ਜੇਐੱਨਐੱਨ, ਗੁਰੂਗ੍ਰਾਮ : ਜਸਟਿਸ ਕ੍ਰਿਸ਼ਨਕਾਂਤ ਦੀ ਪਤਨੀ ਤੇ ਬੇਟੇ ਦੀ ਹੱਤਿਆ ਦੇ ਦੋਸ਼ੀ ਮਹੀਪਾਲ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੁਧੀਰ ਪਰਮਾਰ ਦੀ ਅਦਾਲਤ ਨੇ ਸ਼ੁੱਕਰਵਾਰ ਸ਼ਾਮ ਲਗਪਗ ਸਾਢੇ ਚਾਰ ਵਜੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਨਾਲ ਹੀ ਸਬੂਤ ਮਿਟਾਉਣ ਦਾ ਯਤਨ ਕਰਨ ਦੇ ਮਾਮਲੇ 'ਚ ਪੰਜ ਸਾਲ ਦੀ ਕੈਦ ਤੇ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਤੇ ਆਰਮਜ਼ ਐਕਟ ਤਹਿਤ ਤਿੰਨ ਸਾਲ ਦੀ ਕੈਦ ਤੇ ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ। ਨਿਯਮਾਂ ਅਨੁਸਾਰ ਫਾਂਸੀ ਦੀ ਸਜ਼ਾ ਕਨਫਰਮ ਕਰਵਾਉਣ ਲਈ ਫੈਸਲੇ ਦੀ ਕਾਪੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਭੇਜੀ ਜਾਵੇਗੀ। ਇਸ ਤੋਂ ਪਹਿਲਾਂ ਸਜ਼ਾ 'ਤੇ ਦੋਵਾਂ ਧਿਰਾਂ ਦੇ ਵਕੀਲਾਂ ਨੇ ਜ਼ਬਰਦਸਤ ਬਹਿਸ ਕੀਤੀ।

ਮੁਦਈ ਧਿਰ ਨੇ ਜਿੱਥੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ, ਉੱਥੇ ਬਚਾਅ ਧਿਰ ਨੇ ਤਰਕ ਦਿੱਤਾ ਸੋਚੀ-ਸਮਝੀ ਰਣਨੀਤੀ ਤਹਿਤ ਗੋਲੀ ਨਹੀਂ ਚਲਾਈ ਗਈ ਸੀ, ਸਗੋਂ ਤਤਕਾਲਿਕ ਕਾਰਨਾਂ ਕਰਕੇ ਗੋਲ਼ੀਆਂ ਚੱਲ ਗਈਆਂ ਸਨ। ਅਜਿਹੀ ਸਥਿਤੀ 'ਚ 302 ਦਾ ਮਾਮਲਾ ਨਹੀਂ ਬਣਦਾ ਪਰ ਅਦਾਲਤ ਨੇ ਬਚਾਅ ਧਿਰ ਦੀ ਦਲੀਲ ਨੂੰ ਸਵੀਕਾਰ ਨਹੀਂ ਕੀਤਾ।

ਦੱਸਣਯੋਗ ਹੈ ਕਿ 13 ਅਕਤੂਬਰ 2018 ਨੂੰ ਮੂਲ ਰੂਪ 'ਚ ਹਿਸਾਰ ਨਿਵਾਸੀ ਤੇ ਜ਼ਿਲ੍ਹੇ ਦੇ ਤਤਕਾਲੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕ੍ਰਿਸ਼ਨਕਾਂਤ (ਵਰਤਮਾਨ 'ਚ ਅੰਬਾਲਾ 'ਚ ਤਾਇਨਾਤ) ਦੀ ਪਤਨੀ ਰਿਤੂ ਤੇ ਉਸ ਦੇ ਵੱਡੇ ਪੁੱਤਰ ਧਰੁਵ ਸੈਕਟਰ 49 ਸਥਿਤ ਆਰਕੇਡਿਆ ਸਾਪਿੰਗ ਕੰਪਲੈਕਸ 'ਚ ਪੇਂਟਿੰਗ 'ਤੇ ਫਰੇਮ ਚੜ੍ਹਾਉਣ ਲਈ ਪਹੁੰਚੇ ਸਨ। ਕੰਪਲੈਕਸ ਤੋਂ ਬਾਹਰ ਆਉਂਦੇ ਹੀ ਦੋਵਾਂ 'ਤੇ ਗੰਨਮੈਨ (ਮਹੀਪਾਲ) ਨੇ ਗੋਲ਼ੀਆਂ ਚਲਾ ਦਿੱਤੀਆਂ ਸਨ। ਦੋਵਾਂ ਨੇ ਮੇਦਾਂਤਾ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ।

ਰਿਤੂ ਦੀ ਮੌਤ 13 ਅਕਤੂਬਰ ਨੂੰ ਹੀ ਦੇਰ ਰਾਤ ਹੋ ਗਈ ਸੀ, ਜਦੋਂਕਿ ਧਰੁਵ ਦੀ ਮੌਤ 23 ਅਕਤੂਬਰ ਨੂੰ ਦੇਰ ਰਾਤ ਹੋਈ ਸੀ। ਮਾਮਲੇ 'ਚ 15 ਦਸੰਬਰ 2018 ਨੂੰ ਪੁਲਿਸ ਨੇ ਆਪਣੀ ਜਾਂਚ ਪੂਰੀ ਕੀਤੀ, ਜਦੋਂਕਿ ਅਦਾਲਤ 'ਚ ਰਿਪੋਰਟ 27 ਦਸੰਬਰ 2018 ਨੂੰ ਦਾਖ਼ਲ ਕੀਤੀ ਗਈ। ਅਦਾਲਤ ਨੇ 9 ਜਨਵਰੀ 2019 ਨੂੰ ਚਾਰਜ ਫਰੇਮ ਕੀਤਾ।

ਦੋਸ਼ੀ ਖ਼ਿਲਾਫ਼ ਆਈਪੀਸੀ ਦੀ ਧਾਰਾ 302 ਤੇ 201 ਦੇ ਨਾਲ ਹੀ ਆਰਮਜ਼ ਐਕਟ ਦੀ ਧਾਰਾ 27 ਤਹਿਤ ਚਾਰਜ ਫਰੇਮ ਕੀਤਾ ਗਿਆ। ਦੋਸ਼ੀ ਖ਼ਿਲਾਫ਼ ਕੁੱਲ 81 ਗਵਾਹ ਬਣਾਏ ਗਏ ਸਨ। ਇਨ੍ਹਾਂ 'ਚੋਂ 64 ਜਣਿਆਂ ਦੀ ਗਵਾਹੀ ਕਰਵਾਈ ਗਈ। ਤਿੰਨ ਜੱਜਾਂ ਨੇ ਵੀ ਗਵਾਹੀ ਦਿੱਤੀ ਸੀ। ਆਖ਼ਰੀ ਗਵਾਹੀ ਮਾਮਲੇ ਦੇ ਜਾਂਚ ਅਧਿਕਾਰੀ ਤੇ ਸੇਕਟਰ 50 ਥਾਣੇ ਦੇ ਤਤਕਾਲੀ ਇੰਚਾਰਜ ਸੁਰਿੰਦਰ ਸਿੰਘ ਦੀ ਹੋਈ ਸੀ।

ਮਹੀਪਾਲ ਨੇ ਰੱਖਿਆ ਸੀ ਕਿ ਆਪਣਾ ਪੱਖ

ਸੁਣਵਾਈ ਦੌਰਾਨ 16 ਦਸੰਬਰ 2019 ਨੂੰ ਮਹੀਪਾਲ ਦਾ ਪੱਖ ਲਿਖਿਆ ਗਿਆ। ਉਸ ਨੇ ਕਿਹਾ ਕਿ ਕਾਰ 'ਚ ਪੇਂਟਿੰਗ ਰੱਖਣ ਦੌਰਾਨ ਉਹ ਨੁਕਸਾਨੀ ਗਈ ਸੀ। ਇਸ ਤੋਂ ਨਾਰਾਜ਼ ਧਰੁਵ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ। ਫਿਰ ਕਾਰ ਦੀ ਚਾਬੀ ਮੰਗੀ। ਮਨ੍ਹਾ ਕਰਨ 'ਤੇ ਦੋਵੇਂ ਗੁਥਮ-ਗੁੱਥਾ ਹੋ ਗਏ। ਉਸ ਦੌਰਾਨ ਧਰੁਵ ਨੇ ਰਿਵਾਲਵਰ ਖੋਹਣ ਦਾ ਯਤਨ ਕੀਤਾ, ਜਿਸ ਕਾਰਨ ਫਾਇਰਿੰਗ ਹੋ ਗਈ।

