ਨੀਲੂ ਰੰਜਨ, ਕਾਰਤਾਰਪੁਰ ਲਾਂਘਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਠ ਨਵੰਬਰ ਨੂੰ ਨਵੇਂ ਬਣ ਰਹੇ ਕਰਤਾਰਪੁਰ ਸਾਹਿਬ ਲਾਂਘੇ ਤੋਂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹਿਲੇ ਜੱਥੇ ਨੂੰ ਰਵਾਨਾ ਕਰ ਸਕਦੇ ਹਨ। ਕਰਤਾਰਪੁਰ ਲਾਂਘੇ ਤੋਂ ਜਾਣ ਵਾਲੇ ਸ਼ਰਧਾਲੂਆਂ ਨੂੰ ਵੀਜ਼ੇ ਦੀ ਲੋੜ ਨਹੀਂ ਪਵੇਗੀ ਪਰ ਇਸ ਲਈ ਪਾਸਪੋਰਟ ਦਾ ਹੋਣਾ ਲਾਜ਼ਮੀ ਹੋਵੇਗਾ। 20 ਅਕਤੂਬਰ ਤੋਂ ਇਸ ਲਈ ਬਣੇ ਵਿਸ਼ੇਸ਼ ਪੋਰਟਲ 'ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਪਰ 20 ਡਾਲਰ ਫੀਸ 'ਤੇ ਅਜੇ ਸਥਿਤੀ ਸਾਫ਼ ਨਹੀਂ ਹੈ। ਪੰਜ ਹਜ਼ਾਰ ਸ਼ਰਧਾਲੂ ਹਰ ਰੋਜ਼ ਦਰਸ਼ਨ ਕਰਨ ਲਈ ਜਾ ਸਕਣਗੇ।

ਲਾਂਘੇ ਦੀ ਸੜਕ ਤੇ ਸ਼ਰਧਾਲੂਆਂ ਦੇ ਬਣਨ ਵਾਲੇ ਪੈਸੰਜਰ ਟਰਮੀਨਲ ਦੇ ਨਿਰਮਾਣ ਦਾ ਜਾਇਜ਼ਾ ਲੈਣ ਪਿੱਛੋਂ ਲੈਂਡ ਪੋਰਟ ਅਥਾਰਟੀ ਦੇ ਚੇਅਰਮੈਨ ਤੇ ਗ੍ਰਹਿ ਮੰਤਰਾਲੇ 'ਚ ਵਧੀਕ ਸਕੱਤਰ ਗੋਵਿੰਦ ਮੋਹਨ ਨੇ ਕਿਹਾ ਕਿ ਲਾਂਘੇ ਦੇ ਨਿਰਮਾਣ ਦਾ ਕੰਮ 80 ਫ਼ੀਸਦੀ ਪੂਰਾ ਹੋ ਚੁੱਕਾ ਹੈ ਤੇ ਇਸ ਨੂੰ 31 ਅਕਤੂਬਰ ਤਕ ਮੁਕੰਮਲ ਕਰ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਅੱਠ ਨਵੰਬਰ ਨੂੰ ਪਹਿਲੇ ਜੱਥੇ ਨੂੰ ਭੇਜਣ ਦੀ ਤਜਵੀਜ਼ ਭੇਜੀ ਗਈ ਹੈ ਤੇ ਇਸ ਲਈ ਗੱਲਬਾਤ ਚੱਲ ਰਹੀ ਹੈ। ਧਿਆਨ ਦੇਣ ਦੀ ਗੱਲ ਹੈ ਕਿ ਦੋ ਦਿਨ ਪਹਿਲਾਂ ਕੇਂਦਰੀ ਖ਼ੁਰਾਕ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਠ ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਾਂਘੇ ਦੇ ਉਦਘਾਟਨ ਦਾ ਐਲਾਨ ਕੀਤਾ ਸੀ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਸਭ ਕੁਝ ਠੀਕ ਰਿਹਾ ਤਾਂ ਪ੍ਰਧਾਨ ਮੰਤਰੀ ਅੱਠ ਨਵੰਬਰ ਨੂੰ ਹੀ ਪਹਿਲੇ ਜੱਥੇ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਕਰ ਸਕਦੇ ਹਨ।

ਬਹਿਰਹਾਲ ਲਾਂਘੇ ਦੇ ਗਰਾਊਂਡ ਜ਼ੀਰੋ 'ਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਬੇਭਰੋਸਗੀ ਦੀ ਛਾਪ ਸਾਫ਼ ਦੇਖੀ ਜਾ ਸਕਦੀ ਹੈ। ਭਾਰਤ ਵੱਲ ਲਾਂਘੇ ਦਾ ਪੁਲ਼ ਬਣ ਕੇ ਤਿਆਰ ਹੈ ਪਰ ਗਰਾਊਂਡ ਜ਼ੀਰੋ ਤੋਂ ਪਾਰ ਪਾਕਿਸਤਾਨ ਵੱਲ ਇਸ ਦਾ ਨਾਮੋ-ਨਿਸ਼ਾਨ ਵੀ ਨਹੀਂ ਹੈ। ਇਸ ਕਾਰਨ ਪੈਸੰਜਰ ਟਰਮੀਨਲ ਤੋਂ ਰੈਂਪ ਦੇ ਸਹਾਰੇ ਸਿੱਧਿਆਂ ਪੁਲ਼ ਤੋਂ ਹੋ ਕੇ ਸ਼ਰਧਾਲੂਆਂ ਨੂੰ ਪਾਕਿਸਤਾਨ ਭੇਜਣ ਦੀ ਭਾਰਤ ਦੀ ਮਨਸ਼ਾ ਧਰੀ-ਧਰਾਈ ਰਹਿ ਗਈ।

