ਸਟੇਟ ਬਿਊਰੋ, ਸ੍ਰੀਨਗਰ : ਦੱਖਣੀ ਕਸ਼ਮੀਰ ਦੇ ਅਵੰਤੀਪੋਰਾ 'ਚ ਪੁਲਿਸ ਨੇ ਬੁੱਧਵਾਰ 'ਚ ਪੁਲਿਸ ਨੇ ਬੁੱਧਵਾਰ ਨੂੰ ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀ ਜਹਾਂਗੀਰ ਅਹਿਮਦ ਪਰੇ ਨੂੰ ਫੜਿਆ ਹੈ। ਉਸਦੇ ਕੋਲੋਂ ਭਾਰੀ ਮਾਤਰਾ 'ਚ ਹਥਿਆਰ, ਗੋਲਾ-ਬਾਰੂਦ ਤੇ ਕੁਝ ਇਤਰਾਜ਼ਯੋਗ ਦਸਤਾਵੇਜ਼ ਵੀ ਮਿਲੇ ਹਨ। ਫਿਲਹਾਲ ਉਸ ਤੋਂ ਪੁੱਛਗਿੱਛ ਜਾਰੀ ਹੈ। ਉਹ ਪਿਛਲੇ ਐਤਵਾਰ ਨੂੰ ਮੁਕਾਬਲੇ 'ਚ ਬਚ ਨਿਕਲਿਆ ਸੀ।

ਜਹਾਂਗੀਰ ਅਹਿਮਦ ਹਿਜ਼ਬੁਲ ਕਮਾਂਡਰ ਹਮਾਦ ਸਮੇਤ ਉਨ੍ਹਾਂ ਚਾਰੋ ਅੱਤਵਾਦੀਆਂ 'ਚ ਸ਼ਾਮਲ ਸੀ, ਜਿਹੜੇ ਐਤਵਾਰ ਨੂੰ ਗੁਲਸ਼ਨਪੋਰਾ ਤਰਾਲ ਦੇ ਗੁੱਜਰਪਟੀ ਇਲਾਕੇ 'ਚ ਸੁਰੱਖਿਆ ਦਸਤਿਆਂ ਦੀ ਘੇਰਾਬੰਦੀ 'ਚ ਫੱਸ ਗਏ ਸਨ। ਇਸ ਮੁਕਾਬਲੇ 'ਚ ਹਮਾਦ ਸਮੇਤ ਤਿੰਨ ਅੱਤਵਾਦੀ ਮਾਰੇ ਗਏ ਸਨ, ਜਦਕਿ ਜਹਾਂਗੀਰ ਘੇਰਾਬੰਦੀ ਤੋੜ ਕੇ ਭੱਜ ਨਿਕਲਿਆ ਸੀ।

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਹਾਂਗੀਰ ਅਹਿਮਦ ਪਰੇ ਨੂੰ ਫੜਨ ਲਈ ਪੁਲਿਸ ਨੇ ਉਸਦੇ ਸਾਰੇ ਸੰਭਾਵਿਤ ਟਿਕਾਣਿਆਂ ਦੀ ਨਿਸ਼ਾਨਦੇਹੀ ਕਰਦੇ ਹੋਏ ਲਗਾਤਾਰ ਛਾਪੇਮਾਰੀ ਜਾਰੀ ਰੱਖੀ ਸੀ। ਉਸ ਨਾਲ ਜੁੜੇ ਕੁਝ ਲੋਕਾਂ ਦੀ ਵੀ ਨਿਗਰਾਨੀ ਕੀਤੀ ਜਾ ਰਹੀ ਸੀ। ਬੁੱਧਵਾਰ ਨੂੰ ਉਸਦੇ ਇਕ ਟਿਕਾਣੇ ਦਾ ਪਤਾ ਲੱਗਾ ਤੇ ਸੁਰੱਖਿਆ ਦਸਤਿਆਂ ਨੇ ਤੁਰੰਤ ਉੱਥੇ ਛਾਪਾ ਮਾਰ ਕੇ ਉਸਨੂੰ ਫੜ ਲਿਆ। ਉਸਦੀ ਨਿਸ਼ਾਨਦੇਹੀ 'ਤੇ ਹਥਿਆਰਾਂ ਦਾ ਇਕ ਵੱਡਾ ਜ਼ਖੀਰਾ ਤੇ ਕੁਝ ਇਤਰਾਜ਼ਯੋਗ ਦਸਤਾਵੇਜ਼ ਵੀ ਮਿਲੇ ਹਨ।

ਜਹਾਂਗੀਰ ਅਹਿਮਦ ਗੁਲਸ਼ਨਪੋਰਾ, ਸੀਰ, ਪਾਸੂਨਾ, ਵਾਗੜ, ਲਾਰੌ, ਲੁਰਗਾਮ, ਮੰਗਹਾਮਾ ਸਮੇਤ ਤ੍ਰਾਲ ਦੇ ਵੱਖ-ਵੱਖ ਇਲਾਕਿਆਂ 'ਚ ਸਰਗਰਮ ਸੀ। ਹਿਜ਼ਬੁਲ 'ਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਅੱਤਵਾਦੀਆਂ ਲਈ ਬਤੌਰ ਓਵਰਗਰਾਊਂਡ ਵਰਕਰ ਵੀ ਕੰਮ ਕਰਦਾ ਸੀ। ਸੂਬਾ ਪੁਲਿਸ ਦੇ ਡਾਇਰੈਕਟਰ ਜਨਰਲ ਦਿਲਵਾਗ਼ ਸਿੰਘ ਨੇ ਦੱਸਿਆ ਕਿ ਤ੍ਰਾਲ ਤੇ ਉਸ ਦੇ ਨਾਲ ਲੱਗਦੇ ਇਲਾਕਿਆਂ 'ਚ ਹੁਣ ਗਿਣੇ-ਚੁਣੇ ਹੀ ਪੁਰਾਣੇ ਅੱਤਵਾਦੀ ਰਹਿ ਗਏ ਹਨ। ਇਨ੍ਹਾਂ ਨੂੰ ਵੀ ਛੇਤੀ ਹੀ ਖ਼ਤਮ ਕਰ ਦਿੱਤਾ ਜਾਵੇਗਾ।