ਮੈਂਗਲੁਰੂ (ਪੀਟੀਆਈ) : ਅੱਠਵੀਂ ਕਲਾਸ ਦੀ ਇਕ ਵਿਦਿਆਰਥਣ ਨੇ ਫ਼ੌਜ ਦੇ ਜਵਾਨਾਂ ਲਈ 300 ਦੋ ਤਹਿ ਵਾਲੇ ਸੂਤੀ ਕੱਪੜੇ ਦੇ ਮਾਸਕ ਭੇਜੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਲਈ ਵਿਦਿਆਰਥਣ ਦੀ ਪ੍ਰਸ਼ੰਸਾ ਕੀਤੀ ਹੈ। ਉਡੂਪੀ ਵਿਚ ਮਾਧਵ ਕਿਰਪਾ ਸਕੂਲ ਦੀ ਵਿਦਿਆਰਥਣ ਇਸ਼ਿਤਾ ਆਚਰ ਨੇ ਇਕ ਮਹੀਨਾ ਪਹਿਲੇ ਰੱਖਿਆ ਮੰਤਰਾਲੇ ਦੇ ਮਾਧਿਅਮ ਰਾਹੀਂ ਫ਼ੌਜ ਦੇ ਜਵਾਨਾਂ ਲਈ ਮਾਸਕ ਪਾਰਸਲ ਰਾਹੀਂ ਭੇਜੇ ਸਨ। ਮੰਗਲਵਾਰ ਨੂੰ ਉਸ ਦੀ ਮਾਂ ਨੰਦਿਤਾ ਆਚਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਸ਼ਲਾਘਾ ਪੱਤਰ ਪ੍ਰਰਾਪਤ ਹੋਇਆ।

ਰਾਜਨਾਥ ਸਿੰਘ ਨੇ 16 ਸਤੰਬਰ ਨੂੰ ਲਿਖੇ ਗਏ ਆਪਣੇ ਪੱਤਰ ਵਿਚ ਕਿਹਾ ਹੈ ਕਿ ਫ਼ੌਜ ਦੇ ਜਵਾਨਾਂ ਲਈ ਤੁਹਾਡੀ ਧੀ ਦੀ ਭਾਵਨਾ ਦੀ ਮੈਂ ਸ਼ਲਾਘਾ ਕਰਦਾ ਹਾਂ। ਪੱਤਰ ਵਿਚ ਕਿਹਾ ਗਿਆ ਹੈ ਕਿ ਸਾਡੇ ਫ਼ੌਜ ਦੇ ਜਵਾਨਾਂ ਲਈ ਮਾਸਕ ਤਿਆਰ ਕਰਨ ਲਈ ਤੁਹਾਡਾ ਧੰਨਵਾਦ। ਮੈਂ ਤੁਹਾਡੀ ਧੀ ਇਸ਼ਿਤਾ ਆਚਰ ਦੀ ਜਵਾਨਾਂ ਪ੍ਰਤੀ ਭਾਵਨਾ ਅਤੇ ਕੋਵਿਡ-19 ਦੌਰਾਨ ਸੁਰੱਖਿਆ ਉਪਾਵਾਂ ਨੂੰ ਲੈ ਕੇ ਉਸ ਦੀ ਜਾਗਰੂਕਤਾ ਦੀ ਸ਼ਲਾਘਾ ਕਰਦਾ ਹਾਂ। ਮੈਂ ਤੁਹਾਡੀ ਧੀ ਦੇ ਮੰਗਲਮਈ ਭਵਿੱਖ ਦੀ ਕਾਮਨਾ ਕਰਦਾ ਹਾਂ। ਇਸ਼ਿਤਾ ਨੇ ਕਿਹਾ ਕਿ ਉਹ ਰੱਖਿਆ ਮੰਤਰੀ ਤੋਂ ਸ਼ਲਾਘਾ ਦਾ ਵਿਅਕਤੀਗਤ ਪੱਤਰ ਪਾ ਕੇ ਬਹੁਤ ਖ਼ੁਸ਼ ਹੈ।