ਪਾਕਿਸਤਾਨ ਨੇ ਫਿਲਹਾਲ ਆਪਣੇ ਵੱਲੋਂ ਜ਼ਮੀਨ 'ਤੇ ਸੜਕ ਬਣਾਈ ਹੈ। ਹੁਣ ਭਾਰਤ ਵੱਲੋਂ ਪੁਲ਼ ਦੀ ਵੱਖੀ ਤੋਂ ਇਕ ਸੜਕ ਬਣਾਈ ਗਈ ਹੈ ਜਿਸ ਰਾਹੀਂ ਸ਼ਰਧਾਲੂ ਜਾ ਸਕਣਗੇ। ਉਂਜ ਪਾਕਿਸਤਾਨ ਨੇ ਭਵਿੱਖ 'ਚ ਪੁਲ਼ ਬਣਾਉਣ ਦਾ ਭਰੋਸਾ ਜ਼ਰੂਰ ਦਿੱਤਾ ਹੈ। ਭਾਰਤ-ਪਾਕਿਸਤਾਨ ਵਿਚਕਾਰ ਭਾਵੇਂ ਜੋ ਵੀ ਬੇਭਰੋਸਗੀ ਹੋਵੇ ਪਰ ਫਿਲਹਾਲ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਦੇ ਚਿਹਰੇ 'ਤੇ ਛੇਤੀ ਹੀ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਕਰ ਸਕਣ ਦੀ ਖ਼ੁਸ਼ੀ ਸਾਫ਼ ਦੇਖੀ ਜਾ ਸਕਦੀ ਹੈ।

ਬਟਾਲਿਓਂ ਦਰਸ਼ਨ ਕਰਨ ਆਈ ਸੁਖਵਿੰਦਰ ਕੌਰ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਜਾਣ ਦਾ 72 ਸਾਲ ਪੁਰਾਣਾ ਸੁਪਨਾ ਹੁਣ ਪੂਰਾ ਹੋਣ ਵਾਲਾ ਹੈ। ਪਰ ਪਾਸਪੋਰਟ ਦੀ ਸ਼ਰਤ ਤੇ 20 ਡਾਲਰ ਦੀ ਫੀਸ ਨੂੰ ਲੈ ਕੇ ਉਹ ਪਾਕਿਸਤਾਨ ਤੋਂ ਨਾਰਾਜ਼ ਨਜ਼ਰ ਆਈ। ਸੁਖਵਿੰਦਰ ਕੌਰ ਕੋਲ ਪਾਸਪੋਰਟ ਨਹੀਂ ਹੈ। ਉਨ੍ਹਾਂ ਕਿਹਾ ਕਿ ਗ਼ਰੀਬ ਸ਼ਰਧਾਲੂਆਂ ਨੂੰ ਧਿਆਨ ਵਿਚ ਰੱਖਦਿਆਂ ਪਾਕਿਸਤਾਨ ਨੂੰ ਇਨ੍ਹਾਂ ਸ਼ਰਤਾਂ ਨੂੰ ਹਟਾ ਲੈਣਾ ਚਾਹੀਦਾ ਹੈ।

20 ਤੋਂ ਸ਼ੁਰੂ ਹੋਵੇਗਾ ਪੋਰਟਲ

ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਲਈ ਵਿਸ਼ੇਸ਼ ਪੋਰਟਲ ਬਣਾਇਆ ਗਿਆ ਹੈ ਜੋ 20 ਅਕਤੂਬਰ ਤੋਂ ਕੰਮ ਕਰਨ ਲੱਗੇਗਾ। ਹਰ ਰੋਜ਼ ਪੰਜ ਹਜ਼ਾਰ ਸ਼ਰਧਾਲੂਆਂ ਦੀ ਗਿਣਤੀ ਯਕੀਨੀ ਹੋ ਗਈ ਹੈ ਪਰ ਅਜੇ ਤਕ ਇਹ ਤੈਅ ਨਹੀਂ ਹੈ ਕਿ ਇਕ ਜੱਥੇ ਦੇ ਸ਼ਰਧਾਲੂਆਂ ਨੂੰ ਦਰਸ਼ਨ ਪੂਰਾ ਕਰ ਕੇ ਮੁੜਨ ਲਈ ਕਿੰਨੇ ਘੰਟਿਆਂ ਦਾ ਸਮਾਂ ਦਿੱਤਾ ਜਾਵੇਗਾ।

ਗੋਵਿੰਦ ਮੋਹਨ ਨੇ ਕਿਹਾ ਕਿ ਇਸ ਲਈ ਪਾਕਿਸਤਾਨ ਨਾਲ ਗੱਲਬਾਤ ਹੋ ਰਹੀ ਹੈ। ਇਸ ਸਿਲਸਿਲੇ ਵਿਚ ਇਹ ਦੇਖਿਆ ਜਾ ਰਿਹਾ ਹੈ ਕਿ ਕਰਤਾਰਪੁਰ ਸਾਹਿਬ 'ਚ ਇੱਕੋ ਵੇਲੇ ਕਿੰਨੇ ਸ਼ਰਧਾਲੂਆਂ ਲਈ ਥਾਂ ਹੋ ਸਕਦੀ ਹੈ। ਨਾਲ ਹੀ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਲਾਂਘੇ 'ਤੇ ਸ਼ਰਧਾਲੂਆਂ ਨੂੰ ਲਿਜਾਣ ਲਈ ਕਿੰਨੀਆਂ ਬੱਸਾਂ ਨੂੰ ਲਾਇਆ ਜਾ ਸਕਦਾ ਹੈ।