਼ਮੀਰ 'ਚ ਇਕ ਤਿਹਾਈ ਤੋਂ ਵੱਧ ਨੌਜਵਾਨ ਨਸ਼ੇ ਦੀ ਗਿ੍ਰਫ਼ਤ 'ਚ ਹਨ। ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਬੇਰੁਜ਼ਗਾਰ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਅਜਿਹੇ ਨੌਜਵਾਨਾਂ ਦੀ ਪਛਾਣ ਕੀਤੀ ਜਾਂਦੀ ਹੈ ਜਿਨ੍ਹਾਂ ਦਾ ਅਪਰਾਧਿਕ ਰਿਕਾਰਡ ਨਹੀਂ ਹੈ, ਤਾਂਕਿ ਭਾਰਤੀ ਖ਼ੁਫ਼ੀਆ ਏਜੰਸੀਆਂ ਦੀ ਨਜ਼ਰ ਤੋਂ ਬਚ ਸਕਣ। ਫਿਰ ਇਨ੍ਹਾਂ ਨੂੰ ਕੋਰੀਅਰ ਵਾਂਗ ਇਸਤੇਮਾਲ ਕੀਤਾ ਜਾਂਦਾ ਹੈ। ਇਕ ਵਾਰ ਜਾਲ 'ਚ ਫਸ ਜਾਣ ਤੋਂ ਬਾਅਦ ਕਸ਼ਮੀਰੀ ਨੌਜਵਾਨਾਂ ਨੂੰ ਸਮਗਿਲੰਗ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ।

ਨਸ਼ਾ ਸਮਗਿਲੰਗ ਤੇ ਅੱਤਵਾਦ ਦੇ ਨਾਪਾਕ ਗਠਜੋੜ ਨੂੰ ਤੋੜਨ 'ਚ ਸੁਰੱਖਿਆ ਏਜੰਸੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਜ਼ਿਆਦਾਤਰ ਨਸ਼ੇ ਦੀ ਖੇਪ ਫਲਾਂ ਨਾਲ ਲੱਦੇ ਟਰੱਕਾਂ 'ਚ ਹੀ ਫੜੀ ਗਈ। ਹਾਲੇ ਤਕ ਸਥਾਨਕ ਨੌਜਵਾਨ ਹੀ ਫੜੇ ਜਾ ਰਹੇ ਸਨ, ਪਰ ਹੁਣ ਯੂਪੀ, ਪੰਜਾਬ ਤੇ ਦੂਜੇ ਸੂਬਿਆਂ ਦੇ ਨੌਜਵਾਨ ਫੜੇ ਜਾ ਰਹੇ ਹਨ। ਇਸ ਤੋਂ ਸਾਬਿਤ ਹੋ ਰਿਹਾ ਹੈ ਕਿ ਇੱਥੋਂ ਇਹ ਪੂਰਾ ਧੰਦਾ ਦੇਸ਼ ਦੇ ਹੋਰਨਾਂ ਭਾਗਾਂ ਤਕ ਪੈਠ ਬਣਾ ਰਿਹਾ ਹੈ।

ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਪਾਕਿਸਤਾਨ ਨਾਲ ਲਗਦੀ ਕੌਮਾਂਤਰੀ ਸਰਹੱਦ 'ਤੇ ਕੰਡਿਲਾਲੀ ਤਾਰ ਤੇ ਆਧੁਨਿਕ ਉਪਕਰਨ ਲਗਾਏ ਜਾਣ ਤੋਂ ਬਾਅਦ ਘੁਸਪੈਠ 'ਚ ਤਾਂ ਕਾਫ਼ੀ ਹੱਦ ਤਕ ਕਮੀ ਆਈ ਹੈ, ਪਰ ਅੱਤਵਾਦੀਆਂ ਦੀ ਘੁਸਪੈਠ ਬੰਦ ਹੋਣ ਤੋਂ ਬਾਅਦ ਹੁਣ ਪਾਕਿਸਤਾਨੀ ਏਜੰਸੀਆਂ ਨੇ ਨਸ਼ੇ ਦੀ ਸਮਗਿਲੰਗ ਦਾ ਪੈਂਤੜਾ ਅਪਣਾਇਆ ਹੈ, ਜਿਸ ਦਾ ਅਸੀਂ ਪੂਰੀ ਸਮਰੱਥਾ ਨਾਲ ਮੁਕਾਬਲਾ ਕਰ ਰਹੇ ਹਾਂ। ਉੱਥੇ, ਜੰਮੂ ਜ਼ੋਨ ਦੇ ਡੀਆਈਜੀ ਐੱਮਕੇ ਸਿਨਹਾ ਦਾ ਕਹਿਣਾ ਹੈ ਕਿ ਕਰੀਬ ਤਿੰਨ ਸੌ ਕਿਲੋਮੀਟਰ ਲੰਬੇ ਜੰਮੂ ਸ੍ਰੀਨਗਰ ਹਾਈਵੇ 'ਤੇ ਵਾਹਨਾਂ ਦਾ ਦਬਾਅ ਬਹੁਤ ਜ਼ਿਆਦਾ ਹੈ। ਹਰ ਇਕ ਵਾਹਨ ਦੀ ਜਾਂਚ ਕਰਨਾ ਸੰਭਵ ਨਹੀਂ ਹੈ, ਖ਼ੁਫ਼ੀਆ ਸੂਚਨਾ ਦੇ ਆਧਾਰ 'ਤੇ ਹੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ। ਕਸ਼ਮੀਰ ਤੋਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਜਾਣ ਵਾਲੇ ਵਾਹਨਾਂ 'ਚ ਆਏ ਦਿਨ ਨਸ਼ੀਲੇ ਪਦਾਰਥ ਤੋਂ ਇਲਾਵਾ ਹਥਿਆਰ ਬਰਾਮਦ ਹੁੰਦੇ ਰਹਿੰਦੇ ਹਨ। ਐੱਲਓਸੀ ਟ੍ਰੇਡ ਰਾਹੀਂ ਵੀ ਨਸ਼ੇ ਦੀ ਖੇਪ ਚੋਰੀ ਛੁਪੇ ਸੂਬੇ 'ਚ ਪਹੁੰਚ ਰਹੀ ਸੀ। ਕੇਂਦਰੀ ਸਰਕਾਰ ਨੇ ਵੀ ਇਸ ਗੱਲ ਨੂੰ ਮੰਨਿਆ ਸੀ ਤੇ ਉਸ ਤੋਂ ਬਾਅਦ ਐੱਲਓਸੀ ਟ੍ਰੇਡ ਬੰਦ ਕਰ ਦਿੱਤਾ ਗਿਆ ਸੀ।

