ਨਵੀਂ ਦਿੱਲੀ, ਏਜੰਸੀਆਂ : ਕੇਂਦਰ 'ਚ ਸੱਤਾਧਾਰੀ ਭਾਜਪਾ ਨੂੰ ਸੋਮਵਾਰ ਨੂੰ ਨਵਾਂ ਕੌਮੀ ਪ੍ਰਧਾਨ ਮਿਲ ਸਕਦਾ ਹੈ। ਸੰਭਾਵਨਾ ਹੈ ਕਿ ਪਾਰਟੀ ਦੇ ਕਾਰਜਕਾਰੀ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਮੌਜੂਦਾ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਜਗ੍ਹਾ ਬਿਨਾਂ ਵਿਰੋਧ ਚੁਣੇ ਜਾ ਸਕਦੇ ਹਨ।

ਨੱਡਾ ਦੇ ਨਾਮਜ਼ਦਗੀ ਦੌਰਾਨ ਪਾਰਟੀ ਦੇ ਸੀਨੀਅਰ ਨੇਤਾ, ਕਈ ਕੇਂਦਰੀ ਮੰਤਰੀ ਅਤੇ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਪਾਰਟੀ ਸਕੱਤਰੇਤ 'ਤੇ ਮੌਜੂਦ ਰਹਿਣਗੇ। ਮੰਨਿਆ ਜਾਂਦਾ ਹੈ ਕਿ ਪਾਰਟੀ ਪ੍ਰਧਾਨ ਅਹੁਦੇ ਲਈ ਨੱਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਸੰਦ ਹਨ।

ਸੰਗਠਨ ਦਾ ਲੰਮਾ ਤਜ਼ਰਬਾ, ਵਿਦਿਆਰਥੀ ਰਾਜਨੀਤੀ ਤੋਂ ਸਿਆਸੀ ਜੀਵਨ ਦੀ ਸ਼ੁਰੂਆਤ, ਰਾਸ਼ਟਰੀ ਸਵੈਸੇਵਕ ਸੰਘ ਦੀ ਹਮਾਇਤ ਅਤੇ ਸਾਫ਼ ਅਕਸ ਭਾਜਪਾ ਪ੍ਰਧਾਨ ਅਹੁਦੇ ਲਈ ਨੱਡਾ ਦੀ ਦਾਅਵੇਦਾਰੀ ਨੂੰ ਮਜ਼ਬੂਤ ਕਰਦੇ ਹਨ।

ਸੋਮਵਾਰ ਨੂੰ ਹੋਵੇਗੀ ਨਾਮਜ਼ਦਗੀ ਕਾਗ਼ਜ਼ਾਂ ਦੀ ਜਾਂਚ

ਭਾਜਪਾ ਦੇ ਸੀਨੀਅਰ ਨੇਤਾ ਅਤੇ ਸੰਗਠਨਾਤਮਕ ਚੋਣ ਇੰਚਾਰਜ ਰਾਧਾ ਮੋਹਨ ਸਿੰਘ ਨੇ ਦੱਸਿਆ ਕਿ ਪਾਰਟੀ ਦੇ ਕੌਮੀ ਪ੍ਰਧਾਨ ਅਹੁਦੇ ਲਈ ਸੋਮਵਾਰ ਨੂੰ ਨਾਮਜ਼ਦਗੀ ਕਾਗਜ਼ ਦਾਖਲ ਹੋਣਗੇ। ਜ਼ਰੂਰੀ ਹੋਇਆ ਤਾਂ ਮੰਗਲਵਾਰ ਨੂੰ ਚੋਣ ਕਰਵਾਈ ਜਾਵੇਗੀ। ਤੈਅ ਪ੍ਰੋਗਰਾਮ ਅਨੁਸਾਰ, ਸਵੇਰੇ 10-12:30 ਵਜੇ ਤਕ ਨਾਮਜ਼ਦਗੀਆਂ ਕੀਤੀਆਂ ਜਾਣਗੀਆਂ। ਸੋਮਵਾਰ ਨੂੰ ਹੀ ਨਾਮਜ਼ਦਗੀ ਕਾਗਜ਼ਾਂ ਦੀ ਜਾਂਚ ਹੋਵੇਗੀ। ਸੂਤਰ ਦੱਸਦੇ ਹਲ ਕਿ ਸ਼ਾਮ ਤਿੰਨ ਵਜੇ ਨੱਡਾ ਨੂੰ ਪਾਰਟੀ ਪ੍ਰਧਾਨ ਚੋਣੇ ਜਾਣ ਦਾ ਰਸਮੀ ਐਲਾਨ ਕੀਤਾ ਜਾਵੇਗਾ।

Posted By: Jagjit Singh