ਬੈਂਗਲੁਰੂ: ਕਰਨਾਟਕ 'ਚ ਜਾਰੀ ਸਿਆਸੀ ਸੰਕਟ 'ਤੇ ਅੱਜ ਫ਼ੈਸਲਾ ਆ ਸਕਦਾ ਹੈ। ਕਰਨਾਟਕ 'ਚ ਕਾਂਗਰਸ-ਜੇਡੀਐੱਸ ਗਠਜੋੜ ਦੀ ਸਰਕਾਰ ਰਹੇਗੀ ਜਾਂ ਡਿੱਗ ਜਾਵੇਗੀ। ਇਸ ਦਾ ਫ਼ੈਸਲਾ ਅੱਜ ਵਿਧਾਨ ਸਭਾ 'ਚ ਫਲੋਰ ਟੈਸਟ ਮਗਰੋਂ ਹੋ ਜਾਵੇਗਾ। ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਵੱਲੋਂ ਪੇਸ਼ ਭਰੋਸਗੀ ਮਤੇ 'ਤੇ ਅਸੈਂਬਲੀ 'ਚ ਬਹਿਸ ਹੋਵੇਗੀ। ਅੱਜ ਮੁੜ ਦੁਬਾਰਾ ਅਸੈਂਬਲੀ 'ਚ ਵਿਧਾਇਕ ਅੱਗੇ ਬਹਿਸ ਕਰਨਗੇ। ਜ਼ਿਕਰਯੋਗ ਕਰਨਾਟਕ ਦੇ ਰਾਜਪਾਲ ਵੱਲੋਂ ਕੁਮਾਰਸਵਾਮੀ ਨੂੰ ਬਹੁਮਤ ਸਾਬਿਤ ਕਰਨ ਲਈ ਦੋ ਵਾਰ ਦਿੱਤਾ ਗਿਆ ਸਮਾਂ ਖ਼ਤਮ ਹੋ ਚੁੱਕਾ ਹੈ।

ਵਿਧਾਨ ਸਭਾ 'ਚ ਬੋਲਦੇ ਹੋਏ ਕਾਂਗਰਸ ਦੇ ਮੰਤਰੀ ਡੀਕੇ ਸ਼ਿਵਕੁਮਾਰ ਨੇ ਕਿਹਾ, 'ਭਾਜਪਾ ਕਿਉਂ ਨਹੀਂ ਮੰਨ ਰਹੀ ਹੈ ਕਿ ਉਹ ਕੁਰਸੀ ਚਾਹੁੰਦੀ ਹੈ? ਉਹ ਇਸ ਤੱਥ ਨੂੰ ਸਵੀਕਰਾ ਕਿਉਂ ਨਹੀਂ ਕਰ ਰਹੇ ਹਨ ਕਿ ਉਹ 'ਆਪਰੇਸ਼ਨ ਕਮਲ' ਪਿੱਛੇ ਹਨ? ਉਨ੍ਹਾਂ ਨੂੰ ਸਵੀਕਾਰ ਕਰਨਾ ਚਾਹੀਦਾ ਕਿ ਉਨ੍ਹਾਂ ਨੇ ਇਨ੍ਹਾਂ ਬਾਗ਼ੀ ਵਿਧਾਇਕਾਂ ਨਾਲ ਗੱਲ ਕੀਤੀ ਹੈ।'


ਕਰਨਾਟਕ ਵਿਧਾਨ ਸਭਾ 'ਚ ਭਰੋਸਗੀ ਮਤੇ 'ਤੇ ਬਹਿਸ ਸ਼ੁਰੂ ਹੋ ਗਈ ਹੈ। ਇਸ ਦੌਰਾਨ ਕਰਨਾਟਕ ਦੇ ਸਪੀਕਰ ਕੇਆਰ ਰਮੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਹੀ ਫ਼ੈਸਲਾ ਲੈਣਾ ਹੋਵੇਗਾ।

ਇਕ ਪਾਸੇ ਅੱਜ ਵਿਧਾਨ ਸਭਾ 'ਚ ਫਲੋਰ ਟੈਸਟ ਹੋਣਾ ਤਾਂ ਦੂਸਰੇ ਪਾਸੇ ਪਾਸੇ ਕਰਨਾਟਕ ਵਿਧਾਨ ਸਭਾ ਸਪੀਕਰ ਕੇਆਰ ਰਮੇਸ਼ ਕੁਮਾਰ ਨੇ ਮੰਗਲਵਾਰ ਨੂੰ ਬਾਗ਼ੀ ਵਿਧਾਇਕਾਂ ਨੂੰ ਸੱਦਿਆ ਹੈ। ਸਪੀਕਰ ਨੇ 11 ਬਾਗ਼ੀ ਵਿਧਾਇਕਾਂ ਨੂੰ ਚਿੱਠੀ ਲਿਖ ਕੇ ਮੰਗਲਵਾਰ ਸਵੇਰੇ 11 ਵਜੇ ਪੇਸ਼ ਹੋਣ ਨੂੰ ਕਿਹਾ ਹੈ।


ਸੁਪਰੀਮ ਕੋਰਟ ਨੇ ਕਰਨਾਟਕ 'ਚ ਅੱਜ ਹੀ ਫਲੋਰ ਟੈਸਟ 'ਤੇ ਵੋਟਿੰਗ ਕਰਨ ਦੀ ਮੰਗ 'ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅੱਜ ਸੁਣਵਾਈ ਸੰਭਵ ਨਹੀਂ ਹੈ। ਕੋਰਟ ਨੇ ਕਿਹਾ ਕਿ ਦੇਖਾਂਗੇ ਕਿ ਕੀ ਕੱਲ੍ਹ ਸੁਣਵਾਈ ਲਈ ਮਾਮਲਾ ਲਗ ਸਕਦਾ ਹੈ। ਸੁਪਰੀਮ ਕੋਰਟ 'ਚ ਦੋ ਆਜ਼ਾਦ ਵਿਧਾਇਕਾਂ ਵੱਲੋਂ ਮੁਕੁਲ ਰੋਹਤਗੀ ਨੇ ਇਹ ਮੁੱਦਾ ਚੁੱਕਿਆ ਸੀ।


ਐੱਚਡੀ ਕੁਮਾਰਸਵਾਮੀ ਸਰਕਾਰ ਅੱਜ ਵਿਧਾਨ ਸਭਾ 'ਚ ਫਲੋਰ ਟੈਸਟ ਦਾ ਸਾਹਮਣਾ ਕਰੇਗੀ। ਵਿਧਾਇਕ ਵਿਧਾਨ ਸਭਾ ਭਵਨ ਲਈ ਨਿਕਲ ਚੁੱਕੇ ਹਨ। ਵਿਧਾਨ ਸਭਾ ਲਈ ਭਾਜਪਾ ਵਿਧਾਇਕ ਰਾਮਦਾ ਹੋਟਲ ਤੋਂ ਰਵਾਨਾ ਹੋ ਚੁੱਕੇ ਹਨ।

Posted By: Akash Deep