ਨਵੀਂ ਦਿੱਲੀ, ਜਾਗਰਣ ਸੰਵਾਦਦਾਤਾ : ਦਿੱਲੀ ਦੇ ਵਿੱਤ ਮੰਤਰੀ ਕੈਲਾਸ਼ ਗਹਿਲੋਤ ਅੱਜ ਸਦਨ ਵਿਚ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕਰ ਰਹੇ ਹਨ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਵਿਧਾਨ ਸਭਾ ’ਚ ਮੌਜੂਦ ਹਨ।

ਬਜਟ ਭਾਸ਼ਣ ਦੌਰਾਨ ਸਭ ਤੋਂ ਪਹਿਲਾਂ ਵਿੱਤ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ, ‘ਇਹ ਸਰਕਾਰ ਦਾ ਨੌਵਾਂ ਅਤੇ ਵਿੱਤ ਮੰਤਰੀ ਵਜੋਂ ਮੇਰਾ ਪਹਿਲਾ ਬਜਟ ਹੈ। ਇਹ ਸਿਰਫ਼ ਅੰਕੜਿਆਂ ਦਾ ਦਸਤਾਵੇਜ਼ ਨਹੀਂ ਹੈ ਸਗੋਂ ਲੋਕ ਭਾਵਨਾਵਾਂ ਦਾ ਪ੍ਰਤੀਕ ਵੀ ਹੈ। ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਮੇਰਾ ਵੱਡਾ ਭਰਾ ਹੈ। ਜਿਸ ਤਰ੍ਹਾਂ ਜਦੋਂ ਰਾਮ ਬਨਵਾਸ ਗਏ ਤਾਂ ਭਰਤ ਨੇ ਕੰਮ ਸੰਭਾਲਿਆ ਸੀ, ਉਸੇ ਤਰ੍ਹਾਂ ਮੈਂ ਵੀ ਕਰ ਰਿਹਾ ਹਾਂ।’

ਕੈਲਾਸ਼ ਗਹਿਲੋਤ ਦੇ ਬਜਟ ਭਾਸ਼ਣ ਦੀਆਂ ਝਲਕੀਆਂ

- ਦਿੱਲੀ ਮਾਡਲ ਬੁਨਿਆਦੀ ਸਹੂਲਤਾਂ ਮੁਫਤ ਦੇਣ ਦੀ ਗਾਰੰਟੀ ਹੈ।

- ਦਿੱਲੀ ਮਾਡਲ ਇਸ ਗੱਲ ਦੀ ਗਾਰੰਟੀ ਹੈ ਕਿ ਲੋਕਾਂ ਨੂੰ ਮੁਫ਼ਤ ਬਿਜਲੀ ਅਤੇ ਪਾਣੀ ਦੇ ਨਾਲ ਵਿਸ਼ਵ ਪੱਧਰੀ ਸਿਹਤ ਅਤੇ ਸਿੱਖਿਆ ਮਿਲ ਰਹੀ ਹੈ।

- ਬਾਰਾਪੁਲਾ ਦੇ ਤੀਜੇ ਪੜਾਅ ਦਾ ਕੰਮ ਜਲਦੀ ਪੂਰਾ ਹੋਣ ਦੀ ਉਮੀਦ ਹੈ। ਉੱਥੇ ਹੀ ਆਸ਼ਰਮ ਐਕਸਟੈਂਸ਼ਨ ਫਲਾਈਓਵਰ ਦਾ ਕੰਮ ਵੀ ਕੁਝ ਸਮਾਂ ਪਹਿਲਾਂ ਮੁਕੰਮਲ ਹੋ ਚੁੱਕਿਆ ਹੈ।

- ਸਾਲ 2023-24 ਦਿਲੀ ਲਈ ਬਹੁਤ ਮਹੱਤਵਪੂਰਨ ਹੈ। ਇਹ ਬਜਟ ਰਾਜਧਾਨੀ ਨੂੰ ਸਾਫ-ਸੁਥਰਾ, ਸੁੰਦਰ ਅਤੇ ਆਧੁਨਿਕ ਬਣਾਉਣ ਲਈ ਸਮਰਪਿਤ ਹੈ।

- ਦਿੱਲੀ ਵਿਚ ਮੈਟਰੋ ਨੈੱਟਵਰਕ ਅੱਠ ਸਾਲਾਂ ’ਚ ਦੁੱਗਣਾ ਹੋ ਗਿਆ ਹੈ।

ਸਾਲ 2015 ਵਿਚ 5669 ਬੱਸਾਂ ਸਨ, ਜੋ ਹੁਣ ਵੱਧ ਕੇ 7319 ਹੋ ਗਈਆਂ ਹਨ। ਦਿੱਲੀ ਨੂੰ ਤਿਰੰਗੇ ਦਾ ਸ਼ਹਿਰ ਬਣਾ ਦਿੱਤਾ ਗਿਆ ਹੈ। ਮੈਟਰੋ ਦਾ ਵਿਸਥਾਰ ਕੀਤਾ ਗਿਆ ਹੈ। ਅਸੀਂ ਜੀ-20 ਦੀ ਮੇਜ਼ਬਾਨੀ ਕਰ ਰਹੇ ਹਾਂ, ਪੂਰੀ ਦੁਨੀਆ ਦੀਆਂ ਨਜ਼ਰਾਂ ਦਿੱਲੀ ’ਤੇ ਟਿਕੀਆਂ ਹੋਈਆਂ ਹਨ, ਇਸ ਦੇ ਮੱਦੇਨਜ਼ਰ ਕਈ ਕੰਮ ਕੀਤੇ ਜਾ ਰਹੇ ਹਨ।

- ਦਿੱਲੀ ਦੀਆਂ ਸੜਕਾਂ ਅਤੇ ਫੁੱਟਪਾਥਾਂ ਦੀ ਮੁਰੰਮਤ ਕੀਤੀ ਜਾਵੇਗੀ। ਸਰਕਾਰ 29 ਨਵੇਂ ਫਲਾਈਓਵਰ ਬਣਾ ਰਹੀ ਹੈ।

ਮੈਂ ਮਨੀਸ਼ ਸਿਸੋਦੀਆ ਨੂੰ ਕਰ ਰਿਹਾ ਹਾਂ ਮਿਸ - ਮੁੱਖ ਮੰਤਰੀ ਕੇਜਰੀਵਾਲ

ਦਿੱਲੀ ਦਾ ਬਜਟ ਪੇਸ਼ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਅੱਜ ਮੈਂ ਮਨੀਸ਼ ਸਿਸੋਦੀਆ ਨੂੰ ਬਹੁਤ ਮਿਸ ਕਰ ਰਿਹਾ ਹਾਂ।

Posted By: Harjinder Sodhi