ਸ੍ਰੀਨਗਰ (ਪੀਟੀਆਈ) : ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ (ਏਪੀਐੱਸਸੀਸੀ) ਦੇ ਚੇਅਰਮੈਨ ਜਗਮੋਹਨ ਸਿੰਘ ਰੈਣਾ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਹੱਦਬੰਦੀ ਦੀ ਚੱਲ ਰਹੀ ਪ੍ਰਕਿਰਿਆ ਵਿਚ ਸ਼ਾਮਲ ਨਾ ਹੋਣ ਕਿਉਂਕਿ ਇਸ ਵਿਚ ਜੰਮੂ-ਕਸ਼ਮੀਰ ਦੇ ਸਿੱਖ ਭਾਈਚਾਰੇ ਲਈ ਕੋਈ ਰਾਖਵਾਂਕਰਨ ਨਹੀਂ ਹੈ।

ਰੈਣਾ ਨੇ ਕਿਹਾ ਕਿ ਹੱਦਬੰਦੀ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕਰਨ ਦਾ ਕੋਈ ਫ਼ਾਇਦਾ ਨਹੀਂ ਹੈ ਕਿਉਂਕਿ ਕੇਂਦਰ ਨੇ ਸਿੱਖਾਂ ਬਾਰੇ ਕੋਈ ਵੱਖਰਾ ਪ੍ਰਬੰਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੱਦਬੰਦੀ ਕਮਿਸ਼ਨ ਆਪਣੀ ਭਰੋਸੇਯੋਗਤਾ ਖੋਹ ਦੇਵੇਗਾ ਜੇਕਰ ਉਸ ਨੇ ਘੱਟ ਗਿਣਤੀਆਂ ਵੱਲ ਧਿਆਨ ਨਾ ਦਿੱਤਾ। ਰੈਣਾ ਨੇ ਕਿਹਾ ਕਿ ਮੈਂ ਸਿੱਖ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਉਹ ਵੱਖ-ਵੱਖ ਹਲਕਿਆਂ ਦੀ ਹੱਦਬੰਦੀ ਦੀ ਪ੍ਰਕਿਰਿਆ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਸਿੱਖ ਤਦ ਤਕ ਹੱਦਬੰਦੀ ਪ੍ਰਕਿਰਿਆ ਤੋਂ ਦੂਰ ਰਹਿਣ ਜਦ ਤਕ ਜੰਮੂ-ਕਸ਼ਮੀਰ ਅਸੈਂਬਲੀ 'ਚ ਘੱਟ ਗਿਣਤੀਆਂ ਲਈ ਕੋਈ ਸੀਟਾਂ ਰਾਖਵੀਆਂ ਨਹੀਂ ਰੱਖੀਆਂ ਜਾਂਦੀਆਂ।

ਰੈਣਾ ਨੇ ਕਿਹਾ ਕਿ ਕਸ਼ਮੀਰ ਅਤੇ ਜੰਮੂ ਖੇਤਰ ਵਿਚ ਬਹੁਤ ਸਾਰੇ ਅਜਿਹੇ ਇਲਾਕੇ ਹਨ ਜਿੱਥੇ ਵੱਡੀ ਗਿਣਤੀ ਵਿਚ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ ਜਿੱਥੋਂ ਉਹ ਚੋਣ ਲੜਨ ਦੇ ਸਮਰੱਥ ਵੀ ਹਨ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਕਾਫ਼ੀ ਸਮੇਂ ਤੋਂ ਜੰਮੂ-ਕਸ਼ਮੀਰ ਅਸੈਂਬਲੀ ਵਿਚ ਘੱਟ ਗਿਣਤੀਆਂ ਲਈ ਸੀਟਾਂ ਦਾ ਰਾਖਵਾਂਕਰਨ ਦੀ ਮੰਗ ਕਰ ਰਹੇ ਹਾਂ ਪ੍ਰੰਤੂ ਅਜੇ ਤਕ ਸਿਆਸੀ ਪਾਰਟੀਆਂ ਵੱਲੋਂ ਇਹ ਮੰਗ ਮੰਨੀ ਨਹੀਂ ਗਈ।

Posted By: Susheel Khanna