ਜੇਐੱਨਐੱਨ, ਸ੍ਰੀਨਗਰ : ਦੂਜੇ ਸੂਬੇ ਵਿਚ ਵਿਆਹੀਆਂ ਗਈਆਂ ਜੰਮੂ-ਕਸ਼ਮੀਰ ਦੀਆਂ ਬੇਟੀਆਂ ਦੇ ਪਤੀਆਂ ਨੂੰ ਵੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਆਖ਼ਰਕਾਰ ਇਸ ਕੇਂਦਰ ਸ਼ਾਸਿਤ ਸੂਬੇ ਦੀ ਸਥਾਨਕ ਨਾਗਰਿਕਤਾ (ਡੋਮੀਸਾਈਲ) ਦਾ ਹੱਕ ਮਿਲ ਗਿਆ ਹੈ। ਹੁਣ ਉਹ ਆਪਣੀ ਯੋਗਤਾ ਦੇ ਮੁਤਾਬਕ ਜੰਮੂ-ਕਸ਼ਮੀਰ ਵਿਚ ਸਰਕਾਰੀ ਨੌਕਰੀ ਵੀ ਪ੍ਰਾਪਤ ਕਰ ਸਕਣਗੇ। ਉਪ-ਰਾਜਪਾਲ ਮਨੋਜ ਸਿਨ੍ਹਾ ਨੇ ਭਾਰਤੀ ਸੰਵਿਧਾਨ ਦੀ ਧਾਰਾ 309 ਅਤੇ ਜੰਮੂ-ਕਸ਼ਮੀਰ ਸਿਵਿਲ ਸਰਵਿਸਿਜ਼ (ਡੀਸੈਂਟਰਲਲਾਈਜ਼ੇਸ਼ਨ ਐਂਡ ਰਿਕਰੂਟਮੈਂਟ) ਐਕਟ 2010 ਦੇ ਤਹਿਤ ਜੰਮੂ-ਕਸ਼ਮੀਰ ਡੋਮੀਸਾਈਲ ਪ੍ਰਮਾਣ ਪੱਤਰ (ਪ੍ਰਕਿਰਿਆ) ਨਿਯਮਾਂ ਵਿਚ ਇਕ ਮਦ ਹੋਰ ਜੋਡ਼ੀ ਹੈ। ਇਹ ਮਦ ਇਸ ਗੱਲ ਨੂੰ ਯਕੀਨੀ ਬਣਾਉਂਦੀ ਹੈ ਕਿ ਜੰਮੂ-ਕਸ਼ਮੀਰ ਦੇ ਡੋਮੀਸਾਈਲ ਨਾਲ ਵਿਆਹ ਕਰਨ ਵਾਲਾ ਕੋਈ ਵੀ ਨਾਗਰਿਕ ਜੰਮੂ-ਕਸ਼ਮੀਰ ਦਾ ਡੋਮੀਸਾਈਲ ਪ੍ਰਮਾਣ ਪੱਤਰ ਪ੍ਰਾਪਤ ਕਰ ਸਕਦਾ ਹੈ। ਜੰਮੂ-ਕਸ਼ਮੀਰ ਦੇ ਆਮ ਪ੍ਰਸ਼ਾਸਨ ਵਿਭਾਗ ਨੇ ਇਸ ਸੰਦਰਭ ਵਿਚ ਜ਼ਰੂਰੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਇਸ ਤਬਦੀਲੀ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਡੋਮੀਸਾਈਲ ਪ੍ਰਾਪਤ ਕਰਨ ਦੀਆਂ ਮਦਾਂ ਹੁਣ ਛੇ ਤੋਂ ਵੱਧ ਕੇ ਸੱਤ ਹੋ ਗਈਆਂ ਹਨ। ਸੱਤਵੀਂ ਮਦ ਦੇ ਮੁਤਾਬਕ, ਜੇਕਰ ਜੰਮੂ-ਕਸ਼ਮੀਰ ਦੇ ਡੋਮੀਸਾਈਲ ਧਾਰਕ ਲਡ਼ਕੇ ਜਾਂ ਲਡ਼ਕੀ ਨੇ ਸੂਬੇ ਤੋਂ ਬਾਹਰ ਕਿਸੇ ਹੋਰ ਰਾਜ ਦੇ ਲਡ਼ਕੇ ਜਾਂ ਲਡ਼ਕੀ ਨਾਲ ਵਿਆਹ ਕੀਤਾ ਹੈ ਜਾਂ ਕਿਸੇ ਗ਼ੈਰ ਡੋਮੀਸਾਈਲ ਨਾਲ ਵਿਆਹ ਕੀਤਾ ਹੈ ਤਾਂ ਉਹ ਵੀ ਜੰਮੂ-ਕਸ਼ਮੀਰ ਦਾ ਡੋਮੀਸਾਈਲ ਪ੍ਰਾਪਤ ਕਰਨ ਦਾ ਹੱਕਦਾਰ ਹੋਵੇਗਾ। ਇਸ ਦੇ ਲਈ ਉਸਨੂੰ ਆਪਣੇ ਵਿਆਹ ਦਾ ਪ੍ਰਮਾਣ ਪੱਤਰ ਅਤੇ ਜੀਵਨ ਸਾਥੀ (ਪਤੀ ਜਾਂ ਪਤਨੀ) ਦਾ ਡੋਮੀਸਾਈਲ ਪ੍ਰਮਾਣ ਪੱਤਰ ਸਬੰਧਤ ਤਹਿਸੀਲਦਾਰ ਦੇ ਸਾਹਮਣੇ ਪੇਸ਼ ਕਰਨਾ ਹੋਵੇਗਾ। ਤਹਿਸੀਲਦਾਰ ਜੇਕਰ ਡੋਮੀਸਾਈਲ ਜਾਰੀ ਨਹੀਂ ਕਰਦਾ ਤਾਂ ਉਸ ਦੇ ਖ਼ਿਲਾਫ਼ ਬਿਨੈਕਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਸਾਹਮਣੇ ਅਪੀਲ ਕਰ ਸਕਦਾ ਹੈ।

