ਨਵੀਂ ਦਿੱਲੀ : Lok Sabha Election 2019 Result ਚੋਣ ਨਤੀਜਿਆਂ ਤੋਂ ਬਾਅਦ ਕਰਨਾਟਕ ਕਾਂਗਰਸ ਵਿਚ ਘਮਸਾਨ ਮਚਿਆ ਹੈ। ਕਰਨਾਟਕ ਕਾਂਗਰਸ ਪ੍ਰਚਾਰ ਕਮੇਟੀ (Karnataka Congress Campaign Committee) ਦੇ ਪ੍ਰਧਾਨ ਐੱਚਕੇ ਪਾਟਿਲ (HK Patil) ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇਹ ਸਾਡੇ ਸਾਰਿਆਂ ਲਈ ਆਤਮ-ਮੰਥਨ ਦਾ ਵੇਲਾ ਹੈ। ਮੈਨੂੰ ਲਗਦੈ ਕਿ ਇਸ ਹਾਰ ਦੀ ਜ਼ਿੰਮੇਵਾਰੀ ਲੈਣਾ ਮੇਰੀ ਨੈਤਿਕ ਜ਼ਿੰਮੇਵਾਰੀ ਹੈ, ਇਸ ਲਈ ਮੈਂ ਅਹੁਦੇ ਤੋਂ ਆਪਣਾ ਅਸਤੀਫ਼ਾ ਦਿੰਦਾ ਹਾਂ। ਉੱਥੇ, ਕਰਨਾਟਕ ਕਾਂਗਰਸ ਦੇ ਆਗੂਆਂ ਦੀਆਂ ਬੈਠਕਾਂ ਦਾ ਦੌਰ ਵੀ ਚੱਲ ਰਿਹਾ ਹੈ।

ਕਰਨਾਟਕ ਦੇ ਉਪ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਜੀ. ਪਰਮੇਸ਼ਵਰ ਨੇ ਆਪਣੀ ਰਿਹਾਇਸ਼ 'ਤੇ ਪਾਰਟੀ ਆਗੂਆਂ ਦੀ ਇਕ ਬੈਠਕ ਸੱਦੀ ਹੈ। ਇਸ ਵਿਚ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ, ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਿਨੇਸ਼ ਗੁੰਡੂ ਰਾਓ, ਐੱਮਬੀ ਪਾਟਿਲ ਤੇ ਹੋਰ ਆਗੂਆਂ ਨੇ ਬੈਠਕ ਵਿਚ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਕੇਂਦਰੀ ਮੰਤਰੀ ਡੀਵੀ ਸਦਾਨੰਦ ਗੌੜਾ ਨੇ ਦਾਅਵਾ ਕੀਤਾ ਸੀ ਕਿ ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ ਕਰਨਾਟਕ ਵਿਚ ਕਾਂਗਰਸ-ਜੇਡੀਐੱਸ ਗਠਜੋੜ ਦੀ ਸਰਕਾਰ ਡਿੱਗ ਜਾਵੇਗੀ। ਉੱਥੇ, ਕਰਨਾਟਕ ਵਿਚ ਕਾਂਗਰਸੀ ਆਗੂ ਰੋਸ਼ਨ ਬੇਗ (Roshan Baig) ਨੇ ਆਪਣੀ ਹੀ ਪਾਰਟੀ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਕਿਹਾ ਸੀ ਕਿ ਚੋਣਾਂ ਵਿਚ ਕਾਂਗਰਸ ਨੇ ਘਟ ਗਿਣਤੀਆਂ ਨਾਲ ਧੋਖਾ ਕੀਤਾ ਹੈ।

ਚੋਣ ਨਤੀਜਿਆਂ ਨੇ ਯੂਪੀ ਕਾਂਗਰਸ 'ਚ ਵੀ ਹਲਚਲ ਵਧਾ ਦਿੱਤੀ ਹੈ। ਅਮੇਠੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਯੋਗੇਂਦਰ ਮਿਸ਼ਰਾ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਯੋਗੇਂਦਰ ਨੇ ਇਸ ਹਾਰ ਦੀ ਜ਼ਿੰਮੇਵਾਰੀ ਖ਼ੁਦ ਲਈ ਹੈ।

ਜ਼ਿਕਰਯੋਗ ਹੈ ਕਿ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ 300 ਤੋਂ ਵੱਧ ਸੀਟਾਂ ਹਾਸਿਲ ਕਰ ਕੇ ਇਕ ਵਾਰੀ ਫਿਰ ਇਤਿਹਾਸ ਰੱਚ ਦਿੱਤਾ ਹੈ। ਪੀਐੱਮ ਮੋਦੀ ਦੀ ਚੋਣ ਸੁਨਾਮੀ 'ਚ ਵਿਰੋਧੀਆਂ ਦਾ ਕਿਲ੍ਹਾ ਢੇਰੀ ਹੋ ਗਿਆ ਹੈ। ਇਸ 'ਮੋਦੀ ਸੁਨਾਮੀ' ਦਾ ਹੀ ਨਤੀਜਾ ਹੈ ਕਿ ਤਿੰਨ ਸੂਬਿਆਂ ਨੂੰ ਛੱਡ ਕੇ ਪੂਰਾ ਦੇਸ਼ ਮੋਦੀਮਈ ਹੋ ਗਿਆ ਹੈ। 1971 ਤੋਂ ਬਾਅਦ ਇਹ ਦੂਸਰਾ ਮੌਕਾ ਹੋਵੇਗਾ ਜਦੋਂ ਕਿਸੇ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਉਨ੍ਹਾਂ ਦੀ ਪਾਰਟੀ ਕੇਂਦਰ ਵਿਚ ਲਗਾਤਾਰ ਦੂਸਰੀ ਵਾਰ ਸਰਕਾਰ ਬਣਾਏਗੀ।

Posted By: Seema Anand