ਬੈਂਗਲੁਰੂ (ਏਜੰਸੀ) : ਜਬਰ ਜਨਾਹ ਤੇ ਬੱਚਿਆਂ ਨੂੰ ਗ਼ੈਰ ਕਾਨੂੰਨੀ ਤੌਰ 'ਤੇ ਬੰਧਕ ਬਣਾਈ ਰੱਖਣ ਦੇ ਮੁਲਜ਼ਮ ਭਗੌੜੇ ਅਖੌਤੀ ਧਰਮ ਗੁਰੂ ਨਿੱਤਿਆਨੰਦ ਦਾ ਬਿਦਾਦੀ ਆਸ਼ਰਮ ਹੁਣ ਕਰੀਬ-ਕਰੀਬ ਖ਼ਾਲੀ ਹੋ ਗਿਆ ਹੈ ਤੇ ਆਸ਼ਰਮ ਦਾ ਰੋਜ਼ਾਨਾ ਕੰਮਕਾਜ ਦੇਖਣ ਵਾਲੇ ਲੋਕ ਵੀ ਲਾਪਤਾ ਹਨ। ਪਤਾ ਲੱਗਿਆ ਹੈ ਕਿ ਨਿੱਤਿਆਨੰਦ ਨੇ ਦੱਖਣੀ ਅਮਰੀਕਾ ਦੇ ਇਕ ਦੇਸ਼ ਇਕਵਾਡੋਰ 'ਚ ਟਾਪੂ ਖ਼ਰੀਦ ਕੇ ਹਿੰਦੂ ਰਾਸ਼ਟਰ 'ਕੈਲਾਸਾ' ਦਾ ਨਿਰਮਾਣ ਕੀਤਾ ਹੈ ਜਿਸ ਦਾ ਆਪਣਾ ਝੰਡਾ ਤੇ ਸਿਆਸੀ ਵਿਵਸਥਾ ਹੈ।

ਬਿਦਾਦੀ ਆਸ਼ਰਮ 'ਚ 2010 'ਚ ਨਿੱਤਿਆਨੰਦ ਦਾ ਪਹਿਲਾ ਸਕੈਂਡਲ ਸਾਹਮਣੇ ਆਇਆ ਸੀ। ਇਤਰਾਜ਼ਯੋਗ ਹਾਲਤ 'ਚ ਇਕ ਅਭਿਨੇਤਰੀ ਨਾਲ ਉਸ ਦੀ ਇਕ ਵੀਡੀਓ ਵਾਇਰਲ ਹੋਈ ਸੀ ਤੇ ਉਸ ਤੋਂ ਬਾਅਦ ਕਰੀਬ ਅੱਠ ਸਾਲ ਤਕ ਗੁਮਨਾਮੀ 'ਚ ਰਹੇ। ਇਕ ਸਾਲ ਪਹਿਲਾਂ ਉਹ ਨਵੇਂ ਅਵਤਾਰ 'ਚ ਮੈਰੂਨ ਰੰਗ ਤੇ ਬਾਘ ਦੀ ਖਾਲ ਤੇ ਮਿਲੇਜੁਲੇ ਪਹਿਰਾਵੇ 'ਚ ਦਾੜ੍ਹੀ-ਮੁੱਛਾਂ ਨਾਲ ਸਾਹਮਣੇ ਆਏ ਸਨ। ਉਸ ਦੇ ਹੱਥ 'ਚ ਤਿ੍ਸ਼ੂਲ ਤੇ ਗਲੇ 'ਚ ਮਨਕੇ ਦੀ ਮਾਲਾ ਸੀ।