ਡੋਮੀਸਾਈਲ ਪ੍ਰਕਿਰਿਆ ’ਚ ਹੋਇਆ ਲੋਡ਼ੀਂਦਾ ਸੁਧਾਰ

ਕੇਂਦਰ ਸਰਕਾਰ ਵੱਲੋਂ ਪੰਜ ਅਗਸਤ 2019 ਨੂੰ ਜੰਮੂ-ਕਸ਼ਮੀਰ ਪੁਨਰਗਠਨ ਐਕਟ ਲਾਗੂ ਕੀਤੇ ਜਾਣ ਦੇ ਨਾਲ ਹੀ ਜੰਮੂ-ਕਸ਼ਮੀਰ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਤੇ ਲੱਦਾਖ ਬਣਾ ਦਿੱਤਾ ਸੀ। ਧਾਰਾ 370 ਅਤੇ 35ਏ ਸਮਾਪਤ ਹੋ ਗਈਆਂ। ਸਾਰੇ ਨਾਗਰਿਕ ਬਰਾਬਰ ਹੋ ਗਏ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਲੋਕਾਂ ਵੱਲੋਂ ਆਪਣੀ ਪਛਾਣ ਤੇ ਰੁਜ਼ਗਾਰ ਦਾ ਮੁੱਦਾ ਚੁੱਕੇ ਜਾਣ ’ਤੇ ਕੇਂਦਰ ਸਰਕਾਰ ਨੇ ਡੋਮੀਸਾਈਲ ਪ੍ਰਮਾਣ ਪੱਤਰ ਦਾ ਪ੍ਰਸਤਾਵ ਕੀਤਾ। ਇਸ ਦੇ ਮੁਤਾਬਕ ਜੰਮੂ-ਕਸ਼ਮੀਰ ਵਿਚ 15 ਸਾਲ ਤਕ ਨਿਵਾਸ ਕਰਨ ਵਾਲਾ ਵਿਅਕਤੀ, ਜੰਮੂ-ਕਸ਼ਮੀਰ ਵਿਚ ਪੈਦਾ ਹੋਣ ਵਾਲਾ, ਪ੍ਰਦੇਸ਼ ਵਿਚ ਦਸਵੀਂ ਦੀ ਪਡ਼੍ਹਾਈ ਕਰਨ ਵਾਲਾ ਡੋਮੀਸਾਈਲ ਪ੍ਰਾਪਤ ਕਰਨ ਤੇ ਇਸ ਆਧਾਰ ’ਤੇ ਜੰਮੂ-ਕਸ਼ਮੀਰ ਸਰਕਾਰ ਦੇ ਅਧੀਨ ਵਿਭਾਗਾਂ ਵਿਚ ਨੌਕਰੀ ਲਈ ਬਿਨੈ ਕਰ ਸਕਦਾ ਹੈ। ਇਸ ਨਿਯਮ ਵਿਚ ਜੰਮੂ-ਕਸ਼ਮੀਰ ਦੀਆਂ ਡੋਮੀਸਾਈਲ ਲਡ਼ਕੀਆਂ ਨਾਲ ਵਿਆਹ ਕਰਨ ਵਾਲੇ ਹੋਰ ਰਾਜਾਂ ਦੇ ਲਡ਼ਕਿਆਂ ਜਾਂ ਏਦਾਂ ਕਿਹਾ ਜਾ ਸਕਦਾ ਹੈ ਕਿ ਗ਼ੈਰ ਡੋਮੀਸਾਈਲ ਲਡ਼ਕਿਆਂ ਦਾ ਜ਼ਿਕਰ ਨਹੀਂ ਸੀ। ਇਸ ਨਾਲ ਉਹੀ ਸਮੱਸਿਆ ਪੇਸ਼ ਆਉਣ ਲੱਗੀ ਸੀ ਜਿਹੜੀ ਧਾਰਾ 35ਏ ਦੇ ਕਾਰਨ ਸੀ। ਇਸ ਦਾ ਨੋਟਿਸ ਲੈਂਦੇ ਹੋਏ ਉਪ-ਰਾਜਪਾਲ ਨੇ ਡੋਮੀਸਾਈਲ ਪ੍ਰਕਿਰਿਆ ਵਿਚ ਲੋੜੀਂਦਾ ਸੁਧਾਰ ਕੀਤਾ ਹੈ।

ਬੇਟੀਆਂ ਦੇ ਅਧਿਕਾਰ ਸੁਰੱਖਿਅਤ : ਜਿਤੇਂਦਰ ਸਿੰਘ

ਪ੍ਰਧਾਨ ਮੰਤਰੀ ਦਫ਼ਤਰ ਵਿਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਤੋਂ ਵਿਆਹ ਕਰ ਕੇ ਬਾਹਰ ਜਾਣ ਵਾਲੀਆਂ ਬੇਟੀਆਂ ਤੇ ਹੋਰ ਪ੍ਰਦੇਸ਼ਾਂ ਤੋਂ ਜੰਮੂ-ਕਸ਼ਮੀਰ ਵਿਚ ਵਿਆਹ ਕਰ ਕੇ ਆਉਣ ਵਾਲੀਆਂ ਬੇਟੀਆਂ ਦੇ ਅਧਿਕਾਰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਜੰਮੂ-ਕਸ਼ਮੀਰ ਦਾ ਪੁਨਰ-ਗਠਨ ਹੋਣ ਤੋਂ ਬਾਅਦ ਹੀ ਇਹ ਫ਼ੈਸਲਾ ਕਰ ਲਿਆ ਗਿਆ ਸੀ। ਹੁਣ ਇਸ ਫ਼ੈਸਲੇ ਨੂੰ ਅਸਰਦਾਇਕ ਬਣਾ ਕੇ ਬੇਟੀਆਂ ਦੇ ਨਾਲ ਇਨਸਾਫ਼ ਕੀਤਾ ਜਾਵੇਗਾ।

Posted By: Tejinder Thind