ਨਵੀਂ ਦਿੱਲੀ : ਲੋਕ ਸਭਾ ਚੋਣ ਪਿੱਛੋਂ ਭੰਬਲਭੂਸਾ ਪੈਦਾ ਕਰਨ ਨਾਲ ਪਾਰਟੀ 'ਚ ਹਰ ਕਾਰਕੁੰਨ ਪਰੇਸ਼ਾਨ ਪ੍ਰਸ਼ਾਂਤ ਮਿਸ਼ਰ ਗੋਆ 'ਚ ਕਾਂਗਰਸ ਦੇ 10 ਵਿਧਾਇਕਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਅਤੇ ਕਰਨਾਟਕ ਵਿਚ ਕਾਂਗਰਸ ਦੇ ਲਗਪਗ ਇਕ ਦਰਜਨ ਵਿਧਾਇਕਾਂ ਨੇ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੁਣ ਸਿਆਸੀ ਦੂਸ਼ਣਬਾਜ਼ੀ ਦਾ ਬਾਜ਼ਾਰ ਗਰਮ ਹੈ। ਕਾਂਗਰਸ, ਭਾਜਪਾ 'ਤੇ ਖ਼ਰੀਦੋ-ਫਰੋਖਤ ਦਾ ਦੋਸ਼ ਲਗਾ ਰਹੀ ਹੈ। ਭਾਜਪਾ ਵੱਲੋਂ ਕਾਂਗਰਸ ਨੂੰ ਆਪਣੀ ਪੀੜੀ ਹੇਠ ਸੋਟਾ ਮਾਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਨੂੰ ਕਾਂਗਰਸ ਦਾ ਅੰਦਰੂਨੀ ਸੰਕਟ ਦੱਸਿਆ ਜਾ ਰਿਹਾ ਹੈ। ਜ਼ਾਹਿਰ ਤੌਰ 'ਤੇ ਇਹ ਕਾਂਗਰਸ ਦਾ ਅੰਦਰੂਨੀ ਸੰਕਟ ਹੀ ਹੈ ਪ੍ਰੰਤੂ ਇਸ ਸੰਕਟ ਦੀ ਜੜ੍ਹ ਵਿਚ ਕੌਣ ਹੈ...? ਕਾਂਗਰਸ ਜੇਕਰ ਪੂਰੀ ਪਾਰਦਰਸ਼ਤਾ ਨਾਲ ਇਸ ਦੀ ਜਾਂਚ ਕਰੇ ਤਾਂ ਕਈ ਲੋਕ ਜ਼ਿੰਮੇਵਾਰ ਠਹਿਰਾਏ ਜਾ ਸਕਦੇ ਹਨ ਪ੍ਰੰਤੂ ਸਭ ਤੋਂ ਉਪਰ ਰਾਹੁਲ ਗਾਂਧੀ ਹੋਣਗੇ। ਲੋਕ ਸਭਾ ਵਿਚ ਹਾਰ ਪਿੱਛੋਂ ਉਨ੍ਹਾਂ ਨੇ ਜਿਸ ਤਰ੍ਹਾਂ ਪਾਰਟੀ ਨੂੰ ਭੰਬਲਭੂਸੇ ਵੱਲ ਧੱਕਿਆ ਹੈ ਉਸ ਤੋਂ ਪਾਰਟੀ ਦਾ ਹਰ ਵਿਅਕਤੀ ਸਹਿਮਿਆ ਹੋਇਆ ਹੈ। ਕਰਨਾਟਕ ਅਤੇ ਗੋਆ ਨੂੰ ਇਸ ਤੋਂ ਪੂਰੀ ਤਰ੍ਹਾਂ ਅਲੱਗ ਕਰ ਕੇ ਨਹੀਂ ਦੇਖਿਆ ਜਾ ਸਕਦਾ ਹੈ ਅਤੇ ਨਾ ਹੀ ਅਸਤੀਫ਼ਾ ਦੇ ਕੇ ਰਾਹੁਲ ਇਸ ਦੋਸ਼ ਤੋਂ ਬੱਚ ਸਕਦੇ ਹਨ।