ਅਹਿਮਦਾਬਾਦ ਸਥਿਤ 'ਯੋਗਿਨੀ ਸਰਵਗਯਪੀਠਮ' ਆਸ਼ਰਮ 'ਚ ਦੋ ਕੁੜੀਆਂ ਦੇ ਲਾਪਤਾ ਹੋਣ ਤੋਂ ਬਾਅਦ ਪਿਛਲੇ ਮਹੀਨੇ ਨਿੱਤਿਆਨੰਦ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਸੀ। ਉਸ 'ਤੇ ਅਗਵਾ ਤੇ ਚੰਦਾ ਵਸੂਲਣ ਲਈ ਬੱਚਿਆਂ ਨੂੰ ਗ਼ਲਤ ਤਰੀਕੇ ਨਾਲ ਬੰਧਕ ਬਣਾ ਕੇ ਰੱਖਣ ਦੇ ਦੋਸ਼ ਲਗਾਏ ਗਏ ਸਨ। ਇਸ ਤੋਂ ਬਾਅਦ ਉਹ ਦੇਸ਼ ਛੱਡ ਕੇ ਭੱਜ ਗਏ ਸਨ। ਗੁਜਰਾਤ ਪੁਲਿਸ ਨੇ ਕਿਹਾ ਸੀ ਕਿ ਉਹ ਉਸ ਨੂੰ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲੇ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਇਸੇ ਦੌਰਾਨ ਖ਼ਬਰ ਮਿਲੀ ਹੈ ਕਿ ਨਿੱਤਿਆਨੰਦ ਨੇ ਤਿ੍ਨਿਦਾਦ ਤੇ ਟੋਬੈਗੋ ਦੇਸ਼ਾਂ ਕੋਲ ਟਾਪੂ ਖ਼ਰੀਦ ਕੇ ਉੱਥੇ ਹਿੰਦੂ ਰਾਸ਼ਟਰ 'ਕੈਲਾਸਾ' ਦਾ ਨਿਰਮਾਣ ਕੀਤਾ ਹੈ। ਕੈਲਾਸਾ ਦੀ ਵੈਬਸਾਈਟ ਮੁਤਾਬਕ ਇਸ ਰਾਸ਼ਟਰ ਦਾ ਨਿਰਮਾਣ ਦੁਨੀਆ ਭਰ ਦੇ ਬੇਦਖ਼ਲ ਹੋ ਚੁੱਕੇ ਹਿੰਦੂਆਂ ਨੇ ਕੀਤਾ ਹੈ ਜਿਨ੍ਹਾਂ ਨੂੰ ਆਪਣੇ-ਆਪਣੇ ਦੇਸ਼ਾਂ 'ਚ ਹਿੰਦੂ ਧਰਮ ਦਾ ਪਾਲਣ ਕਰਨ ਦਾ ਅਧਿਕਾਰ ਨਹੀਂ ਹੈ।

ਵੈਬਸਾਈਟ ਮੁਤਾਬਕ ਕੈਲਾਸਾ ਦਾ ਨਿਰਮਾਣ ਸਿਰਫ਼ ਸਨਾਤਨ ਹਿੰਦੂ ਧਰਮ ਦੀ ਰੱਖਿਆ, ਸਾਂਭ ਸੰਭਾਲ ਤੇ ਪੂਰੇ ਵਿਸ਼ਵ ਨਾਲ ਸਾਂਝਾ ਕਰਨ ਦੇ ਮਕਸਦ ਨਾਲ ਹੀ ਨਹੀਂ ਬਲਕਿ ਜ਼ੁਲਮਾਂ ਦੀਆਂ ਉਨ੍ਹਾਂ ਕਹਾਣੀਆਂ ਨੂੰ ਸਾਂਝਾ ਕਰਨ ਲਈ ਵੀ ਕੀਤਾ ਗਿਆ ਹੈ ਜਿਨ੍ਹਾਂ ਤੋਂ ਦੁਨੀਆ ਅਣਜਾਣ ਹੈ।

ਇਸ ਦੇਸ਼ ਦਾ ਆਪਣਾ ਤਿਕੋਣਾ ਝੰਡਾ ਹੈ ਜਿਸ 'ਤੇ ਪਰਮਸ਼ਿਵ ਤੇ ਨੰਦੀ ਅੰਕਿਤ ਹਨ ਤੇ ਇਸ ਨੂੰ 'ਰਿਸ਼ਭ ਧਵਜ' ਨਾਂ ਦਿੱਤਾ ਗਿਆ ਹੈ। ਅੰਗਰੇਜ਼ੀ, ਸੰਸਕ੍ਰਿਤ ਤੇ ਤਮਿਲ ਇਸ ਦੇਸ਼ ਦੀਆਂ ਪ੍ਰਮੁੱਖ ਭਾਸ਼ਾਵਾਂ ਹਨ। ਇਸ ਦੇਸ਼ ਦੀ ਸਰਕਾਰ 'ਚ ਪੁਲਾੜ ਸੁਰੱਖਿਆ, ਰੱਖਿਆ, ਖਜ਼ਾਨਾ, ਵਣਜ, ਰਿਹਾਇਸ਼, ਮਨੁੱਖੀ ਸੇਵਾ ਤੇ ਸਿੱਖਿਆ ਵਰਗੇ ਵਿਭਾਗ ਵੀ ਹਨ। ਇਸ 'ਚ ਕਿਸੇ ਹੋਰ ਦੇਸ਼ ਵਾਂਗ ਸਰਕਾਰੀ ਅਹੁਦਿਆਂ 'ਤੇ ਲੋਕ ਨਿਯੁਕਤ ਕੀਤੇ ਗਏ ਹਨ। ਜਿਵੇਂ ਪ੍ਰਧਾਨ ਮੰਤਰੀ, ਕੈਬਨਿਟ ਮੰਤਰੀ, ਸੈਨਾ ਮੁਖੀ ਤੇ ਹੋਰ। ਨਿੱਤਿਆਨੰਦ ਨੇ ਆਪਣੇ ਇਕ ਕਰੀਬੀ ਪੈਰੋਕਾਰ 'ਮਾ' ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਵੈਬਸਾਈਟ 'ਤੇ ਸੰਵਿਧਾਨ ਤੇ ਸਰਕਾਰੀ ਢਾਂਚੇ ਦੀ ਜਾਣਕਾਰੀ ਵੀ ਦਿੱਤੀ ਗਈ ਹੈ।

