ਨਵੀਨ ਨਵਾਜ਼, ਜੰਮੂ : ਸਿਰ 'ਤੇ ਭਗਵੇ ਰੰਗ ਦੀ ਡੋਗਰੀ ਪਗੜੀ ਤੇ ਨਿਸ਼ਾਨੇ 'ਤੇ ਕਾਂਗਰਸੀ ਲੀਡਰਸ਼ਿਪ। ਜੰਮੂ 'ਚ ਗਾਂਧੀ ਦੀ ਵਿਚਾਰਧਾਰਾ ਦੇ ਪ੍ਰਸਾਰ ਦੇ ਨਾਂ 'ਤੇ ਹੋਇਆ ਸ਼ਾਂਤੀ ਸੰਮੇਲਨ ਕਾਂਗਰਸ ਦੀ ਸਿਆਸੀ ਖਿੱਚੋਤਾਣ ਦਾ ਖੁੱਲ੍ਹਾ ਅਖਾੜਾ ਬਣਿਆ ਦਿਸਿਆ। ਇਸ ਦੌਰਾਨ ਗ਼ੁਲਾਮ ਨਬੀ ਆਜ਼ਾਦ ਨਾਲ ਦੇਸ਼ ਭਰ ਤੋਂ ਆਏ ਕਾਂਗਰਸੀ ਦਿੱਗਜ ਕਾਂਗਰਸ ਨੂੰ ਬਚਾਉਣ ਲਈ ਆਪਣੀ ਹੀ ਪਾਰਟੀ ਹਾਈਕਮਾਨ ਨਾਲ ਲੜਾਈ ਛੇੜਨ ਨੂੰ ਉਤਸੁਕ ਦਿਸੇ। ਭਾਵੇਂ ਕਿਸੇ ਵੱਡੇ ਆਗੂ ਦਾ ਨਾਂ ਮੰਚ ਤੋਂ ਨਹੀਂ ਲਿਆ ਗਿਆ ਪਰ ਦਿੱਗਜ ਪਾਰਟੀ ਦੀ ਹਾਲਤ ਲਈ ਪ੍ਰਮੁੱਖ ਲੀਡਰਸ਼ਿਪ 'ਤੇ ਸਵਾਲ ਚੁੱਕਣ ਤੋਂ ਨਹੀਂ ਖੁੰਝੇ। ਸਾਫ਼ ਹੈ ਕਿ ਕਾਂਗਰਸ 'ਚ ਹੁਣ ਗਾਂਧੀ ਪਰਿਵਾਰ ਤੇ ਉਨ੍ਹਾਂ ਦੀ ਚੌਕੜੀ ਤੋਂ ਆਜ਼ਾਦੀ ਦਾ ਬਿਗਲ ਵੱਜ ਚੁੱਕਾ ਹੈ।

ਸ਼ਨਿਚਰਵਾਰ ਨੂੰ ਇੱਥੇ ਗਾਂਧੀ ਗਲੋਬਲ ਫੈਮਿਲੀ ਵੱਲੋਂ ਕਰਵਾਏ ਸ਼ਾਂਤੀ ਸੰਮੇਲਨ 'ਚ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗ਼ੁਲਾਮ ਨਬੀ ਆਜ਼ਾਦ ਦੀ ਅਗਵਾਈ 'ਚ ਇਕੱਠੇ ਹੋਏ ਕਾਂਗਰਸ ਦੇ ਪ੍ਰਮੁੱਖ ਆਗੂਆਂ ਨੇ ਸਾਫ਼ ਕਰ ਦਿੱਤਾ ਕਿ ਪਿਛਲੇ ਸਾਲ ਅਗਸਤ 'ਚ ਉਨ੍ਹਾਂ ਨੇ ਜਿਸ ਬਦਲਾਅ ਦੀ ਆਵਾਜ਼ ਚੁੱਕੀ ਸੀ, ਉਸ ਨੂੰ ਲਿਆਏ ਬਿਨਾਂ ਉਹ ਚੈਨ ਨਾਲ ਨਹੀਂ ਬੈਠਣ ਵਾਲੇ। ਉਨ੍ਹਾਂ ਕਿਹਾ ਕਿ ਜੀ-23 ਕਹਿਣ ਵਾਲੇ ਸਮਝ ਲੈਣ, ਇਹ ਗਾਂਧੀ-23 ਹੈ, ਇਹ ਗਾਂਧੀ ਦੀ ਕਾਂਗਰਸ ਹੈ, ਇਹੀ ਅਸਲੀ ਕਾਂਗਰਸ ਹੈ। ਖ਼ਾਸ ਤੌਰ 'ਤੇ ਇਹ ਦੱਸ ਕੇ ਇਨ੍ਹਾਂ ਆਗੂਆਂ ਨੇ ਕਸ਼ਮੀਰ ਤੇ ਹੋਰ ਮਸਲਿਆਂ 'ਤੇ ਸਰਕਾਰ ਨੂੰ ਕੋਸਿਆ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਵਾਰੀ ਵੀ ਨਾਂ ਨਹੀਂ ਲਿਆ।

