ਜੇਐਨਐਨ, ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਕਾਂਗਰਸ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਦੇ ਨਾਂ ਇਹ ਅਸਤੀਫ਼ਾ ਸੌਂਪਿਆ ਹੈ। ਉਹ ਕੁਝ ਹੀ ਦੇਰ ਵਿਚ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਲਗਪਗ ਇਕ ਘੰਟੇ ਦੀ ਮੀਟਿੰਗ ਕੀਤੀ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਉਥੇ ਮੌਜੂਦ ਸਨ। ਉਹ ਆਪਣੇ ਨਾਲ ਹੀ ਸਿੰਧੀਆ ਨੂੰ ਲੈ ਕੇ ਪੀਐੱਮ ਮੋਦੀ ਨਾਲ ਮੁਲਾਕਾਤ ਕਰਨ ਗਏ ਸਨ। ਇਸ ਤੋਂ ਪਹਿਲਾਂ ਉਹ ਦਿੱਲੀ ਸਥਿਤ ਆਪਣੀ ਰਿਹਾਇਸ਼ ਤੋਂ ਖੁਦ ਗੱਡੀ ਚਲਾ ਕੇ ਨਿਕਲੇ ਸਨ। ਇਸ ਦੌਰਾਨ ਮੀਡੀਆ ਨੇ ਉਨ੍ਹਾਂ ਨੂੰ ਸਵਾਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਨੇ ਕੋਈ ਜਵਾਬ ਨਾ ਦਿੱਤਾ। ਸਿੰਧੀਆ ਦੇ ਦਮ 'ਤੇ ਮੱਧ ਪ੍ਰਦੇਸ਼ ਦੀ ਸੱਤਾ ਪਲਟ ਸਕਦੀ ਹੈ।

ਇਹ ਸੂਚਨਾ ਵੀ ਸਾਹਮਣੇ ਆ ਰਹੀ ਹੈ ਕਿ ਸਿੰਧੀਆ ਸਮਰਥਕ 19 ਵਿਧਾਇਕਾਂ ਨੇ ਵਿਧਾਨ ਸਭਾ ਪ੍ਰਧਾਨ ਨੂੰ ਈਮੇਲ ਜ਼ਰੀਏ ਆਪਣਾ ਅਸਤੀਫ਼ਾ ਸੌਂਪਿਆ ਹੈ। ਸਿੰਧੀਆ ਦੀ ਚੁੱਪੀ ਨੂੰ ਲੈ ਕੇ ਨਈ ਦੁਨੀਆ ਨੇ ਹੀ ਦੱਸਿਆ ਸੀ ਕਿ ਸਿੰਧੀਆ ਦੀ ਨਾਰਾਜ਼ਗੀ ਵੱਡਾ ਗੁਲ ਖਿੜਾਏਗੀ।

ਅੱਜ ਸਾਬਕਾ ਕੇਂਦਰੀ ਮੰਤਰੀ ਸਵ. ਮਾਧਵ ਰਾਓ ਸਿੰਧੀਆ ਦੀ 75ਵੀਂ ਜੈਅੰਤੀ ਹੈ। ਮਹਿਜ਼ ਇਹ ਸੰਯੋਗ ਹੈ ਕਿ ਸੱਤ ਦਿਨ ਤੋਂ ਸੂਬੇ ਦੀ ਕਾਂਗਰਸ ਸਰਕਾਰ ਵਿਚ ਆਏ ਭੂਚਾਲ ਦੇ ਕੇਂਦਰ ਬਿੰਦੂ ਇਸ ਸਮੇਂ ਉਨ੍ਹਾਂ ਦੇ ਪੁੱਤਰ ਸਾਬਕਾ ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਬਣੇ ਹੋਏ ਹਨ। ਉਧਰ ਭਾਜਪਾ ਵੱਲੋਂ ਮੱਧ ਪ੍ਰਦੇਸ਼ ਵਿਚ ਵਿਧਾਇਕ ਦਲ ਦੇ ਨੇਤਾ ਬਦਲਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।

Posted By: Tejinder Thind