ਕਦੋਂ-ਕਦੋਂ ਹੋਈ ਬਹਿਸ

ਮੁਦਈ ਧਿਰ ਵੱਲੋਂ ਇਸ ਸਾਲ 7 ਜਨਵਰੀ ਤੇ 23 ਜਲਵਰੀ ਨੂੰ ਬਹਿਸ ਕੀਤੀ ਗਈ, ਜਦੋਂਕਿ ਬਚਾਅ ਧਿਰ ਵੱਲੋਂ 28 ਜਨਵਰੀ ਤੇ ਤਿੰਨ ਫਰਵਰੀ ਨੂੰ ਬਹਿਸ ਕੀਤੀ ਗਈ। ਪਿਛਲੇ ਸਾਲ 21 ਸਤੰਬਰ ਤਕ ਮਾਮਲੇ ਦੀ ਸੁਣਵਾਈ ਜ਼ਿਲ੍ਹਾ ਤੇ ਸੈਸ਼ਲ ਜੱਜ ਦੀ ਅਦਾਲਤ 'ਚ ਚੱਲੀ, ਜਦੋਂਕਿ 10 ਅਕਤੂਬਰ ਤੋਂ ਸੁਣਵਾਈ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ 'ਚ ਚੱਲੀ।

ਐੱਸਆਈਟੀ ਨੇ ਨਿਭਾਈ ਬਿਹਤਰ ਭੂਮਿਕਾ

ਗੁਰੂਗ੍ਰਾਮ ਦੇ ਤਤਕਾਲੀ ਪੁਲਿਸ ਕਮਿਸ਼ਨਰ ਕੇਕੇ ਰਾਵ ਨੇ ਵਾਰਦਾਤ ਤੋਂ ਕੁਝ ਹੀ ਦੇਰ ਬਾਅਦ ਐੱਸਆਈਟੀ ਦਾ ਗਠਨ ਕਰ ਦਿੱਤਾ ਸੀ। ਅਗਲੇ ਦਿਨ ਇਸ ਨੂੰ ਮੁੜ ਗਠਿਤ ਕੀਤਾ ਗਿਆ ਸੀ।

ਇਹ ਵੀ ਜਾਣੋ

ਮੌਤ ਤੋਂ ਪਹਿਲਾਂ ਜਸਟਿਕ ਕ੍ਰਿਸ਼ਨਕਾਂਤ ਨੂੰ ਉਸ ਦੀ ਪਤਨੀ ਰਿਤੂ ਨੇ ਦੱਸਿਆ ਸੀ ਕਿ ਉਹ ਪੇਂਟਿੰਗ ਦਾ ਫਰੇਮ ਚੜ੍ਹਵਾਉਣ ਲਈ ਪਹੁੰਚੇ ਸਨ। ਕੁਝ ਹੀ ਦੇਰ 'ਚ ਫਰੇਮ ਚੜ੍ਹਾ ਕੇ ਉਹ ਪਹੁੰਚੇ। ਕਾਰ 'ਚ ਰੱਖਣ ਦੌਰਾਨ ਪੇਂਟਿੰਗ ਨੁਕਸਾਨੀ ਗਈ। ਇਸ 'ਤੇ ਧਰੁਵ ਨੇ ਮਹੀਪਾਲ ਤੋਂ ਚਾਬੀ ਮੰਗੀ। ਇੰਨੀ ਗੱਲ 'ਤੇ ਉਹ ਤੈਸ਼ 'ਚ ਆ ਗਿਆ ਅਤੇ ਗੋਲੀਆਂ ਚਲਾ ਦਿੱਤੀਆਂ।

Posted By: Jagjit Singh