ਇਸੇ ਦੇ ਨਾਲ ਇਨ੍ਹਾਂ ਆਗੂਆਂ ਨੇ ਕਿਹਾ ਕਿ ਅੱਜ ਜਿਸ ਮੁਸ਼ਕਲ ਦੌਰ ਤੋਂ ਕਾਂਗਰਸ ਤੇ ਇਹ ਮੁਲਕ ਲੰਘ ਰਿਹਾ ਹੈ, ਉਸ ਵਿਚ ਸਾਨੂੰ ਗ਼ੁਲਾਮ ਨਬੀ ਆਜ਼ਾਦ ਦੀ ਸਭ ਤੋਂ ਜ਼ਿਆਦਾ ਲੋੜ ਹੈ। ਦੱਸਣਯੋਗ ਹੈ ਕਿ ਰਾਜ ਸਭਾ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਗ਼ੁਲਾਮ ਨਬੀ ਆਜ਼ਾਦ ਪਹਿਲੀ ਵਾਰੀ ਸ਼ੁੱਕਰਵਾਰ ਨੂੰ ਜੰਮੂ ਪੁੱਜੇ। ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਕਪਿਲ ਸਿੱਬਲ, ਆਨੰਦ ਸ਼ਰਮਾ, ਮਨੀਸ਼ ਤਿਵਾੜੀ, ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਰਾਜ ਬੱਬਰ ਤੇ ਰਾਜ ਸਭਾ ਮੈਂਬਰ ਵਿਵੇਕ ਤਨਖਾ ਵੀ ਆਏ ਸਨ। ਗ਼ੁਲਾਮ ਨਬੀ ਆਜ਼ਾਦ ਗਾਂਧੀ ਗਲੋਬਲ ਫੈਮਿਲੀ ਦੇ ਅੰਤਰਰਾਸ਼ਟਰੀ ਪ੍ਰਧਾਨ ਹਨ। ਅਲਬੱਤਾ, ਗਾਂਧੀ ਗਲੋਬਲ ਫੈਮਿਲੀ ਦਾ ਸ਼ਾਂਤੀ ਸੰਮੇਲਨ ਸਿਰਫ਼ ਕਾਂਗਰਸ ਦੇ ਇਨ੍ਹਾਂ ਆਗੂਆਂ ਨੂੰ ਸਨਮਾਨਿਤ ਕਰਨ ਤਕ ਸੀਮਤ ਨਹੀਂ ਰਿਹਾ। ਸੰਮੇਲਨ ਇਕ ਤਰ੍ਹਾਂ ਨਾਲ ਗ਼ੁਲਾਮ ਨਬੀ ਆਜ਼ਾਦ ਲਈ ਸ਼ਕਤੀ ਪ੍ਰਦਰਸ਼ਨ ਤੇ ਕਾਂਗਰਸ ਲੀਡਰਸ਼ਿਪ ਖ਼ਿਲਾਫ਼ ਬਿਗਲ ਵਜਾਉਣ ਦਾ ਮੌਕਾ ਬਣ ਗਿਆ।

