ਜੰਮੂ: ਸੂਬੇ 'ਚ ਪਾਕਿਸਤਾਨ ਦੀ ਸ਼ਹਿ 'ਤੇ ਜਾਰੀ ਅੱਤਵਾਦ ਹੁਣ ਆਖ਼ਰੀ ਸਾਹ ਗਿਣ ਰਿਹਾ ਹੈ। ਕੇਂਦਰ ਸਰਕਾਰ ਨੇ ਅੱਤਵਾਦ ਨੂੰ ਜੜ੍ਹੋ ਖ਼ਤਮ ਕਰਨ ਲਈ ਨਿਰਣਾਇਕ ਹਮਲਾ ਕਰਨ ਦੀ ਤਿਆਰੀ ਕਰ ਲਈ ਹੈ। ਇਸ ਮੁਹਿੰਮ ਤਹਿਤ ਰਾਸ਼ਟਰੀ ਰਾਈਫਲਸ (ਆਰਆਰ) ਦੇ ਹੈਡਕੁਆਰਟਰ ਨੂੰ ਦਿੱਲੀ ਤੋਂ ਉਧਮਪੁਰ ਸ਼ਿਫ਼ਟ ਕੀਤਾ ਜਾ ਰਿਹਾ ਹੈ।

ਭਰੋਸੇਯੋਗ ਸੂਰਤਾਂ ਅਨੁਸਾਰ ਜੰਮੂ-ਕਸ਼ਮੀਰ 'ਚ ਫ਼ੌਜ ਤੇ ਸੁਰੱਖਿਆ ਬਲਾਂ ਨੂੰ ਇਕ ਸਾਲ ਅੰਦਰ ਅੱਤਵਾਦ ਦੇ ਖ਼ਾਤਮੇ ਦਾ ਟੀਚਾ ਦਿੱਤਾ ਗਿਆ ਹੈ। ਸੂਬੇ 'ਚ ਅੱਤਵਾਦ ਤੇ ਘੁਸਪੈਠ ਪੂਰੀ ਤਰ੍ਹਾਂ ਖਦੇੜਨ ਲਈ ਫ਼ੌਜ ਅਧਿਕਾਰੀਆਂ ਦੀ ਗਿਣਤੀ 'ਚ 20 ਫ਼ੀਸਦੀ ਵਾਧਾ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਫ਼ੌਜ ਨੇ ਮਿਲਟਰੀ ਇੰਟੈਲੀਜੈਂਸ, ਆਪਰੇਸ਼ਨ ਤੇ ਇੰਫਾਰਮੇਸ਼ਨ ਵਾਰਫੇਅਰ ਲਈ ਵੀ ਡਿਪਟੀ ਚੀਫ਼ ਦਾ ਇਕ ਅਹੁਦਾ ਬਣਾਉਣ ਜਾ ਰਹੀ ਹੈ।

ਦੱਸਣਾ ਬਣਦਾ ਹੈ ਕਿ ਜੰਮੂ-ਕਸ਼ਮੀਰ 'ਚ ਅੱਤਵਾਦ ਨਾਲ ਲੜਨ ਦੇ ਨਾਲ ਘੁਸਪੈਠ ਨੂੰ ਨਾਕਾਮ ਬਣਾਉਣ ਲਈ ਫ਼ੌਜ ਦੀ ਉੱਤਰੀ ਕਮਾਨ ਦਾ ਹੈਡਕੁਆਰਟਰ ਉਧਮਪੁਰ 'ਚ ਹੈ। ਉਧਮਪੁਰ ਤੋਂ ਹੀ ਆਰਮੀ ਕਮਾਂਡਰ ਅੱਤਵਾਦ ਵਿਰੋਧੀ ਮੁਹਿੰਮਾਂ ਨੂੰ ਚਲਾਉਂਦੇ ਹਨ। ਅਜਿਹੇ 'ਚ ਹੁਣ ਰਾਸ਼ਟਰੀ ਰਾਈਫਲਸ ਦਾ ਹੈਡਕੁਆਰਟਰ ਉਧਮਪੁਰ ਤੋਂ ਕੰਮ ਕਰੇਗਾ। ਇਸ ਸਮੇਂ ਜੰਮੂ ਕਸ਼ਮੀਰ 'ਚ ਰਾਸ਼ਟਰੀ ਰਾਈਫਲਸ ਦੀ ਰੋਮੀਓ ਫੋਰਸ ਰਾਜ਼ੌਰੀ-ਪੁਣਛ, ਡੇਲਟਾ ਫੋਰਸ ਡੋਡਾ, ਕਿਲੋ ਫੋਰਸ ਕੁਪਵਾੜਾ ਤੇ ਵਿਕਟਰ ਫੋਰਸ ਕਸ਼ਮੀਰ 'ਚ ਅੱਤਵਾਦ ਦੇ ਖ਼ਾਤਮੇ 'ਚ ਲੱਗੀਆਂ ਹੋਈਆਂ ਹਨ। ਇਨ੍ਹਾਂ ਨੂੰ ਦਿੱਲੀ ਤੋਂ ਰਾਸ਼ਟਰੀ ਰਾਈਫਲਸ ਦੇ ਡਾਇਰੈਕਟਰ ਜਨਰਲ ਚਲਾਉਂਦੇ ਹਨ।

Posted By: Akash Deep