ਜੇਐੱਨਐੱਨ, ਜੰਮੂ : ਪਾਕਿਸਤਾਨੀ ਖ਼ੁਫ਼ੀਆ ਏਜੰਸੀ ਦੀ ਮਦਦ ਨਾਲ ਚੱਲ ਰਹੇ ਨਸ਼ੇ ਤੇ ਅੱਤਵਾਦ ਦੇ ਗਠਜੋੜ ਨੂੰ (ਨਾਰਕੋ ਟੈਰਰਿਜ਼ਮ) ਨੂੰ ਜੰਮੂ ਪੁਲਿਸ ਨੇ ਤਬਾਹ ਕਰ ਦਿੱਤਾ ਹੈ।

ਗਿਰੋਹ ਦੇ ਸਰਗਨਾ ਗੁਰਪ੍ਰਤਾਪ ਸਿੰਘ ਨੂੰ ਪੰਜਾਬ ਦੇ ਤਰਨਤਾਰਨ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਿਰੋਹ ਦੇ ਛੇ ਮੈਂਬਰ ਵੀ ਦਬੋਚੇ ਜਾ ਚੁੱਕੇ ਹਨ। ਇਹ ਸਾਰੇ ਮੈਂਬਰ ਆਈਐੱਸਆਈ ਦੇ ਆਪਣੇ ਹੈਂਡਲਰ ਦੇ ਸੰਪਰਕ 'ਚ ਸਨ ਤੇ ਇਹ ਸਾਰੇ ਹੈਂਡਲਰ ਸਿਆਲਕੋਟ, ਲਾਹੌਰ ਤੇ ਦੁਬਈ ਸਰਗਰਮ ਸਨ।

ਮੁੱਖ ਸਰਗਨਾ ਪੰਜਾਬ ਦੇ ਤਰਨਤਾਰਨ 'ਚ ਸਰਾਏ ਅਮਾਨਤ ਖ਼ਾਨ 'ਚ ਲੁਕਿਆ ਹੋਇਆ ਸੀ। ਉਸ 'ਤੇ ਪੰਜਾਬ ਦੇ ਵੱਖ-ਵੱਖ ਪੁਲਿਸ ਥਾਣਿਆਂ 'ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦਸ ਮਾਮਲੇ ਦਰਜ ਹਨ। ਪੁਲਿਸ ਨੇ ਉਸ ਦਾ ਮੋਬਾਈਲ ਵੀ ਜ਼ਬਤ ਕਰ ਲਿਆ ਹੈ। ਉਸ ਮੁਤਾਬਕ ਫੋਨ ਰਾਹੀਂ ਮਾਡਿਊਲ ਬਾਰੇ ਅਹਿਮ ਜਾਣਕਾਰੀਆਂ ਮਿਲਣ ਦੀ ਉਮੀਦ ਹੈ।

ਫੋਨ ਨੰਬਰ ਨੇ ਖੋਲਿ੍ਹਆ ਕੱਚਾ-ਚਿੱਠਾ : ਅਸਲ 'ਚ 20 ਸਤੰਬਰ ਨੂੰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੇ ਡਰੋਨ ਦੀ ਮਦਦ ਨਾਲ ਜੰਮੂ ਦੇ ਅਰਨੀਆ ਸੈਕਟਰ 'ਚ ਹਥਿਆਰ ਤੇ 60 ਕਿਲੋ ਹੈਰੋਈਨ ਸੁੱਟੀ ਸੀ, ਪਰ ਚੌਕਸ ਬੀਐੱਸਐੱਫ ਦੇ ਜਵਾਨਾਂ ਨੇ ਇਸ ਖੇਪ ਨੂੰ ਬਰਾਮਦ ਕਰ ਲਿਆ। ਜਾਂਚ ਦੌਰਾਨ ਨਸ਼ੀਲੇ ਪਦਾਰਥ ਤੇ ਹਥਿਆਰ ਦੀ ਖੇਪ ਦੇ ਨਾਲ-ਨਾਲ ਇਕ ਪੇਜ 'ਤੇ ਫੋਨ ਨੰਬਰ ਵੀ ਲਿਖਿਆ ਸੀ। ਇਸ ਫੋਨ ਨੇ ਪੂਰਾ ਕੱਚਾ-ਚਿੱਠਾ ਖੋਲ੍ਹ ਦਿੱਤਾ।