ਜੇਐੱਨਐੱਨ, ਬਿਜਨੌਰ : ਲਖਨਊ 'ਚ ਹਿੰਦੂਵਾਦੀ ਨੇਤਾ ਕਮਲੇਸ਼ ਤਿਵਾੜੀ ਦੀ ਹੱਤਿਆ ਦੇ ਮੁਲਜ਼ਮ ਮੌਲਾਨਾ ਅਨਵਾਰੂਲ ਹੱਕ ਅਤੇ ਮੁਫ਼ਤੀ ਨਈਮ ਤੋਂ ਲਖਨਊ ਐੱਸਆਈਟੀ ਨੇ ਬਿਜਨੌਰ ਪਹੁੰਚ ਕੇ ਪੁੱਛਗਿੱਛ ਕੀਤੀ। ਸ਼ਨਿਚਰਵਾਰ ਰਾਤ ਐੱਸਆਈਟੀ ਦੀ ਪੰਜ ਮੈਂਬਰੀ ਟੀਮ ਇੱਥੇ ਪੁੱਜੀ। ਲਖਨਊ ਵਿਚ ਫੜੇ ਗਏ ਮੁਲਜ਼ਮਾਂ ਤੋਂ ਮਿਲੇ ਇਨਪੁਟ ਦੇ ਆਧਾਰ 'ਤੇ ਦੋਵਾਂ ਮੌਲਾਨਿਆਂ ਤੋਂ ਸੱਚ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਐਤਵਾਰ ਦੇਰ ਸ਼ਾਮ ਟੀਮ ਪਰਤ ਗਈ।

ਸ਼ੁੱਕਰਵਾਰ ਨੂੰ ਲਖਨਊ ਵਿਚ ਹਿੰਦੂ ਮਹਾਸਭਾ ਦੇ ਸੂਬਾ ਪ੍ਰਧਾਨ ਕਮਲੇਸ਼ ਤਿਵਾੜੀ ਦੀ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੀ ਪਤਨੀ ਵੱਲੋਂ ਬਿਜਨੌਰ ਦੇ ਕਿਸ਼ਨਪੁਰ ਆਂਵਲਾ ਨਿਵਾਸੀ ਮੌਲਾਨਾ ਅਨਵਾਰੂਲ ਹੱਕ ਅਤੇ ਪਿੰਡ ਭਨੇੜਾ ਨਿਵਾਸੀ ਮੁਫ਼ਤੀ ਨਈਮ ਕਾਜ਼ਮੀ ਖ਼ਿਲਾਫ਼ ਹੱਤਿਆ ਅਤੇ ਹੱਤਿਆ ਲਈ ਉਕਸਾਉਣ ਦੀ ਰਿਪੋਰਟ ਦਰਜ ਕੀਤੀ ਗਈ ਸੀ। ਸ਼ਨਿਚਰਵਾਰ ਸਵੇਰੇ ਬਿਜਨੌਰ ਪੁਲਿਸ ਨੇ ਦੋਵਾਂ ਨੂੰ ਚੁੱਕ ਲਿਆ ਸੀ। ਸੀਓ ਦੀ ਅਗਵਾਈ ਵਿਚ ਆਈ ਐੱਸਆਈਟੀ ਨੇ ਇਕ ਖ਼ੁਫ਼ੀਆ ਸਥਾਨ 'ਤੇ ਮੁਲਜ਼ਮਾਂ ਤੋਂ ਐਤਵਾਰ ਦੇਰ ਸ਼ਾਮ ਤਕ ਕਈ ਦੌਰ ਦੀ ਪੁੱਛਗਿੱਛ ਕੀਤੀ।

ਅਨਵਾਰੂਲ ਹੱਕ ਦੇ ਦੋ ਭਰਾ ਸੂਰਤ ਵਿਚ ਰਹਿੰਦੇ ਹਨ। ਉਸ ਦੇ ਰਿਸ਼ਤੇਦਾਰ ਗੁਜਰਾਤ ਦੇ ਵੱਖ-ਵੱਖ ਹਿੱਸਿਆਂ ਵਿਚ ਹਨ। ਇਸ ਸਬੰਧੀ ਵੀ ਐੱਸਆਈਟੀ ਨੇ ਜਾਣਨ ਦੀ ਕੋਸ਼ਿਸ਼ ਕੀਤੀ। ਮੁੱਢਲੀ ਜਾਂਚ ਵਿਚ ਅਨਵਾਰੂਲ ਹੱਕ ਨਾਲ ਉਨ੍ਹਾਂ ਦਾ ਕੋਈ ਸੰਪਰਕ ਨਹੀਂ ਪਾਇਆ ਗਿਆ। ਸੂਤਰਾਂ ਮੁਤਾਬਕ, ਉਹ ਭਰਾਵਾਂ ਦੇ ਸੰਪਰਕ ਵਿਚ ਨਹੀਂ ਸੀ। ਐੱਸਪੀ ਸੰਜੀਵ ਤਿਆਗੀ ਨੇ ਦੱਸਿਆ ਕਿ ਐੱਸਆਈਟੀ ਨੇ ਪੁੱਛਗਿੱਛ ਕੀਤੀ ਹੈ। ਦੋਵੇਂ ਮੁਲਜ਼ਮ ਹਾਲੇ ਹਿਰਾਸਤ ਵਿਚ ਹਨ। ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ 'ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ।