ਜਾਗਰਣ ਬਿਊਰੋ, ਨਵੀਂ ਦਿੱਲੀ : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਧਰਮਸ਼ਾਲਾ ਗੁਰਦੁਆਰੇ 'ਤੇ ਬੁੱਧਵਾਰ ਨੂੰ ਹੋਏ ਜ਼ਬਬਰਦਸਤ ਹਮਲੇ ਦੀ ਜ਼ਿੰਮੇਵਾਰੀ ਭਾਵੇਂ ਹੀ ਅੱਤਵਾਦੀ ਜਮਾਤ ਇਸਲਾਮਿਕ ਸਟੇਟ (ਆਈਐੱਸ) ਨੇ ਲਈ ਹੈ ਪਰ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਪਾਕਿਸਤਾਨ ਦੇ ਸਮੱਰਥਨ ਨਾਲ ਚੱਲਣ ਵਾਲੇ ਹੱਕਾਨੀ ਨੈੱਟਵਰਕ 'ਤੇ ਸ਼ੱਕ ਹੈ। ਭਾਰਤੀ ਏਜੰਸੀਆਂ ਨੂੰ ਪਹਿਲਾਂ ਹੀ ਇਸ ਬਾਰੇ ਸੂਚਨਾ ਸੀ ਕਿ ਕਾਬੁਲ ਸਥਿਤ ਭਾਰਤੀ ਦੂਤਘਰ ਨਾਲ ਜੁੜੇ ਦਫ਼ਤਰਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ।

ਹੱਕਾਨੀ ਨੈੱਟਵਰਕ ਕੌਮਾਂਤਰੀ ਪੱਧਰ 'ਤੇ ਪਾਬੰਦੀਸ਼ੁਦਾ ਅੱਤਵਾਦੀ ਜਮਾਤ ਹੈ। ਇਸ ਨੂੰ ਪਾਕਿਸਤਾਨੀ ਖ਼ੁਫੀਆ ਏਜੰਸੀ ਆਈਐੱਸਆਈ ਨੇ ਉਸੇ ਤਰ੍ਹਾਂ ਪਾਲਿਆ-ਪੋਸਿਆ ਹੈ ਜਿਸ ਤਰ੍ਹਾਂ ਉਸ ਨੇ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤਾਇਬਾ ਵਰਗੀ ਅੱਤਵਾਦੀ ਜਮਾਤ ਨੂੰ ਤਿਆਰ ਕੀਤਾ ਹੈ। ਭਾਰਤ ਸਰਕਾਰ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਭਾਰਤ ਨੇ ਇਸ ਨੂੰ ਕਾਇਰਤਾਪੂਰਨ ਹਮਲਾ ਕਰਾਰ ਦਿੱਤਾ ਹੈ ਅਤੇ ਹਮਲੇ ਵਿਚ ਮਾਰੇ ਗਏ ਲੋਕਾਂ ਤੇ ਜ਼ਖ਼ਮੀਆਂ ਪ੍ਰਤੀ ਸੰਵਦੇਨਾ ਪ੍ਰਗਟ ਕੀਤੀ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਭਾਰਤ ਅਫ਼ਗਾਨਿਸਤਾਨ ਸਥਿਤ ਹਿੰਦੂਆਂ ਤੇ ਸਿੱਖਾਂ ਦੀ ਹਰ ਸੰਭਵ ਮਦਦ ਕਰੇਗਾ। ਭਾਰਤ ਨੇ ਕਿਹਾ ਹੈ ਕਿ ਜਦੋਂ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਮਹਾਮਾਰੀ ਦਾ ਸੰਕਟ ਫੈਲ ਰਿਹਾ ਹੈ ਉਦੋਂ ਅਫ਼ਗਾਨਿਸਤਾਨ 'ਚ ਘੱਟਗਿਣਤੀਆਂ ਦੇ ਧਾਰਮਿਕ ਸਥਾਨਾਂ 'ਤੇ ਇਸ ਤਰ੍ਹਾਂ ਦਾ ਕਾਇਰਾਨਾ ਹਮਲਾ ਦੱਸਦਾ ਹੈ ਕਿ ਇਸ ਨੂੰ ਅੰਜਾਮ ਦੇਣ ਵਾਲੇ ਤੇ ਉਨ੍ਹਾਂ ਦੀ ਮਦਦ ਕਰਨ ਵਾਲੇ ਕਿੰਨੇ ਸ਼ੈਤਾਨੀ ਸੁਭਾਅ ਦੇ ਹਨ। ਭਾਰਤ ਨੇ ਹਮਲਾਵਰਾਂ ਨਾਲ ਲੋਹਾ ਲੈਣ ਵਾਲੀਆਂ ਅਫ਼ਗਾਨੀ ਸੁਰੱਖਿਆ ਏਜੰਸੀਆਂ ਦੇ ਮੁਲਾਜ਼ਮਾਂ ਦੀ ਤਾਰੀਫ ਕੀਤੀ ਹੈ ਜੋ ਬਹਾਦਰੀ ਨਾਲ ਅਫ਼ਗਾਨਿਸਤਾਨ ਤੇ ਉੇੱਥੋਂ ਦੇ ਲੋਕਾਂ ਦੀ ਸੁਰੱਖਿਆ ਕਰ ਰਹੇ ਹਨ। ਭਾਰਤ ਨੇ ਇਕ ਵਾਰ ਮੁੜ ਅਫ਼ਗਾਨਿਸਤਾਨ ਦੀ ਸਰਕਾਰ ਪ੍ਰਤੀ ਭਰੋਸਾ ਪ੍ਰਗਟ ਕੀਤਾ ਹੈ ਜੋ ਉੱਥੇ ਸ਼ਾਂਤੀ ਤੇ ਸਥਿਰਤਾ ਕਾਇਮ ਕਰਨ ਲਈ ਲਗਾਤਾਰ ਯਤਨਸ਼ੀਲ ਹੈ।

-------------------------------------------