ਸਟੇਟ ਬਿਊਰੋ, ਜੰਮੂ : ਜੰਮੂ ਜ਼ਿਲ੍ਹੇ 'ਚ ਅਰਨੀਆ ਖੇਤਰ 'ਚ ਕੌਮਾਂਤਰੀ ਸਰਹੱਦ 'ਚ ਵੜੇ ਪਾਕਿਸਤਾਨ ਦੇ ਡ੍ਰੋਨ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਗੋਲ਼ੀਬਾਰੀ ਕਰ ਕੇ ਭਜਾ ਦਿੱਤਾ। ਭਾਰਤੀ ਖੇਤਰ 'ਚ ਜਾਸੂਸੀ ਅਤੇ ਹਥਿਆਰ ਡੇਗਣ ਦੇ ਇਰਾਦੇ ਨਾਲ ਪਾਕਿਸਤਾਨ ਪਿਛਲੇ ਅੱਠ ਦਿਨਾਂ 'ਚ ਤਿੰਨ ਵਾਰ ਡ੍ਰੋਨ ਦੀ ਘੁਸਪੈਠ ਕਰਵਾ ਚੁੱਕਾ ਹੈ। ਡ੍ਰੋਨ ਦੀ ਘੁਸਪੈਠ ਦਾ ਨਵਾਂ ਮਾਮਲਾ ਸ਼ਨਿਚਰਵਾਰ ਨੂੰ ਦੇਰ ਰਾਤ ਦਾ ਹੈ। ਅਰਨੀਆ ਨੇੜੇ ਸਰਹੱਦ 'ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਡ੍ਰੋਨ ਨੂੰ ਦੇਖਿਆ, ਜਿਹੜਾ ਪਾਕਿਸਤਾਨ ਤੋਂ ਵੜਿਆ ਸੀ। ਇਸ ਤੋਂ ਤੁਰੰਤ ਬਾਅਦ ਜਵਾਨਾਂ ਨੇ ਡ੍ਰੋਨ 'ਤੇ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਡ੍ਰੋਨ ਪਾਕਿਸਤਾਨ ਪਰਤ ਗਿਆ। ਘਟਨਾ ਤੋਂ ਤੁਰੰਤ ਬਾਅਦ ਸਰਹੱਦ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਸਰਹੱਦ 'ਤੇ ਤਾਇਨਾਤ ਜਵਾਨਾਂ ਨੇ 20 ਨਵੰਬਰ ਨੂੰ ਸਾਂਬਾ ਸੈਕਟਰ 'ਚ ਵੀ ਦੋ ਵਾਰ ਪਾਕਿਸਤਾਨੀ ਡ੍ਰੋਨ ਨੂੰ ਸਰਹੱਦ ਨੇੜੇ ਉੱਡਦੇ ਦੇਖਿਆ ਸੀ।