ਗੋਆ ਵਿਚ ਭਾਜਪਾ ਵਿਚ ਸ਼ਾਮਲ ਹੋਏ ਕਾਂਗਰਸ ਦੇ ਵਿਧਾਇਕਾਂ ਨੇ ਕਿਹਾ ਹੈ ਕਿ ਉਹ ਰਾਜ ਦਾ ਵਿਕਾਸ ਚਾਹੁੰਦੇ ਹਨ ਅਤੇ ਇਸ ਲਈ ਅਜਿਹੀ ਪਾਰਟੀ ਨਾਲ ਜੁੜੇ ਜੋ ਵਿਕਾਸ ਕਰ ਸਕੇ। ਵਿਰੋਧੀ ਧਿਰ ਦੇ ਆਗੂ ਚੰਦਰਕਾਂਤ ਕਾਵਲੇਕਰ ਨੇ ਸਿੱਧੇ ਤੌਰ 'ਤੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪਾਰਟੀ ਅੰਦਰ ਜਿਸ ਤਰ੍ਹਾਂ ਕਸ਼ਮਕਸ਼ ਚੱਲ ਰਹੀ ਹੈ ਉਸ ਵਿਚ ਆਖਿਰ ਕਦੋਂ ਤਕ ਇੰਤਜ਼ਾਰ ਕੀਤਾ ਜਾਏ। ਕਰਨਾਟਕ ਵਿਚ ਕਾਂਗਰਸ ਛੱਡ ਚੁੱਕੇ ਵਿਧਾਇਕਾਂ ਨੇ ਸਿੱਧਾ-ਸਿੱਧਾ ਦੋਸ਼ ਲਗਾਇਆ ਹੈ ਕਿ ਰਾਜ ਵਿਚ ਵਿਕਾਸ ਨਹੀਂ ਹੋ ਰਿਹਾ ਹੈ, ਇਸ ਲਈ ਉਹ ਅਸਤੀਫ਼ਾ ਦੇ ਰਹੇ ਹਨ। ਕਰਨਾਟਕ ਵਿਚ ਜਨਤਾ ਦਲ ਐੱਸ ਨਾਲ ਮਿਲ ਕੇ ਸਰਕਾਰ ਬਣਾਉਣ ਦੀ ਇਜਾਜ਼ਤ ਦੇਣ ਵਾਲੇ ਰਾਹੁਲ ਨੂੰ ਵੀ ਇਸ ਦਾ ਜਵਾਬ ਦੇਣਾ ਹੋਵੇਗਾ। ਲੋਕ ਸਭਾ ਚੋਣ ਨਤੀਜਾ ਆਉਣ ਪਿੱਛੋਂ ਰਾਹੁਲ ਗਾਂਧੀ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਆਦਤਨ ਕਾਂਗਰਸ ਅੰਦਰ ਉਨ੍ਹਾਂ ਨੂੰ ਮਨਾਉਣ ਦੀਆਂ ਲੰਬੀਆਂ ਕੋਸ਼ਿਸ਼ਾਂ ਚੱਲਦੀਆਂ ਰਹੀਆਂ ਪ੍ਰੰਤੂ ਉਨ੍ਹਾਂ ਨੇ ਸਾਫ਼ ਕਹਿ ਦਿੱਤਾ ਕਿ ਉਨ੍ਹਾਂ ਨੂੰ ਹੁਣ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ। ਨਾਰਾਜ਼ਗੀ ਇਸ ਗੱਲ ਦੀ ਕਿ ਕੋਈ ਦੂਜਾ ਆਗੂ ਅਸਤੀਫ਼ਾ ਨਹੀਂ ਦੇ ਰਿਹਾ ਹੈ। ਸਿਆਸੀ ਸਮਝ ਦੀ ਘਾਟ ਦੀ ਇਹ ਹੱਦ ਹੈ। ਆਖਿਰ ਪਿਛਲੇ ਇਕ ਡੇਢ ਸਾਲ ਵਿਚ ਤਾਂ ਉਨ੍ਹਾਂ ਨੇ ਹੀ ਸਭ ਨੂੰ ਜ਼ਿੰਮੇਵਾਰੀ ਦਿੱਤੀ ਸੀ। ਲੋਕ ਸਭਾ ਚੋਣ ਦੌਰਾਨ ਰਾਹੁਲ ਜਿਸ ਤਰ੍ਹਾਂ ਦੀ ਮੁਹਿੰਮ ਚਲਾ ਰਹੇ ਸਨ ਉਸ ਵਿਚ ਕਿੰਨੇ ਲੋਕਾਂ ਦੀ ਸਹਿਮਤੀ ਲਈ ਸੀ? ਕੀ ਰਾਹੁਲ ਨੂੰ ਇਸ ਦਾ ਵੀ ਅਹਿਸਾਸ ਹੈ ਕਿ ਜੋ ਲੋਕ ਅਹੁਦਿਆਂ 'ਤੇ ਬੈਠੇ ਹਨ ਉਨ੍ਹਾਂ ਦੇ ਹਟਣ ਦਾ ਵੀ ਕੋਈ ਪ੍ਰਭਾਵ ਦਿਸੇਗਾ? ਇਹੀ ਹੱਠ ਹੈ ਜਿਸ ਕਾਰਨ ਕਾਂਗਰਸ ਅੰਦਰ ਵੱਡੀ ਗਿਣਤੀ ਵਿਚ ਲੋਕ ਹੈਰਾਨ ਅਤੇ ਪਰੇਸ਼ਾਨ ਹਨ। ਉਨ੍ਹਾਂ ਨੂੰ ਇਹ ਨਹੀਂ ਸੁੁੱਝ ਰਿਹਾ ਕਿ ਕਾਂਗਰਸ ਖੜ੍ਹੀ ਹੋ ਕੇ ਚੱਲਣ ਦੀ ਦਸ਼ਾ ਵਿਚ ਹੋਵੇਗੀ ਵੀ ਜਾਂ ਨਹੀਂ। ਕਰਨਾਟਕ ਅਤੇ ਗੋਆ ਇਸ ਦਾ ਸਿੱਧਾ-ਸਿੱਧਾ ਨਤੀਜਾ ਹੈ ਅਤੇ ਲੋਕ ਸਭਾ ਹਾਰ ਦੀ ਜ਼ਿੰਮੇਵਾਰੀ ਲੈ ਚੁੱਕੇ ਰਾਹੁਲ ਨੂੰ ਜਨਤਕ ਤੌਰ 'ਤੇ ਇਹ ਵੀ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਪਿਛਲੇ ਇਕ ਡੇਢ ਮਹੀਨੇ ਵਿਚ ਉਨ੍ਹਾਂ ਦੇ ਰਵੱਈਏ ਨੇ ਹੀ ਪਾਰਟੀ ਨੂੰ ਨੁਕਸਾਨ ਹੀ ਪੁਚਾਇਆ ਹੈ।

ਕਰਨਾਟਕ ਦੀ ਗੱਲ ਕਰੀਏ ਤਾਂ ਕਿਸੇ ਨੂੰ ਨਹੀਂ ਪਤਾ ਹੈ ਕਿ ਸਰਕਾਰ ਦੇ ਗਠਨ ਸਮੇਂ ਤੋਂ ਹੀ ਕਾਂਗਰਸੀ ਵਿਧਾਇਕਾਂ ਵਿਚ ਰੋਸ ਸੀ। ਸਾਬਕਾ ਮੁੱਖ ਮੰਤਰੀ ਸਿਧਰਮੱਈਆ ਮੌਜੂਦਾ ਸਥਿਤੀ ਨੂੰ ਸਹਿਜਤਾ ਨਾਲ ਨਹੀਂ ਪਚਾ ਰਹੇ ਸਨ। ਲੋਕ ਸਭਾ ਚੋਣ ਵਿਚ ਜਿਸ ਤਰ੍ਹਾਂ ਪਾਰਟੀ ਹਾਰੀ ਉਸ ਪਿੱਛੋਂ ਰੋਸ ਹੋਰ ਵਧਿਆ। ਕੇਂਦਰੀ ਲੀਡਰਸ਼ਿਪ ਵਿਚ ਕੋਈ ਸੁਣਵਾਈ ਨਹੀਂ ਹੋ ਰਹੀ ਸੀ, ਲਿਹਾਜ਼ਾ ਅਸਤੀਫ਼ੇ ਤਕ ਦਾ ਕਦਮ ਚੁੱਕਣਾ ਪਿਆ।

ਡੇਢ ਸਾਲ ਪਹਿਲੇ ਗੋਆ ਵਿਚ ਕਾਂਗਰਸ ਲੀਡਰਸ਼ਿਪ ਦੀ ਰਾਜਨੀਤਕ ਅਸਮਰੱਥਾ ਉਜਾਗਰ ਹੋਈ ਸੀ। ਹੁਣ ਫਿਰ ਤੋਂ ਉਸ 'ਤੇ ਮੋਹਰ ਲੱਗੀ ਹੈ। ਰਾਜਨੀਤੀ ਵਿਚ ਦੂਸ਼ਣਬਾਜ਼ੀ ਤਾਂ ਚੱਲਦੀ ਹੀ ਰਹਿੰਦੀ ਹੈ ਪ੍ਰੰਤੂ ਕਾਂਗਰਸ ਜਿੰਨੀ ਜਲਦੀ ਖ਼ੁਦ ਦੇ ਵਿਸ਼ਲੇਸ਼ਣ ਦਾ ਕੰਮ ਸ਼ੁਰੂ ਕਰ ਦੇਵੇ ਉੱਨਾ ਹੀ ਚੰਗਾ ਹੋਵੇਗਾ।