ਨਿੱਤਿਆਨੰਦ ਬਾਰੇ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਜੇ ਤਕ ਸਾਨੂੰ ਇਹੀ ਪਤਾ ਹੈ ਕਿ ਉਹ ਪਿਛਲੇ ਕਰੀਬ ਇਕ ਸਾਲ ਤੋਂ ਇੱਥੇ ਆਸ਼ਰਮ 'ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਬਿਦਾਦੀ ਹੁਣ ਨਿੱਤਿਆਨੰਦ ਦਾ ਹੈੱਡਕੁਆਕਰਟਰ ਨਹੀਂ ਹੈ। ਦੇਸ਼ ਭਰ 'ਚ ਉਨ੍ਹਾਂ ਦੇ 10-15 ਆਸ਼ਰਮਾਂ 'ਚ ਇਹ ਇਕ ਹੈ।

ਉਨ੍ਹਾਂ ਦੀਆਂ ਸਰਗਰਮੀਆਂ ਦੇ ਪ੍ਰਮੁੱਖ ਖੇਤਰ ਤਾਮਿਲਨਾਡੂ ਤੇ ਗੁਜਰਾਤ ਹਨ। ਖ਼ਬਰ ਇਹ ਹੈ ਕਿ ਗੁਜਰਾਤ ਪੁਲਿਸ ਦੀ ਇਕ ਟੀਮ ਨੇ ਪਿਛਲੇ ਹਫ਼ਤੇ ਬਿਦਾਦੀ ਆਸ਼ਰਮ ਦੀ ਤਲਾਸ਼ੀ ਲਈ ਹੈ। ਹਾਲਾਂਕਿ ਸਥਾਨਕ ਪੁਲਿਸ ਨੂੰ ਇਸ ਦੀ ਜਾਣਕਾਰੀ ਨਹੀਂ ਹੈ। ਉਕਤ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਗੁਜਰਾਤ ਪੁਲਿਸ ਨੇ ਜੇਕਰ ਸਾਡੇ ਨਾਲ ਸੰਪਰਕ ਕੀਤਾ ਹੁੰਦਾ ਤਾਂ ਸਾਨੂੰ ਉਨ੍ਹਾਂ ਦੇ ਇੱਥੇ ਆਉਣ ਦੀ ਜਾਣਕਾਰੀ ਹੁੰਦੀ।

ਕ੍ਰਿਕਟਰ ਅਸ਼ਵਿਨ ਨੇ ਕੀਤਾ ਵਿਅੰਗ, ਵੀਜ਼ਾ ਕਿਵੇਂ ਮਿਲਦਾ ਹੈ

ਨਵੀਂ ਦਿੱਲੀ : ਨਿੱਤਿਆਨੰਦ ਦੇ ਇਕ ਟਾਪੂ ਖ਼ਰੀਦ ਕੇ ਇਸ ਨੂੰ ਹਿੰਦੂ ਰਾਸ਼ਟਰ ਐਲਾਨਣ 'ਤੇ ਭਾਰਤੀ ਕ੍ਰਿਕਟਰ ਰਵੀਚੰਦਰਨ ਅਸ਼ਵਿਨ ਨੇ ਵਿਅੰਗ ਕੀਤਾ ਹੈ। ਅਸ਼ਵਿਨ ਨੇ ਟਵੀਟ ਕਰ ਕੇ ਪੁੱਛਿਆ ਹੈ ਕਿ ਇਸ ਦੇਸ਼ ਦਾ ਵੀਜ਼ਾ ਮਿਲਣ ਦੀ ਕੀ ਪ੍ਰਕਿਰਿਆ ਹੈ ਤੇ ਕੀ ਇਹ ਵੀਜ਼ਾ ਆਨ ਅਰਾਈਵਲ ਹੈ? ਭਾਰਤੀ ਆਫ ਸਪਿਨਰ ਅਸ਼ਵਿਨ ਸੋਸ਼ਲ ਮੀਡੀਆ 'ਤੇ ਅਕਸਰ ਆਪਣੀ ਬੇਬਾਕ ਰਾਇ ਰੱਖਦੇ ਹਨ। ਇਸ ਤੋਂ ਪਹਿਲਾਂ ਉਹ ਤਾਮਿਲਨਾਡੂ ਦੀ ਸਿਆਸਤ 'ਤੇ ਵੀ ਮਜ਼ੇਦਾਰ ਟਵੀਟ ਕਰ ਚੁੱਕੇ ਹਨ।