ਬਾਕਸ

ਪਾਕਿਸਤਾਨ ਨੇ ਬਦਲੀ ਚਾਲ

ਜੰਮੂ ਕਸ਼ਮੀਰ ਪੁਲਿਸ ਨੇ ਸਾਲ 2018 'ਚ ਨਸ਼ੇ ਦੀ ਸਮਗਿਲੰਗ ਦੇ 26 ਹਜ਼ਾਰ ਮਾਮਲੇ ਦਰਜ ਕੀਤੇ, ਜੋ 2017 ਦੀ ਤੁਲਨਾ 'ਚ ਬਹੁਤ ਜ਼ਿਆਦਾ ਹਨ। 1291 ਲੋਕਾਂ ਨੂੰ ਨਸ਼ੇ ਦੀ ਖੇਪ ਨਾਲ ਦਬੋਚਿਆ ਗਿਆ। ਉਨ੍ਹਾਂ ਦੇ ਕਬਜ਼ੇ 'ਚੋਂ 28 ਕਿੱਲੋ ਹੈਰੋਇਨ, 362 ਕਿੱਲੋ ਚਰਸ, 19873 ਕਿੱਲੋ ਡੋਡਾ ਚੂਰਾ ਬਰਾਮਦ ਹੋਇਆ। 56 ਸਮਗਲਰਾਂ 'ਤੇ ਪਬਲਿਕ ਸੇਫਟੀ ਐਕਟ ਲਗਾਇਆ ਗਿਆ। ਤੇਜ਼ੀ ਨਾਲ ਵਧਦੀਆਂ ਇਨ੍ਹਾਂ ਸਰਗਰਮੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਪਾਕਿਸਤਾਨ ਹੁਣ ਨਾਰਕੋ ਟੈਰੋਰਿਜ਼ਮ 'ਤੇ ਜ਼ੋਰ ਦੇ ਰਿਹਾ ਹੈ।

'ਅੱਤਵਾਦੀਆਂ ਦੀ ਘੁਸਪੈਬ ਬੰਦ ਹੋਣ ਮਗਰੋਂ ਹੁਣ ਪਾਕਿਸਤਾਨੀ ਏਜੰਸੀਆਂ ਨੇ ਨਸ਼ੇ ਦੀ ਸਮਗਿਲੰਗ ਦਾ ਪੈਂਤੜਾ ਅਪਣਾਇਆ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਨਸ਼ੇ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਹੈ।'

- ਦਿਲਬਾਗ ਸਿੰਘ, ਡੀਜੀਪੀ, ਜੰਮੂ ਕਸ਼ਮੀਰ

'ਪਾਕਿਸਤਾਨ ਦੇ ਰਸਤੇ ਹਰ ਸਾਲ ਜੰਮੂ ਕਸ਼ਮੀਰ 'ਚ ਹਜ਼ਾਰਾਂ ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਭੇਜਿਆ ਜਾ ਰਿਹਾ ਹੈ। ਦੇਸ਼ ਦੇ ਵੱਡੇ ਸ਼ਹਿਰਾਂ ਤਕ ਇੱਥੋਂ ਸਪਲਾਈ ਹੋ ਰਹੀ ਹੈ।'

- ਜ਼ੋਰਾਵਰ ਸਿੰਘ ਜਮਵਾਲ, ਸਟੇਟ ਡਰੱਗ ਡੀ-ਐਡਿਕਸ਼ਨ ਸੈਂਟਰ, ਜੰਮੂ ਕਸ਼ਮੀਰ

'ਕਸ਼ਮੀਰ ਦੇ ਐਂਟਰੀ ਗੇਟ ਲੋਅਰ ਮੁੰਡਾ ਤੇ ਜੰਮੂੁ ਦੇ ਐਂਟਰੀ ਗੇਟ ਲਖਨਪੁਰ 'ਚ ਵਾਹਨ ਸਕੈਨਰ ਲਗਾਏ ਜਾਣ ਦੀ ਮੰਗ ਕੀਤੀ ਗਈ ਹੈ। ਕਈ ਸੁਰੱਖਿਆ ਏਜੰਸੀਆਂ ਨੇ ਸੂਬਾ ਸਰਕਾਰ ਨੂੰ ਪੱਤਰ ਲਿਖਿਆ ਹੈ, ਜਿਸ 'ਤੇ ਫ਼ੈਸਲਾ ਲਿਆ ਜਾਣਾ ਬਾਕੀ ਹੈ।'

- ਐੱਮਕੇ ਸਿਨਹਾ, ਡੀਆਈਜੀ, ਜੰਮੂ ਜ਼ੋਨ