ਮੈਂ ਰਾਜ ਸਭਾ ਤੋਂ ਰਿਟਾਇਰ ਹੋਇਆ ਹਾਂ, ਸਿਆਸਤ ਤੋਂ ਨਹੀਂ: ਆਜ਼ਾਦ

ਗ਼ੁਲਾਮ ਨਬੀ ਆਜ਼ਾਦ ਨੇ ਆਪਣੀ ਸਿਆਸੀ ਸਫ਼ਰ ਤੇ ਵਿਚਾਰਧਾਰਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਂ ਗਾਂਧੀ ਦੀ ਵਿਚਾਰਧਾਰਾ ਤੋਂ ਸਿਆਸਤ ਸ਼ੁਰੂ ਕੀਤੀ ਸੀ। ਸਾਡੀ ਜ਼ਿੰਦਗੀ ਵੀ ਇਸੇ ਵਿਚਾਰਧਾਰਾ ਦੇ ਨਾਲ ਖ਼ਤਮ ਹੋਵੇਗੀ। ਉਨ੍ਹਾਂ ਕਿਹਾ ਕਿ ਸਿਆਸਤ 'ਚ ਕਦੇ ਲੜਾਈ ਖ਼ਤਮ ਨਹੀਂ ਹੁੰਦੀ, ਕਦੇ ਇਹ ਬੇਰੁਜ਼ਗਾਰੀ ਦੇ ਖਿਲਾਫ਼ ਹੁੰਦੀ ਹੈ ਤਾਂ ਕਦੇ ਅਨਪੜ੍ਹਤਾ ਤੇ ਗ਼ਰੀਬੀ ਖ਼ਿਲਾਫ਼ ਤਾਂ ਕਦੇ ਨਿਜ਼ਾਮ ਬਦਲਣ ਲਈ। ਉਨ੍ਹਾਂ ਕਿਹਾ ਕਿ ਮੈਂ ਸਿਆਸਤ ਤੋਂ ਰਿਟਾਇਰ ਨਹੀਂ ਹੋਇਆ। ਮੈਂ ਸੰਸਦ ਤੋਂ ਕਈ ਵਾਰੀ ਇਸ ਤਰ੍ਹਾਂ ਰਿਟਾਇਰ ਹੋਇਆ ਹਾਂ। ਮੈਂ ਉਹ ਸੂਰਜ ਹਾਂ,ਜਿਹੜਾ ਇਸ ਪਾਸੇ ਡੁੱਬਦਾ ਹਾਂ ਤਾਂ ਉਸ ਪਾਸੇ ਮੁੜ ਨਿਕਲ ਆਉਂਦਾ ਹਾਂ। ਅਸੀਂ ਕਾਂਗਰਸ ਨੂੰ ਮਜ਼ਬੂਤ ਕਰਾਂਗੇ।

ਉਨ੍ਹਾਂ ਜੰਮੂ ਕਸ਼ਮੀਰ ਦੇ ਹਾਲਾਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਸੀਂ ਇੱਥੇ ਕਈ ਚੀਜ਼ਾਂ ਖ਼ਿਲਾਫ਼ ਲੜਨਾ ਹੈ। ਸਾਡਾ ਸੂਬਾ ਇਕ ਸਰਹੱਦੀ ਸੂਬਾ ਹੈ ਜਿਸ ਦੀਆਂ ਪਾਕਿਸਤਾਨ ਤੇ ਚੀਨ ਨਾਲ ਸਰਹੱਦਾਂ ਲੱਗਦੀਆਂ ਹਨ। ਇੱਥੇ ਤਣਾਅ ਜਾਰੀ ਹੈ। ਅਸੀਂ ਉਦੋਂ ਇਨ੍ਹਾਂ ਸਾਰਿਆਂ ਦਾ ਮੁਕਾਬਲਾ ਕਰ ਸਕਾਂਗੇ, ਜਦੋਂ ਅਸੀਂ ਸਾਰੇ ਲੋਕ ਇੱਥੇ ਆਪਸ 'ਚ ਪਿਆਰ ਤੇ ਮੁਹੱਬਤ ਨਾਲ ਰਹਾਂਗੇ। ਉਨ੍ਹਾਂ ਦੇਸ਼ ਦੀ ਏਕਤਾ ਅਖੰਡਤਾ ਲਈ ਸੁਰੱਖਿਆ ਦਸਤਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਡੇਢ ਸਾਲ ਤੋਂ ਇੱਥੇ ਹਾਲਾਤ ਠੀਕ ਨਹੀਂ ਹਨ। ਸੂਬੇ ਦੇ ਟੁਕੜੇ ਹੋ ਗਏ ਹਨ, ਸਾਡੀ ਪਛਾਣ ਚਲੀ ਗਈ ਹੈ। ਇੱਥੇ ਛੇਤੀ ਵਿਧਾਨ ਸਭਾ ਬਹਾਲ ਹੋਣੀ ਚਾਹੀਦੀ ਹੈ। ਇੱਥੋਂ ਦੇ ਲੋਕਾਂ ਨੇ ਅੱਤਵਾਦ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਸਿਲਾ ਇਹ ਮਿਲਿਆ ਕਿ ਸੂਬੇ ਦਾ ਦਰਜਾ ਹੀ ਚਲਾ ਗਿਆ।

Posted By: Seema Anand