ਸਟਾਫ ਰਿਪੋਰਟਰ, ਨਵੀਂ ਦਿੱਲੀ : ਬਹੁਚਰਚਿਤ ਜੈਸਿਕਾ ਲਾਲ ਹੱਤਿਆ ਕਾਂਡ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਮਨੂੰ ਸ਼ਰਮਾ ਨੂੰ ਤਿਹਾੜ ਜੇਲ੍ਹ ਤੋਂ ਸੋਮਵਾਰ ਨੂੰ ਛੱਡ ਦਿੱਤਾ ਗਿਆ। ਪਿਛਲੇ ਦਿਨੀਂ ਹੋਈ ਸੈਂਟੈਂਸ ਰੀਵਿਊ ਬੋਰਡ ਦੀ ਬੈਠਕ ਤੋਂ ਬਾਅਦ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਮਨੂੰ ਸ਼ਰਮਾ ਦੀ ਰਿਹਾਈ 'ਤੇ ਆਖਰੀ ਮੋਹਰ ਲਾਈ ਸੀ। ਇਸ ਪ੍ਰਕਿਰਿਆ 'ਚ 18 ਹੋਰ ਕੈਦੀਆਂ ਨੂੰ ਵੀ ਛੱਡਣ ਦਾ ਆਦੇਸ਼ ਦਿੱਤਾ ਗਿਆ ਸੀ। ਉਹ ਦੋ ਦਹਾਕੇ ਬਾਅਦ ਜੇਲ੍ਹ ਤੋਂ ਰਿਹਾਅ ਹੋਇਆ ਹੈ। ਸੈਂਟੈਂਸ ਰੀਵਿਊ ਬੋਰਡ ਦੀ ਬੈਠਕ 'ਚ ਕੈਦੀਆਂ ਦੇ ਵਤੀਰੇ ਨੂੰ ਦੇਖਦਿਆਂ ਸਜ਼ਾ 'ਚ ਕਮੀ ਕੀਤੀ ਜਾਂਦੀ ਹੈ। ਇਸ 'ਚ ਉਨ੍ਹਾਂ ਕੈਦੀਆਂ ਦੀ ਸਜ਼ਾ 'ਚ ਛੋਟ 'ਤੇ ਵਿਚਾਰ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਚੰਗੇ ਸਲੂਕ ਨਾਲ ਜੇਲ੍ਹ 'ਚ 14 ਸਾਲ ਦਾ ਸਮਾਂ ਬਿਤਾਇਆ ਹੈ। ਇਸ ਤੋਂ ਪਹਿਲਾਂ ਮਨੂੰ ਦੀ ਸਜ਼ਾ ਮਾਫੀ ਨੂੰ ਲੈ ਕੈ ਸੈਂਟੈਂਸ ਰੀਵਿਊ ਬੋਰਡ 'ਚ ਪੰਜ ਵਾਰੀ ਅਰਜ਼ੀ ਲਾਈ ਗਈ ਸੀ, ਪਰ ਹਰ ਵਾਰੀ ਫੈਸਲਾ ਟਾਲ਼ ਦਿੱਤਾ ਜਾਂਦਾ ਸੀ। ਮਨੂੰ ਦੇ ਪਿਤਾ ਵਿਨੋਦ ਸ਼ਰਮਾ ਹਰਿਆਣਾ ਸਰਕਾਰ 'ਚ ਮੰਤਰੀ ਰਹਿ ਚੁੱਕੇ ਹਨ।

ਪਹਿਲਾਂ ਸੈਮੀ ਓਪਨ ਫਿਰ ਓਪਨ ਜੇਲ੍ਹ 'ਚ ਸੀ ਬੰਦ

ਜੇਲ੍ਹ 'ਚ ਚੰਗੇ ਵਤੀਰੇ ਨੂੰ ਆਧਾਰ ਬਣਾ ਕੇ ਮਨੂੰ ਨੂੰ ਪਹਿਲਾਂ ਸੈਮੀ ਓਪਨ ਜੇਲ੍ਹ 'ਚ ਰੱਖਿਆ ਗਿਆ। ਸੈਮੀ ਓਪਨ ਜੇਲ੍ਹ 'ਚ ਕੈਦੀਆਂ ਨੂੰ ਜੇਲ੍ਹ ਕੰਪਲੈਕਸ 'ਚ ਕਿਤੇ ਵੀ ਆਉਣ-ਜਾਣ ਦੀ ਆਜ਼ਾਦੀ ਰਹਿੰਦੀ ਹੈ। ਬਾਅਦ 'ਚ ਤਿਹਾੜ 'ਚ ਓਪਨ ਜੇਲ੍ਹ ਦੀ ਵਿਵਸਥਾ ਹੋਈ ਤਾਂ ਉਸ ਵਿਚ ਵੀ ਮਨੂੰ ਨੇ ਆਪਣੇ ਵਤੀਰੇ ਦੇ ਆਧਾਰ 'ਤੇ ਥਾਂ ਬਣਾ ਲਈ। ਓਪਨ ਜੇਲ੍ਹ 'ਚ ਰਹਿਣ ਵਾਲੇ ਕੈਦੀਆਂ ਨੂੰ ਤੈਅ ਸਮੇਂ ਲਈ ਜੇਲ੍ਹ ਕੰਪਲੈਕਸ ਤੋਂ ਬਾਹਰ ਜਾਣ ਦੀ ਆਜ਼ਾਦੀ ਦਿੱਤੀ ਜਾਂਦੀ ਹੈ। ਪਿਛਲੇ ਇਕ ਸਾਲ ਤੋਂ ਮਨੂੰ ਓਪਨ ਜੇਲ੍ਹ 'ਚ ਸੀ। ਉਸ ਨੇ ਕੈਦੀਆਂ ਵੱਲੋਂ ਕੱਢੀ ਜਾਣ ਵਾਲੀ ਮਹੀਨਾਵਾਰ ਮੈਗਜ਼ੀਨ ਦਾ ਸੰਪਾਦਨ ਵੀ ਕੀਤਾ ਸੀ।

ਅਜਿਹੇ ਦੋਸ਼ੀਆਂ ਨੂੰ ਨਹੀਂ ਮਿਲਦਾ ਲਾਭ

ਜਬਰ ਜਨਾਹ ਦੇ ਨਾਲ ਹੱਤਿਆ, ਡਕੈਤੀ ਦੌਰਾਨ ਹੱਤਿਆ, ਦਾਜ ਲਈ ਹੱਤਿਆ, 14 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਹੱਤਿਆ, ਜੇਲ੍ਹ 'ਚ ਹੋਈ ਹੱਤਿਆ, ਪੈਰੋਲ ਦੌਰਾਨ ਹੋਈ ਹੱਤਿਆ, ਸਮੱਗਲਿੰਗ ਦੌਰਾਨ ਹੋਈ ਹੱਤਿਆ, ਸਰਕਾਰੀ ਮੁਲਾਜ਼ਮ ਦੀ ਡਿਊਟੀ ਦੌਰਾਨ ਹੋਈ ਹੱਤਿਆ ਦੇ ਦੋਸ਼ੀ ਸੈਂਟੈਂਸ ਰੀਵਿਊ ਬੋਰਡ ਨੂੰ ਸਜ਼ਾ 'ਚ ਨਰਮੀ ਦੀ ਅਰਜ਼ੀ ਨਹੀਂ ਦੇ ਸਕਦੇ।