ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਦੇ ਜਸਟਿਸ ਡੀਵਾਈ ਚੰਦਰਚੂੜ ਦੀ ਪ੍ਰਧਾਨਗੀ ਵਾਲਾ ਬੈਂਚ ਵਾਰਾਨਸੀ ’ਚ ਗਿਆਨਵਾਪੀ-ਸ਼ਿ੍ਰੰਗਾਰ ਗੌਰੀ ਕੰਪਲੈਕਸ ਦੇ ਸਰਵੇਖਣ ਖ਼ਿਲਾਫ਼ ਦਾਇਰ ਪਟੀਸ਼ਨ ’ਤੇ ਅਗਲੇ ਹਫ਼ਤੇ ਸੁਣਵਾਈ ਕਰ ਸਕਦਾ ਹੈ। ਗਿਆਨਵਾਪੀ ਮਸਜਿਦ ਦਾ ਪ੍ਰਬੰਧਨ ਕਰਨ ਵਾਲੀ ਕਮੇਟੀ ਨੇ ਪਟੀਸ਼ਨ ਦਾਇਰ ਕਰਕੇ ਸਰਵੇਖਣ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ।

ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਸ਼ਨਿਚਰਵਾਰ ਨੂੰ ਅਪਲੋਡ ਕੀਤੇ ਗਏ ਆਦੇਸ਼ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ, ਗਿਆਨਵਾਪੀ ਮਸਜਿਦ ਦੀ ਦੇਖਰੇਖ ਕਰਨ ਵਾਲੀ ਅੰਜੁਮਨ ਇੰਤਜ਼ਾਮੀਆ ਮਸਜਿਦ ਪ੍ਰਬੰਧ ਕਮੇਟੀ ਦੀ ਪਟੀਸ਼ਨ ’ਤੇ ਪ੍ਰਸਤਾਵਤ ਸੁਣਵਾਈ ਦੀ ਤਰੀਕ ਹਾਲੇ ਅਪਲੋਡ ਨਹੀਂ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਚੀਫ ਜਸਟਿਸ ਐੱਨਵੀ ਰਮਨਾ, ਜਸਟਿਸ ਜੇਕੇ ਮਾਹੇਸ਼ਵਰੀ ਅਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਨੇ ਉੱਤਰ ਪ੍ਰਦੇਸ਼ ਦੇ ਸਰਵੇਖਣ ’ਤੇ ਜਿਉਂ ਦੀ ਤਿਉਂ ਸਥਿਤੀ ਬਣਾਏ ਰੱਖਣ ਸਬੰਧੀ ਅੰਤ੍ਰਿਮ ਆਦੇਸ਼ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ, ਚੀਫ ਜਸਟਿਸ ਦੇ ਪ੍ਰਧਾਨਗੀ ਵਾਲੇ ਬੈਂਚ ਦੀ ਸੁਣਵਾਈ ਲਈ ਪਟੀਸ਼ਨ ਨੂੰ ਸੂਚੀਬੱਧ ਕਰਨ ਦੇ ਬਾਰੇ ਵਿਚ ਵਿਚਾਰ ਕਰਨ ’ਤੇ ਸਹਿਮਤ ਹੋ ਗਈ ਸੀ।

ਮੁਸਲਿਮ ਪੱਖ ਨੇ ਉਪਾਸਨਾ ਸਥਾਨ (ਵਿਸ਼ੇਸ਼ ਤਜਵੀਜ਼) ਕਾਨੂੰਨ, 1991 ਅਤੇ ਉਸ ਦੀ ਧਾਰਾ 4 ਦਾ ਜ਼ਿਕਰ ਕੀਤਾ, ਜਿਹੜੀ 15 ਅਗਸਤ, 1947 ਨੂੰ ਵਿਦਮਾਨ ਕਿਸੇ ਵੀ ਉਪਾਸਨਾ ਸਥਾਨ ਦੇ ਧਾਰਮਿਕ ਸਰੂਪ ’ਚ ਬਦਲਾਅ ਨੂੰ ਲੈ ਕੇ ਕੋਈ ਵੀ ਮਾਮਲਾ ਦਾਇਰ ਕਰਨ ਜਾਂ ਕੋਈ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਨੂੰ ਲੈ ਕੇ ਪਾਬੰਦੀ ਦੀ ਤਜਵੀਜ਼ ਕਰਦੀ ਹੈ।

ਵਾਰਾਨਸੀ ਦੀ ਇਕ ਅਦਾਲਤ ਨੇ ਸਰਵੇਖਣ ’ਤੇ ਰੋਕ ਲਾਉਣ ਅਤੇ ਐਡਵੋਕੇਟ ਕਮਿਸ਼ਨਰ ਨੂੰ ਹਟਾਉਣ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਸੀ। ਕਮਿਸ਼ਨਰ ਨੂੰ ਗਿਆਨਵਾਪੀ-ਸ਼ਿ੍ਰੰਗਾਰ ਗੌਰੀ ਕੰਪਲੈਕਸ ਦਾ ਸਰਵੇਖਣ ਕਰ ਕੇ 17 ਮਈ ਨੂੰ ਕੋਰਟ ’ਚ ਰਿਪੋਰਟ ਪੇਸ਼ ਕਰਨੀ ਹੈ। ਸਥਾਨਕ ਅਦਾਲਤ ਨੇ ਫ਼ੈਸਲਾ ਔਰਤਾਂ ਦੇ ਇਕ ਸਮੂਹ ਦੀ ਪਟੀਸ਼ਨ ’ਤੇ ਸੁਣਾਇਆ ਸੀ, ਜਿਨ੍ਹਾਂ ਮਸਜਿਦ ਦੀ ਬਾਹਰੀ ਦੀਵਾਰ ’ਤੇ ਮੌਜੂਦ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਰੋਜ਼ ਪੂਜਾ ਕਰਨ ਦੀ ਇਜਾਜ਼ਤ ਦਿੱਤੇ ਜਾਣ ਦੀ ਬੇਨਤੀ ਕੀਤੀ ਹੈ।

Posted By: Shubham Kumar